ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਰਾਏਕੋਟ ਪੁਲਿਸ ਵਲੋਂ ਵਿਸ਼ੇਸ਼ ਨਾਕਾਬੰਦੀ
ਰਾਏਕੋਟ, 8 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮਾਣਯੋਗ ਐੱਸ. ਐੱਸ.
ਰਾਏਕੋਟ, 8 ਸਤੰਬਰ (ਬਲਵਿੰਦਰ ਸਿੰਘ ਲਿੱਤਰ) ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਮਾਣਯੋਗ ਐੱਸ.ਐੱਸ.ਪੀ ਡਾ. ਅੰਕੁਰ ਗੁਪਤਾ ਵਲੋਂ ਜ਼ਿਲ੍ਹੇ ਅੰਦਰ ਵਿਦਿਆਰਥੀਆਂ ਅਤੇ ਵਿੱਦਿਅਕ ਅਦਾਰਿਆਂ ਦੀ ਸੁਰੱਖਿਆ ਨੂੰ ਹੋਰ ਬਿਹਤਰ ਬਣਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਦਿਆਂ ਡੀ.ਐੱਸ.ਪੀ. ਰਾਏਕੋਟ ਸ਼ਿਵਕਮਲ ਸਿੰਘ (ਵਾਧੂ ਚਾਰਜ) ਦੀ ਅਗਵਾਈ ਹੇਠ ਰਾਏਕੋਟ ਪੁਲਿਸ ਵਲੋਂ ਇਲਾਕੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਮੁਹਿੰਮ ਕੀਤੀ ਗਈ। ਇਸ ਮੁਹਿੰਮ ਤਹਿਤ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ. ਹੀਰਾ ਸਿੰਘ ਸੰਧੂ ਵਲੋਂ ਪੁਲਿਸ ਪਾਰਟੀ ਸਮੇਤ ਭਗਵਾਨ ਮਹਾਂਵੀਰ ਸੀਨੀਅਰ ਸੈਕੰਡਰੀ ਸਕੂਲ ਰਾਏਕੋਟ ਦੇ ਨਜ਼ਦੀਕ ਵਿਸ਼ੇਸ਼ ਨਾਕਾਬੰਦੀ ਕੀਤੀ ਗਈ, ਜਿਸ ਦੌਰਾਨ ਰੋਡ ’ਤੇ ਆਉਣ-ਜਾਣ ਵਾਲੇ ਵਾਹਨਾਂ, ਖ਼ਾਸ ਕਰਕੇ ਦੋ-ਪਹੀਆ ਵਾਹਨਾਂ ਅਤੇ ਸ਼ੱਕੀ ਗੱਡੀਆਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ।ਪੁਲਿਸ ਟੀਮ ਵਲੋਂ ਵਾਹਨਾਂ ਦੇ ਜ਼ਰੂਰੀ ਕਾਗਜ਼ਾਤ, ਡਰਾਈਵਿੰਗ ਲਾਇਸੈਂਸ ਅਤੇ ਨੰਬਰ ਪਲੇਟਾਂ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਗਈ।ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨੇ ਦੱਸਿਆ ਕਿ ਚੈਕਿੰਗ ਦੌਰਾਨ ਜਿਨ੍ਹਾਂ ਵਾਹਨ ਚਾਲਕਾਂ ਕੋਲ ਪੂਰੇ ਕਾਗਜ਼ਾਤ ਨਹੀਂ ਸਨ ਜਾਂ ਜੋ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਉਨ੍ਹਾਂ ਖਿਲਾਫ਼ ਮੌਕੇ ’ਤੇ ਹੀ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਗਏ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਵਿਦਿਆਰਥੀਆਂ, ਖ਼ਾਸ ਕਰਕੇ ਛੋਟੇ ਬੱਚਿਆਂ, ਵਿਦਿਆਰਥਣਾਂ ਦੀ ਸਮਾਜ ਵਿਰੋਧੀ ਅਨਸਰਾਂ ਤੋਂ ਸੁਰੱਖਿਆ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸਕੂਲਾਂ ਅਤੇ ਕਾਲਜਾਂ ਦੇ ਆਸਪਾਸ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ, ਤੇਜ਼ ਰਫ਼ਤਾਰ ਵਾਹਨ ਚਲਾਉਣਾ ਜਾਂ ਸ਼ੱਕੀ ਹਾਲਤ ਵਿਚ ਘੁੰਮਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇਕਰ ਕੋਈ ਵੀ ਵਿਅਕਤੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਦਾ ਜਾਂ ਸਕੂਲਾਂ ਦੇ ਬਾਹਰ ਬਿਨ੍ਹਾਂ ਵਜ੍ਹਾ ਗੇੜੇ ਮਾਰਦਾ ਫੜ੍ਹਿਆ ਗਿਆ ਤਾਂ ਉਸ ਖਿਲਾਫ਼ ਬਿਨ੍ਹਾਂ ਕਿਸੇ ਢਿੱਲ ਦੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਚੈਕਿੰਗ ਮੁਹਿੰਮ ਕੇਵਲ ਇਕ ਦਿਨ ਤੱਕ ਸੀਮਤ ਨਹੀਂ ਰਹੇਗੀ, ਬਲਕਿ ਆਉਣ ਵਾਲੇ ਦਿਨਾਂ ਵਿਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਸਕੂਲ-ਕਾਲਜ ਖੁੱਲ੍ਹਣ ਅਤੇ ਛੁੱਟੀ ਹੋਣ ਦੇ ਸਮੇਂ ਪੁਲਿਸ ਪਾਰਟੀਆਂ ਵਲੋਂ ਵਿਸ਼ੇਸ਼ ਗਸ਼ਤ ਅਤੇ ਨਿਗਰਾਨੀ ਰੱਖੀ ਜਾਵੇਗੀ। ਇਸ ਮੌਕੇ ਏ.ਐੱਸ.ਆਈ ਗੁਰਪ੍ਰੀਤ ਸਿੰਘ, ਏ.ਐੱਸ.ਆਈ ਮੇਜਰ ਸਿੰਘ, ਏ.ਐੱਸ.ਆਈ ਸੁਖਦੇਵ ਸਿੰਘ, ਏ.ਐੱਸ.ਆਈ ਸੁਖਪਾਲ ਸਿੰਘ ਆਦਿ ਪੁਲਿਸ ਮੁਲਾਜ਼ਮ ਹਾਜ਼ਰ ਸਨ।