ਚੰਡੀਗੜ੍ਹ, 14 ਨਵੰਬਰ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਟਵੀਟ ਕਰ ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ... ਅੱਜ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਤਿਆਰ ਕਰਨ ਹਿੱਤ "ਪੰਜਾਬ ਦਾ ਕਰੋੜਪਤੀ" ਮੁਕਾਬਲੇ ਦਾ ਐਲਾਨ ਕੀਤਾ ਹੈ...
ਇਸ ਮੁਕਾਬਲੇ ਦੇ ਜੇਤੂ ਨੂੰ 1 ਕਰੋੜ, 4 ਉਪ-ਜੇਤੂਆਂ ਨੂੰ 10-10 ਲੱਖ ਅਤੇ ਟਾਪ 10,000 ਬੱਚਿਆਂ ਨੂੰ ਸ਼ਾਨਦਾਰ ਇਨਾਮ ਮਿਲਣਗੇ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਨੌਜਵਾਨਾਂ ਦੇ ਹੱਥਾਂ 'ਚ ਕਿਤਾਬਾਂ ਹੋਣ, ਕਿਉਂਕਿ ਕਲਮ ਹੀ ਕੌਮ ਦੀ ਤਕਦੀਰ ਬਦਲਦੀ ਹੈ... ਤੁਸੀਂ ਬਸ ਮਿਹਨਤ ਕਰੋ, ਸਰਕਾਰ ਹਰ ਕਦਮ 'ਤੇ ਤੁਹਾਡੇ ਨਾਲ ਖੜ੍ਹੀ ਹੈ... ਤੁਹਾਡੀ ਸਫ਼ਲਤਾ ਹੀ ਪੰਜਾਬ ਦੀ ਅਸਲ ਤਰੱਕੀ ਹੈ, ਆਓ ਆਪਣੀ ਕਾਬਲੀਅਤ ਦੇ ਦਮ 'ਤੇ ਸੁਨਹਿਰੇ ਤੇ 'ਰੰਗਲੇ ਪੰਜਾਬ' ਦੀ ਨਵੀਂ ਇਬਾਰਤ ਲਿਖੀਏ...
ਇਨਕਲਾਬ ਜ਼ਿੰਦਾਬਾਦ!
'ਪੰਜਾਬ ਦਾ ਕਰੋੜਪਤੀ' ਮੁਕਾਬਲਾ ਤਹਿਤ ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ ਨੌਜਵਾਨ ਇਸ ਮੁਕਾਬਲੇ ਵਿਚ ਹਿੱਸਾ ਲੈ ਸਕਣਗੇ। ਇਹ ਮੁਕਾਬਲਾ 15 ਤੋਂ 30 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਖੁੱਲ੍ਹਾ ਹੋਵੇਗਾ। ਇਹ ਮੁਕਾਬਲਾ ਪੰਜਾਬ, ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਵਿਸ਼ਿਆਂ 'ਤੇ ਕੇਂਦ੍ਰਿਤ ਹੋਵੇਗਾ।
ਔਨਲਾਈਨ ਰਜਿਸਟ੍ਰੇਸ਼ਨ 15 ਨਵੰਬਰ ਤੋਂ ਸ਼ੁਰੂ ਹੋਵੇਗੀ ਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 28 ਨਵੰਬਰ ਹੈ। ਮੁਕਾਬਲੇ ਦੇ ਜੇਤੂ ਨੂੰ ₹1 ਕਰੋੜ ਦਾ ਨਕਦ ਇਨਾਮ ਮਿਲੇਗਾ। ਕੁੱਲ 10,000 ਭਾਗੀਦਾਰਾਂ ਨੂੰ ਨਕਦ ਇਨਾਮ ਮਿਲਣਗੇ। ਮੁਕਾਬਲੇ ਦੇ ਪਹਿਲੇ ਚਾਰ ਦੌਰ ਚੋਣ ਪ੍ਰਕਿਰਿਆ ਦਾ ਹਿੱਸਾ ਹੋਣਗੇ। ਪੰਜਵੇਂ ਦੌਰ ਵਿਚ 10,000 ਭਾਗੀਦਾਰ ਹੋਣਗੇ।
ਸਵਾਲ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਵਿਚ ਹੋਣਗੇ। ਸਵਾਲਾਂ ਵਿਚ ਸਰਕਾਰੀ ਭਲਾਈ ਸਕੀਮਾਂ ਅਤੇ ਆਮ ਗਿਆਨ ਨਾਲ ਸੰਬੰਧਿਤ ਸਵਾਲ ਵੀ ਸ਼ਾਮਿਲ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਵੇਂ ਦੌਰ ਵਿਚ, 5,000 ਭਾਗੀਦਾਰਾਂ ਨੂੰ ₹1,000 ਪ੍ਰਾਪਤ ਹੋਣਗੇ। ਛੇਵੇਂ ਦੌਰ ਵਿਚ 2,500 ਭਾਗੀਦਾਰਾਂ ਨੂੰ ₹2,000 ਪ੍ਰਾਪਤ ਹੋਣਗੇ।
ਸੱਤਵੇਂ ਦੌਰ ਵਿੱਚ 1,250 ਭਾਗੀਦਾਰਾਂ ਨੂੰ 3,000 ਰੁਪਏ ਮਿਲਣਗੇ, ਅੱਠਵੇਂ ਦੌਰ ਵਿੱਚ 625 ਭਾਗੀਦਾਰਾਂ ਨੂੰ 5,000 ਰੁਪਏ ਮਿਲਣਗੇ, ਨੌਵੇਂ ਦੌਰ ਵਿੱਚ 395 ਭਾਗੀਦਾਰਾਂ ਨੂੰ 10,000 ਰੁਪਏ ਮਿਲਣਗੇ। ਇਸ ਲਈ ਜ਼ਿਲ੍ਹਾ ਪੱਧਰੀ ਮੁਕਾਬਲਾ 9 ਦਸੰਬਰ ਨੂੰ ਹੋਵੇਗਾ ਤੇ ਹਰੇਕ ਜ਼ਿਲ੍ਹੇ ਤੋਂ ਚੋਟੀ ਦੇ 10 ਭਾਗੀਦਾਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਹਿੱਸਾ ਲੈਣਗੇ। ਕੁੱਲ 230 ਭਾਗੀਦਾਰ ਜ਼ਿਲ੍ਹਾ ਪੱਧਰੀ ਮੁਕਾਬਲੇ ਵਿਚ ਅੱਗੇ ਵਧਣਗੇ। ਹਰੇਕ ਜ਼ਿਲ੍ਹੇ ਤੋਂ ਜੇਤੂ ਰਾਜ ਪੱਧਰੀ ਫਾਈਨਲ ਵਿਚ ਆਪਣੇ ਜ਼ਿਲ੍ਹੇ ਦੀ ਨੁਮਾਇੰਦਗੀ ਕਰੇਗਾ। ਰਾਜ ਪੱਧਰੀ ਫਾਈਨਲ 17 ਦਸੰਬਰ ਨੂੰ ਹੋਵੇਗਾ। 23 ਜ਼ਿਲ੍ਹਿਆਂ ਦੇ ਜੇਤੂ ਫਾਈਨਲ ਵਿਚ ਆਹਮੋ-ਸਾਹਮਣੇ ਹੋਣਗੇ।
10 ਭਾਗੀਦਾਰਾਂ ਨੂੰ 3 ਲੱਖ ਰੁਪਏ ਦਾ ਇਨਾਮ ਮਿਲੇਗਾ। 8 ਭਾਗੀਦਾਰਾਂ ਨੂੰ 5 ਲੱਖ ਰੁਪਏ ਦਾ ਇਨਾਮ ਮਿਲੇਗਾ। 4 ਭਾਗੀਦਾਰਾਂ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ
ਮੁਕਾਬਲੇ ਦੇ ਜੇਤੂ ਨੂੰ 1 ਕਰੋੜ ਰੁਪਏ ਦਾ ਨਕਦ ਇਨਾਮ ਮਿਲੇਗਾ।