ਕਾਰਪੋਰੇਸ਼ਨ ਬਟਾਲਾ ਦੀ ਪਹਿਲੀ ਹਾਊਸ ਦੀ ਮੀਟਿੰਗ ’ਚ ਇਤਿਹਾਸਕ ਮਤੇ ਪਾਸ- ਵਿਧਾਇਕ ਸ਼ੈਰੀ ਕਲਸੀ
ਬਟਾਲਾ, 21 ਅਗਸਤ (ਸਤਿੰਦਰ ਸਿੰਘ)-ਅੱਜ ਕਾਰਪੋਰੇਸ਼ਨ ਬਟਾਲਾ ਹਾਊਸ ਦੀ ਪਹਿਲੀ ਮੀਟਿੰਗ ’ਚ ਬਟਾਲਾ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਇਤਿਹਾਸਕ ਮਤੇ ਪਾਸ ਕੀਤੇ ਗਏ। ਹਾਊਸ ਦੀ ਮੀਟਿੰਗ ’ਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕਾਰੋਪਰੇਸ਼ਨ ਦੇ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ, ਕਾਰਪੋਰੇਸ਼ਨ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਸੁਖਰਾਜ ਕੌਰ ਤੇ ਡਿਪਟੀ ਮੇਅਰ ਸ਼੍ਰੀਮਤੀ ਨੀਲਮ ਚੌਹਾਨ ਸਮੇਤ ਸਮੂਹ ਕੌਂਸਲਰ ਮੌਜੂਦ ਸਨ।
ਕ
ਕਾਰਪੋਰੇਸ਼ਨ ਬਟਾਲਾ ਹਾਊਸ ਦੀ ਪਹਿਲੀ ਮੀਟਿੰਗ ’ਚ ਮਤੇ ਪਾਸ ਕਰਨ ਉਪਰੰਤ ਸਾਥੀ ਕੌਂਸਲਰਾਂ ਤੇ ਹੋਰਨਾਂ ਨਾਲ ਵਿਧਾਇਕ ਸ਼ੈਰੀ ਕਲਸੀ। ਤਸਵੀਰ : ਜਤਿੰਦਰ ਕੱਦ
22-08-2026
ਬਟਾਲਾ, 21 ਅਗਸਤ (ਸਤਿੰਦਰ ਸਿੰਘ)-ਅੱਜ ਕਾਰਪੋਰੇਸ਼ਨ ਬਟਾਲਾ ਹਾਊਸ ਦੀ ਪਹਿਲੀ ਮੀਟਿੰਗ ’ਚ ਬਟਾਲਾ ਸ਼ਹਿਰ ਦੇ ਵਿਕਾਸ ਤੇ ਤਰੱਕੀ ਲਈ ਇਤਿਹਾਸਕ ਮਤੇ ਪਾਸ ਕੀਤੇ ਗਏ। ਹਾਊਸ ਦੀ ਮੀਟਿੰਗ ’ਚ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਕਾਰੋਪਰੇਸ਼ਨ ਦੇ ਕਮਿਸ਼ਨਰ ਗੁਰਸਿਮਰਨ ਸਿੰਘ ਢਿੱਲੋਂ, ਕਾਰਪੋਰੇਸ਼ਨ ਦੇ ਮੇਅਰ ਭੁਪਿੰਦਰ ਸਿੰਘ ਬਾਜਵਾ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਸੁਖਰਾਜ ਕੌਰ ਤੇ ਡਿਪਟੀ ਮੇਅਰ ਸ਼੍ਰੀਮਤੀ ਨੀਲਮ ਚੌਹਾਨ ਸਮੇਤ ਸਮੂਹ ਕੌਂਸਲਰ ਮੌਜੂਦ ਸਨ। ਹਾਊਸ ਦੀ ਮੀਟਿੰਗ ਦੌਰਾਨ ਵਿਧਾਇਕ ਸ਼ੈਰੀ ਕਲਸੀ, ਕਮਿਸ਼ਨਰ ਕਾਰਪੋਰੇਸ਼ਨ ਤੇ ਮੇਅਰ ਬਟਾਲਾ ਵਲੋਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਮੂਹ ਕੌਂਸਲਰਾਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਅੰਦਰ ਲੋਕਪੱਖੀ ਵਿਕਾਸ ਕਾਰਜ ਕਰਵਾਏ ਜਾਣਗੇ ਤੇ ਅਸੀਂ ਸਾਰੇ ਬਟਾਲਾ ਸ਼ਹਿਰ ਦੀ ਤਰੱਕੀ ਤੇ ਖੁਸ਼ਹਾਲੀ ਲਈ ਆਪਸੀ ਸਹਿਯੋਗ ਨਾਲ ਕੰਮ ਕਰਾਂਗੇ। ਹਾਊਸ ਮੀਟਿੰਗ ’ਚ ਵੱਖ-ਵੱਖ 27 ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੀ ਸਭ ਤੋਂ ਵੱਡੀ ਸਮੱਸਿਆ ਕੂੜੇ ਦੇ ਸੁੱਟਣ ਲਈ ਜਗ੍ਹਾ ਦਾ ਨਾ ਹੋਣਾ ਹੈ ਤੇ ਪਿਛਲੇ ਕਰੀਬ 7 ਦਹਾਕਿਆਂ ਤੋਂ ਬਟਾਲਾ ਵਾਸੀ ਇਸ ਸਮੱਸਿਆ ਨਾਲ ਜੂਝ ਰਹੇ ਹਨ, ਪਰ ਆਮ ਆਦਮੀ ਪਾਰਟੀ ਬਟਾਲਾ ਵਾਸੀਆਂ ਨੂੰ ਇਸ ਸਮੱਸਿਆਂ ਤੋਂ ਨਿਜਾਤ ਦਿਵਾਏਗੀ। ਉਨ੍ਹਾਂ ਦੱਸਿਆ ਕਿ ਅੱਜ ਹਾਊਸ ਦੀ ਮੀਟਿੰਗ ’ਚ ਖਜੂਰੀ ਗੇਟ ਨੇੜੇ ਮਲਹੋਤਰਾ ਪੈਟਰੋਲ ਪੰਪ ਕੋਲ ਸਥਿਤ ਨਗਰ ਨਿਗਮ ਬਟਾਲਾ ਦੀ ਮਲਕੀਅਤ ਵਾਲੀ ਜ਼ਮੀਨ ਸ਼ਹਿਰ ਦੀ ਪ੍ਰਮੁੱਖ ਜਗ੍ਹਾ ’ਤੇ ਸਥਿਤ ਹੈ। ਇਸ ਜ਼ਮੀਨ ਦੀ ਸੇਲ ਕਰਕੇ ਸ਼ਹਿਰ ਤੋਂ ਬਾਹਰ ਵੱਡੇ ਰਕਬੇ ਦੀ ਜ਼ਮੀਨ ਖਰੀਦੀ ਜਾਵੇਗੀ, ਜਿੱਥੇ ਸ਼ਹਿਰ ਦੇ ਕੂੜੇ ਦੀ ਸੈਗਰੀਕੇਸ਼ਨ (ਅਲੱਗ-ਅਲੱਗ ਛਾਂਟੀ) ਤੇ ਠੋਸ ਕੂੜਾ ਪ੍ਰਬੰਧਨ ਦਾ ਉਚਿਤ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਕਤ ਜ਼ਮੀਨ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੀ ਰਕਮ ਨਗਰ ਨਿਗਮ ਦੀ ਵਿੱਤੀ ਸਥਿਤੀ ਮਜ਼ਬੂਤ ਕਰਨ, ਬਕਾਇਆ ਦੇਣਦਾਰੀਆਂ ਦੇ ਨਿਪਟਾਰੇ ਤੇ ਸ਼ਹਿਰ ਦੇ ਵਿਕਾਸ ਤੇ ਲੋਕ ਹਿੱਤ ਦੇ ਹੋਰ ਕੰਮਾਂ ’ਤੇ ਖਰਚ ਕੀਤਾ ਜਾਵੇਗੀ। ਉਨ੍ਹਾਂ ਦੱਸਿਆ ਕਿ ਹਾਊਸ ਵਲੋਂ ਇਤਿਹਾਸਕ ਫੈਸਲਾ ਲੈਂਦਿਆਂ ਅੱਜ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ’ਚ ਕਰਨ ਦਾ ਮਤਾ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਿਖੇ 19 ਕਲਰਕ ਕਮ-ਡਾਟਾ ਐਂਟਰੀ ਓਪਰੇਟਰਾਂ, ਸੈਨੇਟਰੀ ਕਲਰਕ, ਸੇਵਾਦਾਰ, ਮਾਲੀ, ਇਲੈਕਟਰੀਸ਼ਨ ਕਰਮਚਾਰੀ ਤੇ ਫਾਇਰ ਬ੍ਰਿਗੇਡ ਵਿਚ ਕੰਮ ਕਰ ਰਹੇ ਆਊਟਸੋਰਸ ਕਰਮਚਾਰੀਆਂ ਨੂੰ ਕੰਟਰੈਕਟ ਵਿਚ ਕਰਨ ਤੇ ਆਊਟਸੋਰਸ ’ਤੇ ਕੰਮ ਕਰ ਰਹੇ ਟਾਟਾ ਏਸੀ ਡਰਾਇਵਰਾਂ ਨੂੰ ਡੀ.ਸੀ. ਰੇਟ ’ਤੇ ਕਰਨ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਤੇ ਇਸ ਤੋਂ ਇਲਾਵਾ ਤਰਸ ਦੇ ਆਧਾਰ ’ਤੇ ਸਫਾਈ ਸੇਵਕ ਦੀ ਨੌਕਰੀ ਦੇਣ ਸਬੰਧੀ ਮਤੇ ਪਾਸ ਕੀਤੇ ਗਏ ਹਨ। ਇਸ ਤੋਂ ਇਲਾਵਾ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਨੂੰ ਜਾਂਦੇ ਰਸਤਿਆਂ ’ਤੇ ਸਟਰੀਟ ਲਾਇਟਾਂ ਲਗਾਉਣ, ਨਵੇ ਇਤਿਹਾਸਕ ਐਂਟਰੀ ਗੇਟ ਬਣਾਉਣ, ਵੱਖ-ਵੱਖ ਵਾਰਡਾਂ ’ਚ ਵਿਕਾਸ ਕਾਰਜ ਕਰਵਾਉਣ ਸਮੇਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿਚ ਵੱਖ-ਵੱਖ ਵਿਕਾਸ ਕਾਰਜ ਕਰਵਾਉਣ ਲਈ ਮਤੇ ਪੇਸ਼ ਕੀਤੇ ਗਏ, ਜਿਨ੍ਹਾਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਅਤੇ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਲੋਕ ਹਿੱਤ ਵਿਚ ਵੱਡੇ ਕੰਮ ਕੀਤੇ ਗਏ ਹਨ। ਉਸੇ ਲੜ੍ਹੀ ਨੂੰ ਅੱਗੇ ਵਧਾਉਂਦਿਆਂ ਅੱਜ ਨਗਰ ਨਿਗਮ ਬਟਾਲਾ ਦੇ ਹਾਊਸ ਦੀ ਪਹਿਲੀ ਮੀਟਿੰਗ ਵਿਚ ਲੋਕ ਹਿੱਤ ਵਿਚ ਇਤਿਹਾਸਕ ਫੈਸਲੇ ਲਏ ਗਏ ਹਨ। ਉਨ੍ਹਾਂ ਸਮੂਹ ਕੌਸਲਰਾਂ ਨੂੰ ਬਟਾਲਾ ਸ਼ਹਿਰ ਦੇ ਵਿਕਾਸ, ਤਰੱਕੀ, ਖੂਬਸੂਰਤੀ ਤੇ ਲੋਕਾਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਤਿਹਾਸਕ ਤੇ ਧਾਰਮਿਕ ਧਰਤੀ ਬਟਾਲਾ ’ਤੇ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ। ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਜਦੋਂ ਦੀ ਬਟਾਲਾ ਵਾਸੀਆਂ ਨੇ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉਹ 24 ਘੰਟੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਹਨ ਤੇ ਸਾਰਿਆਂ ਦੇ ਸਹਿਯੋਗ ਨਾਲ ਬਟਾਲਾ ਸ਼ਹਿਰ ਨੂੰ ਵਿਕਾਸ ਪੱਖੋਂ ਸੂਬੇ ਦਾ ਖੂਬਸੂਰਤ ਤੇ ਵਿਕਾਸਮੁਖੀ ਸ਼ਹਿਰ ਬਣਾਇਆ ਜਾਵੇਗਾ।