21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਪੰਜਾਬ ਵਿਚਲੀਆਂ ਮੁੱਖ ਸਿਆਸੀ ਧਿਰਾਂ ਚੰਡੀਗੜ੍ਹ ਛੱਡ ਹਲਕਿਆਂ ’ਚ ਉੱਤਰੀਆਂ

ਪੰਜਾਬ ਵਿਚਲੀਆਂ ਮੁੱਖ ਸਿਆਸੀ ਧਿਰਾਂ ਚੰਡੀਗੜ੍ਹ ਛੱਡ ਹਲਕਿਆਂ ’ਚ ਉੱਤਰੀਆਂ

Ad Position 21
No active advertisement
ਅਜੀਤ ਡੈਸਕ 22-09-2026

ਚੋਣ ਦੰਗਲ ਵਿਚਲਾ ਤਿੱਖਾ ਸਿਆਸੀ ਟਕਰਾਅ ਤੇ ਕੁੜੱਤਣ ਬਣ ਸਕਦੀ ਹੈ ਚਿੰਤਾ ਦਾ ਵਿਸ਼ਾ 
ਕੇਂਦਰੀ ਜਾਂਚ ਏਜੰਸੀਆਂ ਦੀਆਂ ਚੋਣਾਂ  ਮੌਕੇ ਲਗਾਤਾਰ ਵਧ ਰਹੀਆਂ ਗਤੀਵਿਧੀਆਂ ਇਕ ਨਵਾਂ ਤਜਰਬਾ

ਚੰਡੀਗੜ੍ਹ, 21 ਸਤੰਬਰ (ਹਰਕਵਲਜੀਤ ਸਿੰਘ)-ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਰਾਜ ਦੀਆਂ ਸਾਰੀਆਂ ਮੁੱਖ ਸਿਆਸੀ ਧਿਰਾਂ ਜਿਵੇਂ  ਚੋਣ ਮੈਦਾਨ ਤੇ ਆਪਣੇ ਹਲਕਿਆਂ ਵਿਚ ਉਤਰ ਗਈਆਂ ਹਨ, ਉਸ ਨੇ ਰਾਜ ਦੇ ਚੋਣ ਮੁਹਾਜ਼ ਨੂੰ ਗਰਮਾ ਦਿੱਤਾ ਹੈ। ਰਾਜ ਦੇ ਮੰਤਰੀ, ਵਿਧਾਇਕ ਤੇ ਸਿਆਸੀ ਆਗੂਆਂ ਨੇ ਚੰਡੀਗੜ੍ਹ ਵਾਲੇ ਆਪਣੇ ਦਫ਼ਤਰ ਛੱਡ ਦਿੱਤੇ ਹਨ। ਹੁਕਮਰਾਨ ਪਾਰਟੀ ਵਲੋਂ ਆਪਣੇ ਸਾਰੇ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜਾਂ ਨੂੰ ਜਨ ਸੰਪਰਕ ਮੁਹਿੰਮ ਲਈ ਹਲਕਿਆਂ ’ਚ ਉਤਾਰ ਦਿੱਤਾ ਗਿਆ ਹੈ ਤਾਂ ਜੋ ਉਹ ਹਰ ਘਰ ਤੱਕ ਪਹੁੰਚ ਕਰਨ,ਜਦੋਂ ਕਿ ਭਾਜਪਾ ਵਲੋਂ ਆਪਣੀ ਨਸ਼ਾ ਵਿਰੋਧੀ ਯਾਤਰਾ ਚਲਾਈ ਜਾ ਰਹੀ ਹੈ, ਜਿਸ ਲਈ ਪਾਰਟੀ ਦੇ ਕੇਂਦਰੀ ਲੀਡਰਸ਼ਿਪ ਅਤੇ ਦੂਜੇ ਰਾਜਾਂ ਦੇ ਆਗੂ ਵੀ ਪੰਜਾਬ ਪੁੱਜ ਰਹੇ ਹਨ। ਭਾਜਪਾ ਵਲੋਂ ਚੋਣ ਪ੍ਰਚਾਰ ਵਿਚ ਸੰਘ ਅਤੇ ਦੂਜੇ ਰਾਜਾਂ ਤੋਂ ਪਾਰਟੀ ਕਾਡਰਾਂ ਨੂੰ ਵੀ ਪੰਜਾਬ ਵਿਚ ਉਤਾਰਿਆ ਗਿਆ ਹੈ, ਜਿਨ੍ਹਾਂ ਦੀ ਗਿਣਤੀ ਹਜ਼ਾਰ ਵਿਚ ਦੱਸੀ ਜਾ ਰਹੀ ਹੈ। ਭਾਜਪਾ ਨੇ ਇਸ ਵੇਲੇ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ’ਚ ਪਾਰਟੀ ਵਰਕਰ ਉਤਾਰੇ ਹੋਏ ਹਨ। ਅਕਾਲੀ ਦਲ (ਬ) ਅਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਆਪਣੇ ਰਵਾਇਤੀ ਪ੍ਰਚਾਰ ਦੇ ਤਰੀਕੇ ਅਨੁਸਾਰ ਚੋਣ ਰੈਲੀਆਂ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਕਾਂਗਰਸ ਦੇ ਆਗੂ ਫ਼ਿਲਹਾਲ ਆਪਣੇ ਤੌਰ ’ਤੇ ਹੀ ਆਪਣੇ ਹਲਕਿਆਂ ਵਿਚ ਕੰਮ ਕਰ ਰਹੇ ਹਨ। ਲੇਕਿਨ ਜਿਵੇਂ ਪੰਜਾਬ ਵਿਚ ਚੋਣਾਂ ਦਾ ਐਲਾਨ ਜਨਵਰੀ 2027 ਦੇ ਪਹਿਲੇ ਹਫ਼ਤੇ ਜਾਂ ਚਾਲੂ ਸਾਲ ਦੇ ਅੰਤ ਤੱਕ ਹੋਣ ਅਤੇ ਵੋਟਾਂ ਫਰਵਰੀ ਦੀ ਅਖੀਰ ਤੱਕ ਪੈਣ ਦੀ ਸੰਭਾਵਨਾ ਹੈ ਪ੍ਰੰਤੂ ਰਾਜ ਵਿਚ ਚੋਣ ਮੁਹਾਜ਼ ਆਮ ਨਾਲੋਂ ਕੁਝ ਪਹਿਲਾਂ ਹੀ ਭਖ ਗਿਆ ਹੈ। ਪੰਜਾਬ ਜੋ ਸ਼ਾਤਮਈ ਚੋਣਾਂ ਲਈ ਜਾਣਿਆ ਜਾਂਦਾ ਹੈ ਦੇ ਚੋਣ ਮੁਹਾਜ਼ ’ਚ ਇਸ ਵਾਰ ਤਿੱਖਾ ਟਕਰਾਅ ਤੇ ਸਿਆਸੀ ਕੁੜੱਤਣ ਵੀ ਵੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਵਿਰੋਧੀ ਯਾਤਰਾ ਵਿਰੁੱਧ ਜਿਵੇਂ ਹਰ ਥਾਂ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਅਤੇ ਸਿਆਸੀ ਪਾਰਟੀਆਂ ਵਲੋਂ ਜਿਵੇਂ ਇਕ ਦੂਸਰੇ ਵਿਰੁੱਧ ਅੰਡਿਆਂ ਤੇ ਟਮਾਟਰਾਂ ਦੀ ਵਰਤੋਂ ਹੋ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਵਿਚ ਪਹਿਲਾਂ ਸਿਆਸੀ ਧਿਰਾਂ ਦਰਮਿਆਨ ਅਜਿਹਾ ਵਿਰੋਧ ਵੇਖਣ ਨੂੰ ਨਹੀਂ ਮਿਲਦਾ ਰਿਹਾ। ਸਰੁੱਖਿਆ ਏਜੰਸੀਆਂ ਨੂੰ ਚਿੰਤਾ ਹੈ ਕਿ ਜੇਕਰ ਅਜਿਹਾ ਆਪਾ ਵਿਰੋਧ ਦਾ ਰੁਝਾਨ ਕਾਇਮ ਰਹਿੰਦਾ ਹੈ ਤਾਂ  ਰਾਜ ਦੀਆਂ ਚੋਣਾਂ ਚਿੰਤਾਜਨਕ ਵੀ ਬਣ ਸਕਦੀਆਂ ਹਨ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਹੁਕਮਰਾਨ ਆਮ ਆਦਮੀ ਪਾਰਟੀ ਦਾ ਸਿਆਸੀ ਭਵਿੱਖ ਪੰਜਾਬ ਦੇ ਚੋਣ ਨਤੀਜਿਆਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਦਿੱਲੀ ਦੀ ਸਰਕਾਰ ਜਾਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਕੇਵਲ ਪੰਜਾਬ ਦੀ ਹੀ ਸਰਕਾਰ ਰਹਿ ਗਈ ਹੈ ਜਦੋਂ ਕਿ ਕਾਂਗਰਸ ਮਹਿਸੂਸ ਕਰ ਰਹੀ ਹੈ ਕਿ ਜਿਵੇਂ ਮਗਰਲੇ ਕੁਝ ਸਮੇਂ ਤੋਂ ਦੇਸ਼ ਭਰ ਵਿਚ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਵੱਡਾ ਉਭਾਰ ਮਿਲ ਰਿਹਾ ਹੈ ਉਸ ਦੌਰਾਨ ਪੰਜਾਬ ਵਿਚਲੀ ਸਫ਼ਲਤਾ ਉਨ੍ਹਾਂ ਨੂੰ ਕੌਮੀ ਪੱਧਰ ’ਤੇ ਹੋਰ ਵੱਡਾ ਉਭਾਰ ਦੇ ਸਕਦੀ ਹੈ, ਜਦੋਂ ਕਿ ਅਕਾਲੀ ਦਲ (ਬ) ਮਗਰਲੀਆਂ ਦੋ ਚੋਣਾਂ ’ਚ ਵੱਡੀਆਂ ਹਾਰਾਂ ਤੋਂ ਬਾਅਦ ਮਹਿਸੂਸ ਕਰ ਰਿਹਾ ਹੈ ਕਿ ਉਨ੍ਹਾਂ ਨੂੰ ਜੇਕਰ ਇਸ ਵਾਰ ਵੀ ਸਫਲਤਾ ਨਾ ਮਿਲੀ ਤਾਂ ਉਨ੍ਹਾਂ ਦੇ ਕਾਡਰ ਤੇ ਆਗੂ ਮਾਯੂਸ ਹੋ ਕੇ ਖਿੱਲਰ ਜਾਣਗੇ। ਲੇਕਿਨ ਭਾਜਪਾ ਜਿਸ ਦਾ ਅਜੇ ਤੱਕ ਸੂਬੇ ਵਿਚ ਕੋਈ ਵਿਸ਼ੇਸ਼ ਆਧਾਰ ਨਹੀਂ ਸੀ ਮਗਰਲੇ ਕੁੱਝ ਸਮੇਂ ਤੋਂ ਲਗਾਤਾਰ ਸੂਬੇ ’ਚ ਕੰਮ ਕਰ ਰਹੀ ਹੈ, ਵਲੋਂ ਹੁਣ ਆਪਣੀ ਸਮੁੱਚੀ ਸ਼ਕਤੀ ਪੰਜਾਬ ਚੋਣਾਂ ਲਈ ਝੋਕ ਦਿੱਤੀ ਗਈ ਹੈ। ਲੇਕਿਨ ਪਾਰਟੀ ਨੂੰ ਇਸ ਦਾ ਕਿੰਨਾਂ ਕੁ ਫਾਇਦਾ ਮਿਲ ਸਕੇਗਾ ਇਹ ਚੋਣ ਨਤੀਜਿਆ ਤੋਂ ਹੀ ਸਪੱਸ਼ਟ ਹੋ ਸਕੇਗਾ। ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਵਾਂਗ ਪੰਜਾਬ ਦੀ ਚੋਣਾਂ ਤੋਂ ਪਹਿਲਾਂ ਵੀ ਰਾਜ ਵਿਚ ਕੇਂਦਰੀ ਜਾਂਚ ਏਜੰਸੀਆਂ ਦੀਆਂ ਗਤੀਵਿਧੀਆਂ, ਦਖ਼ਲ ਅਤੇ ਦਬਾਅ ਜਿਵੇਂ ਲਗਾਤਾਰ ਵਧ ਰਿਹਾ ਹੈ ਅਤੇ ਜਿਵੇਂ ਰਾਜ ਦੇ ਸਿਆਸਤਦਾਨਾਂ ਤੇ ਅਧਿਕਾਰੀਆਂ ਨੂੰ ਜਾਂਚ ਦੇ ਘੇਰਿਆਂ ਵਿਚ ਲਿਆਂਦਾ ਜਾ ਰਿਹਾ ਹੈ, ਉਸ ਨੂੰ ਲੈ ਕੇ ਰਾਜ ਦੇ ਸਿਆਸੀ ਗਲਿਆਰਿਆਂ ਤੇ ਅਫਸਰਸ਼ਾਹੀ ਵਿਚ  ਸਹਿਮ ’ਤੇ ਚਿੰਤਾ ਵੇਖੀ ਜਾ ਰਹੀ ਹੈ ਅਤੇ ਜਿਵੇਂ ਅਚਾਨਕ ਹੀ ਰਾਜ ਦੇ ਆਈ.ਏ.ਐਸ. ਅਧਿਕਾਰੀ ਕੇਂਦਰ ਵਿਚ ਡੈਪੂਟੇਸ਼ਨ ’ਤੇ ਜਾਣ ਲਈ ਇੱਛਾ ਜ਼ਾਹਿਰ ਕਰ ਰਹੇ ਹਨ ਉਸ ਦਾ ਚੋਣਾਂ ’ਤੇ ਕੀ ਪ੍ਰਭਾਵ ਪਵੇਗਾ ਉਹ ਤਾਂ ਵੇਖਣ ਵਾਲੀ ਗੱਲ ਹੋਵੇਗੀ। ਲੇਕਿਨ ਜਿਵੇਂ ਚਰਚਾ ਹੈ ਕਿ ਕੇਂਦਰ ਵਲੋਂ ਪੰਜਾਬ ਤੇ ਚੰਡੀਗੜ੍ਹ ਵਿਖੇ ਈ.ਡੀ. ਤੇ ਸੀ.ਬੀ.ਆਈ ਦੀ ਨਫਰੀ ਦਾ ਮਗਰਲੇ ਕੁਝ ਮਹੀਨਿਆਂ ਵਿਚ ਵਿਸਥਾਰ ਕੀਤਾ ਹੈ ਅਤੇ ਭ੍ਰਿਸ਼ਟਾਚਾਰ ਦੇ ਕਈ ਠੱਪ ਪਏ ਮਾਮਲੇ ਆਪਣੇ ਹੱਥਾਂ ਵਿਚ ਲਏ ਹਨ ਉਸ ਨਾਲ ਹੁਕਮਰਾਨ ਪਾਰਟੀ ਦੀ ਕਮਾਂਡ ਨੂੰ ਕਮਜ਼ੋਰ ਕਰਨਾ ਨਿਸ਼ਾਨਾ ਹੋ ਸਕਦਾ ਹੈ। ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਦੇਸ਼ ਨਾਲੋਂ ਕੁੱਝ ਵੱਖਰੇ ਚੱਲਦੇ ਹਨ ਅਤੇ ਵੱਖਰੀ ਸੋਚ ਰੱਖਦੇ ਹਨ ਅਤੇ ਜਿਵੇਂ ਚਰਚਾ ਹੈ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ’ਤੇ ਸਿਵਲ ਤੇ ਪੁਲਿਸ ਅਧਿਕਾਰੀਆਂ ਦੀਆਂ ਤਬਦੀਲੀਆਂ ਹੋ ਸਕਦੀਆਂ ਹਨ ਅਤੇ ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਕੇਂਦਰੀ ਸੁਰੱਖਿਆ ਬਲਾਂ ਦੀ ਵੀ ਇਸ ਵਾਰ ਵੱਡੇ ਪੱਧਰ ’ਤੇ ਤੈਨਾਤੀ ਹੋ ਸਕਦੀ ਹੈ ਲੇਕਿਨ ਇਨ੍ਹਾਂ ਸਾਰੇ ਸਖ਼ਤ ਕਦਮਾਂ ਦਾ ਪੰਜਾਬ ਦੇ ਵੋਟਰਾਂ ’ਤੇ ਕੀ ਅਸਰ ਪਵੇਗਾ ਇਹ ਵੇਖਣ ਵਾਲੀ ਗੱਲ ਹੋਵੇਗੀ। ਦੇਸ਼ ਵਿਚ ਜ਼ੈਨ-ਜੀ ਅੰਦੋਲਨ ਦੇ ਉਭਾਰ ਦਾ ਰਾਜ ਦੀਆਂ ਚੋਣਾਂ ’ਤੇ ਕੋਈ ਅਸਰ ਵੇਖਿਆ ਜਾਵੇਗਾ ਜਾਂ ਨਹੀਂ ਇਹ ਵੀ ਕਾਫੀ ਮਹੱਤਵਪੂਰਨ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਬਿੱਟੂ, ਬਾਜਵਾ ਅਤੇ ਮਜੀਠੀਆ ਨਸ਼ਾ ਤਸਕਰ ਦੇ ਬਚਾਅ ਵਿਚ ਕਿਉਂ ਆਏ- ‘ਆਪ’ ਅਗਲੀ ਖ਼ਬਰ ਭਾਰਤ-ਕੈਨੇਡਾ ਵਪਾਰ ਸਮਝੌਤੇ ਲਈ ਗੱਲਬਾਤ 5 ਤੋਂ-ਗੋਇਲ
Ad Position 24