ਅੰਮ੍ਰਿਤਸਰ, 21 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਲਹਿੰਦੇ ਪੰਜਾਬ ਦੀ ਪੁਲਿਸ ਨੇ ਇਮਰਾਨ ਖ਼ਾਨ ਦੀਆਂ ਤਿੰਨ ਭੈਣਾਂ ਨੂੰ ਹਿਰਾਸਤ ’ਚ ਲੈ ਲਿਆ ਹੈ। ਪੀ. ਟੀ. ਆਈ. ਦੇ ਬੁਲਾਰੇ ਜ਼ੁਲਫ਼ੀ ਬੁਖ਼ਾਰੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਅਲੀਮਾ ਖ਼ਾਨ ਦੇ ਘਰ ਛਾਪਾ ਮਾਰਿਆ ਅਤੇ ਇਮਰਾਨ ਖ਼ਾਨ ਦੀਆਂ ਦੂਜੀਆਂ ਦੋ ਭੈਣਾਂ, ਉਨ੍ਹਾਂ ਦੇ ਭਾਣਜਿਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵੀ ਹਿਰਾਸਤ ’ਚ ਲੈ ਲਿਆ। ਪਾਰਟੀ ਦੇ ਸੂਚਨਾ ਸਕੱਤਰ ਸ਼ੇਖ਼ ਵਕਾਸ ਅਕਰਮ ਨੇ ਦੱਸਿਆ ਕਿ ਇਮਰਾਨ ਖ਼ਾਨ ਦੀਆਂ ਭੈਣਾਂ ਅਤੇ ਬੱਚਿਆਂ ਨੂੰ ਹਿਰਾਸਤ ’ਚ ਲੈਣ ਤੋਂ ਕੁੱਝ ਦੇਰ ਬਾਅਦ ਬੱਚਿਆਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਤਿੰਨ ਭੈਣਾਂ ਅਲੀਮਾ ਖ਼ਾਨ, ਡਾ. ਉਜ਼ਮਾ ਖ਼ਾਨ ਅਤੇ ਨੂਰੀਨ ਖ਼ਾਨ ਨੂੰ ਲਾਹੌਰ ਦੀ ਕੋਟ ਲਖਪਤ ਜੇਲ੍ਹ ਭੇਜ ਦਿੱਤਾ ਗਿਆ ਹੈ। ਲਾਹੌਰ ਦੇ ਡਿਪਟੀ ਕਮਿਸ਼ਨਰ ਨੇ ਐਤਵਾਰ ਨੂੰ ਪੰਜਾਬ ਸੂਬੇ ਦੇ ਮੇਨਟੇਨੈਂਸ ਆਫ਼ ਪਬਲਿਕ ਆਰਡਰ (ਐੱਮ. ਪੀ. ਓ.) ਕਾਨੂੰਨ ਤਹਿਤ ਤਿੰਨਾਂ ਭੈਣਾਂ ਨੂੰ 30 ਦਿਨਾਂ ਲਈ ਹਿਰਾਸਤ ’ਚ ਰੱਖਣ ਦੇ ਦੋ ਵੱਖ-ਵੱਖ ਹੁਕਮ ਜਾਰੀ ਕੀਤੇ ਸਨ। ਬੇਸ਼ੱਕ, ਪੰਜਾਬ ਪੁਲਿਸ ਨੇ ਇਸ ਕਾਰਵਾਈ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਇਹ ਗ੍ਰਿਫ਼ਤਾਰੀਆਂ ਅਜਿਹੇ ਵੇਲੇ ਹੋਈਆਂ ਹਨ ਜਦੋਂ ਇਮਰਾਨ ਖ਼ਾਨ ਦੀ ਪਾਰਟੀ ਨੇ 27 ਸਤੰਬਰ ਨੂੰ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੋਇਆ ਹੈ। ਦੂਜੇ ਪਾਸੇ, ਪਾਕਿ ਦੇ ਸੰਘੀ ਸੂਚਨਾ ਮੰਤਰੀ ਅਤਾਉੱਲ੍ਹਾ ਤਰਾਰ ਨੇ ਇਸ ਪ੍ਰਦਰਸ਼ਨ ਦੇ ਸੱਦੇ ਨੂੰ ਗ਼ੈਰ-ਕਾਨੂੰਨੀ ਕਰਾਰ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਸੜਕਾਂ ਜਾਮ ਕਰਨ ਜਾਂ ਆਮ ਜਨਜੀਵਨ ਵਿਚ ਵਿਘਨ ਪਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਮਰਾਨ ਖ਼ਾਨ ਦੀਆਂ ਤਿੰਨੇ ਭੈਣਾਂ ਹਿਰਾਸਤ ’ਚ-ਕੋਟ ਲਖਪਤ ਜੇਲ੍ਹ ਭੇਜੀਆਂ
ਇਮਰਾਨ ਖ਼ਾਨ ਦੀਆਂ ਤਿੰਨੇ ਭੈਣਾਂ ਹਿਰਾਸਤ ’ਚ-ਕੋਟ ਲਖਪਤ ਜੇਲ੍ਹ ਭੇਜੀਆਂ
ਅਜੀਤ ਡੈਸਕ
22-09-2026