70ਵੇਂ ਪੰਜਾਬ ਜ਼ੋਨਲ ਟੂਰਨਾਮੈਂਟ ਵਿਚ ਐਮ. ਐਸ. ਕੇ. ਡੇ. ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨੇ ਦੇ ਤਗਮੇ
ਟਾਂਡਾ ਉੜਮੁੜ, 14 ਅਗਸਤ (ਭਗਵਾਨ ਸਿੰਘ ਸੈਣੀ)- ਐੱਮ. ਐੱਸ.
ਟਾਂਡਾ ਉੜਮੁੜ, 14 ਅਗਸਤ (ਭਗਵਾਨ ਸਿੰਘ ਸੈਣੀ)- ਐੱਮ.ਐੱਸ.ਕੇ. ਡੇ. ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਨੇ 70ਵੇਂ ਪੰਜਾਬ ਜੋਨਲ ਟੂਰਨਾਮੈਂਟ ਵਿਚ ਸੋਨੇ ਦੇ ਤਗਮੇ ਜਿੱਤ ਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਟੂਰਨਾਮੈਂਟ ਦੌਰਾਨ ਅੰਡਰ-17 ਲੜਕਿਆਂ ਅਤੇ ਲੜਕੀਆਂ ਦੀਆਂ ਟੀਮਾਂ ਨੇ ਖੋ-ਖੋ ਅਤੇ ਕਬੱਡੀ ਦੇ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਕਿਕਬਾਕਸਿੰਗ ਅਤੇ ਵੁਸ਼ੂ ਦੇ ਮੁਕਾਬਲਿਆਂ ਵਿਚ ਵੀ ਸਕੂਲ ਦੇ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਲੋਹਾ ਮਨਵਾਇਆ। ਇਨ੍ਹਾਂ ਮੁਕਾਬਲਿਆਂ ਵਿਚ ਹਰਸ਼ਿਤਾ, ਯਸ਼ਵੀਰ ਸੈਣੀ, ਕਰਨਵੀਰ, ਪਾਰਸ, ਅੰਮ੍ਰਿਤਵੀਰ, ਵਰੁਣ ਅਤੇ ਮਨਮੀਤ ਸਿੰਘ ਸਮੇਤ ਹੋਰ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦੇ ਤਗਮੇ ਆਪਣੇ ਨਾਮ ਕੀਤੇ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਹਰਦੇਵ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਇਹ ਪ੍ਰਾਪਤੀ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਖੇਡਾਂ ਪ੍ਰਤੀ ਸਮਰਪਣ ਦਾ ਨਤੀਜਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਜਜ਼ਬੇ ਨਾਲ ਮਿਹਨਤ ਕਰਦਿਆਂ ਖੇਡਾਂ ਅਤੇ ਸਿੱਖਿਆ ਦੋਵਾਂ ਖੇਤਰਾਂ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਧਾਨ ਸ੍ਰੀ ਆਕਾਸ਼ ਮਹਾਜਨ ਅਤੇ ਮੈਨੇਜਰ ਮੈਡਮ ਰੇਖਾ ਠਾਕੁਰ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ’ਤੇ ਵਧਾਈ ਦਿੱਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਖੇਤਰ ਵਿਚ ਵੀ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਹਰ ਸੰਭਵ ਸਹਿਯੋਗ ਅਤੇ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।