21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਮੇਰੀ ਕਿਰਦਾਰਕੁਸ਼ੀ ਕਰਨ ਲਈ ਰਚੀ ਗਈ ਸੀ ਸਾਜਿਸ਼-ਗਿਆਨੀ ਹਰਪ੍ਰੀਤ ਸਿੰਘ

ਮੇਰੀ ਕਿਰਦਾਰਕੁਸ਼ੀ ਕਰਨ ਲਈ ਰਚੀ ਗਈ ਸੀ ਸਾਜਿਸ਼-ਗਿਆਨੀ ਹਰਪ੍ਰੀਤ ਸਿੰਘ

Ad Position 21
No active advertisement
ਅਜੀਤ ਡੈਸਕ 22-09-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਕੋਰ ਕਮੇਟੀ ਦੀ ਮੀਟਿੰਗ

ਚੰਡੀਗੜ੍ਹ, 21 ਸਤੰਬਰ (ਪ੍ਰੋ. ਅਵਤਾਰ ਸਿੰਘ)-‘ਵਿਦੇਸ਼ ’ਚ ਬੈਠੇ ਅਮਰਜੀਤ ਸਿੰਘ ਚਾਵਲਾ ਬਿਆਨ ਦੇ ਰਹੇ ਹਨ ਕਿ ਉਸ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਕਿਉਂਕਿ ਸਾਰੇ ਆਗੂ ਜਾਣਦੇ ਹਨ ਕਿ ਉਸ ਬੀਬੀ ਨੂੰ ਬਹਿਰੀਨ ਤੋਂ ਕਿਉਂ ਲਿਆਂਦਾ ਗਿਆ ਹੈ।’ ਇਹ ਦੋਸ਼ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਗਾਏ। ਗਿਆਨੀ ਹਰਪ੍ਰੀਤ ਸਿੰਘ ਨੇ ਚਾਵਲਾ ਖਿਲਾਫ ਹੋਏ ਫ਼ੈਸਲੇ ਬਾਰੇ ਕਿਹਾ ਕਿ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ, ਪਰ ਇਹ ਫ਼ੈਸਲਾ ਜਲਦਬਾਜ਼ੀ ’ਚ ਲਿਆ ਗਿਆ ਹੈ ਜਦਕਿ ਮਰਿਆਦਾ ਅਨੁਸਾਰ ਦੋਸ਼ੀਆਂ ਤੋਂ ਪਹਿਲਾਂ ਜਵਾਬ ਲੈਣਾ ਚਾਹੀਦਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜਿੰਨ੍ਹਾਂ ਸੰਸਥਾਵਾਂ ਨੂੰ ਖੜ੍ਹੀਆਂ ਕਰਨ ਵਿਚ ਸਾਡੇ ਪੁਰਖਿਆਂ ਨੇ ਕੁਰਬਾਨੀਆਂ ਕੀਤੀਆਂ, ਜਿਨ੍ਹਾਂ ਦੀ ਉਸਾਰੀ ਲਈ ਆਪਣਾ ਖੂਨ ਡੋਲ੍ਹਿਆ, ਅੱਜ ਉਨ੍ਹਾਂ ਸੰਸਥਾਵਾਂ ਨੂੰ ਬੁਰੀ ਤਰ੍ਹਾਂ ਰੋਲਿਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ 2 ਦਸੰਬਰ ਦੇ ਹੁਕਮਨਾਮੇ ਦਾ ਬਦਲਾ ਲੈਣ ਲਈ ਇਹ ਲੋਕ ਇਸ ਹੱਦ ਤੱਕ ਡਿੱਗ ਚੁੱਕੇ ਹਨ ਕਿ ਵਿਦੇਸ਼ ਤੋਂ ਇਕ ਬੀਬੀ ਨੂੰ ਲਿਆ ਕੇ ਮੇਰੇ ਖਿਲਾਫ ਵਰਤਣ ਲਈ ਸ਼੍ਰੋਮਣੀ ਕਮੇਟੀ ਵਿਚ ਵੀ.ਆਈ.ਪੀ. ਸਹੂਲਤਾਂ ਅਤੇ ਰਿਹਾਇਸ਼ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੇਰੀ ਕਿਰਦਾਰਕੁਸ਼ੀ ਕਰਨ ਲਈ ਇਸ ਬੀਬੀ ਨੂੰ ਵਿਦੇਸ਼ ਤੋਂ ਇਕ ਯੂਥ ਆਗੂ ਦੁਆਰਾ ਮੰਗਵਾਇਆ ਗਿਆ ਸੀ, ਪਰ ਇਹ ਬੰਬ ਉਨ੍ਹਾਂ ਦੇ ਆਪਣੇ ਹੀ ਹੱਥਾਂ ਵਿਚ ਫਟ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਹੁਣ ਇਕ ਬੰਦੇ ਉੱਤੇ ਸਾਰਾ ਇਲਜ਼ਾਮ ਲਗਾ ਕੇ ਪੂਰੀ ਸਾਜਿਸ਼ ਨੂੰ ਲੁਕਾਇਆ ਜਾ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਵਾਲ ਕੀਤਾ ਕਿ ਇਕ ਔਰਤ 6 ਮਹੀਨੇ ਤੱਕ ਗੁਰੂ ਘਰ ਦੀਆਂ ਸਰ੍ਹਾਵਾਂ ’ਚ ਸਾਰੀਆਂ ਸਹੂਲਤਾਂ ਮਾਣ ਰਹੀ ਸੀ, ਕੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਨਹੀਂ ਹੋਵੇਗੀ? ਜੇਕਰ ਜਾਣਕਾਰੀ ਹੀ ਨਹੀਂ ਸੀ ਤਾਂ ਉਹ ਪ੍ਰਧਾਨਗੀ ਕਰਨ ਦੇ ਕਾਬਲ ਹੀ ਨਹੀਂ। ਉਨ੍ਹਾਂ ਨੂੰ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਵਲੋਂ ਵੀ ਇਸ ਘਟਨਾ ਤੋਂ ਅਣਜਾਣਤਾ ਪ੍ਰਗਟਾਉਣਾ ਵੀ ਹੈਰਾਨੀਜਨਕ ਹੈ ਜਦ ਕਿ ਮੌਜੂਦਾ ਜਥੇਦਾਰ ਨੂੰ ਸਭ ਪਤਾ ਹੋਣਾ ਚਾਹੀਦਾ ਹੈ ਕਿ ਤਖ਼ਤ ਸਾਹਿਬ ਦੇ ਪ੍ਰਬੰਧ ਵਿਚ ਕੀ ਹੋ ਰਿਹਾ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ’ਤੇ ਵੀ ਸਵਾਲ ਚੁੱਕੇ ਕਿ ਐਫ.ਆਈ.ਆਰ. ਦਰਜ ਹੋਣ ਦੇ ਬਾਵਜੂਦ ਦੋਸ਼ੀ ਨੂੰ ਏਨੀ ਛੂਟ ਕਿਉਂ ਦਿੱਤੀ ਗਈ ਕਿ ਉਹ ਵਿਦੇਸ਼ ਭੱਜਣ ਵਿਚ ਸਫਲ ਹੋ ਗਿਆ। ਜੇ ਸਰਕਾਰ ਨੂੰ ਇਹ ਪਤਾ ਹੈ ਕਿ ਕਿਹੜੇ ਆਗੂਆ ਨੇ ਬੀਬੀ ਨੂੰ ਕਿਸੇ ਮਕਸਦ ਲਈ ਬੁਲਾਇਆ ਸੀ ਤਾਂ ਪ੍ਰੈੱਸ ਕਾਨਫਰੰਸ ਕਰਕੇ ਇਲਜ਼ਾਮ-ਦਰਾਜੀ ਕਰਨ ਦੀ ਬਜਾਏ ਇਸਦੀ ਨਿਰਪੱਖ ਜਾਂਚ ਕਰਵਾ ਕੇ ਸੱਚਾਈ ਸਾਹਮਣੇ ਕਿਉਂ ਨਹੀਂ ਲਿਆਂਦੀ? ਅਸੀਂ ਸਰਕਾਰ ਤੋ ਮੰਗ ਕਰਦੇ ਹਾਂ ਕਿ ਰਿਟਾਇਰਡ ਜੱਜ ਦੀ ਅਗਵਾਈ ਵਿਚ ਸਿਟ ਬਣਾ ਕੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ, ਕਿਉਂਕਿ ਸ਼੍ਰੋਮਣੀ ਕਮੇਟੀ ਤੋਂ ਤਾਂ ਅਸੀਂ ਹੁਣ ਇਹ ਆਸ ਵੀ ਨਹੀਂ ਰੱਖਦੇ। ਉਨ੍ਹਾਂ ਨੇ ਕਿਹਾ ਕਿ ਇਸ ਘਿਣਾਉਣੀ ਹਰਕਤ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਅਸਤੀਫਿਆਂ ਲਈ 11 ਦਿਨ ਲਗਾਤਾਰ ਜੱਥਿਆਂ ਦੇ ਰੂਪ ’ਚ ਵੱਖ ਵੱਖ ਜ਼ਿਲ੍ਹਿਆਂ ਤੋਂ ਜਥੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿਚ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬ ਨੂੰ ਮੰਗ ਪੱਤਰ ਦੇਣਗੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਾ ਕੇ ਅਰਦਾਸ ਕਰਿਆ ਕਰਨਗੇ। ਕੋਰ ਕਮੇਟੀ ਦੀ ਮੀਟਿੰਗ ’ਚ ਪਾਰਟੀ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ, ਪ੍ਰੇਮ ਸਿੰਘ ਚੰਦੂਮਾਜਰਾ, ਪਰਮਿੰਦਰ ਸਿੰਘ ਢੀਂਡਸਾ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫਿਲੌਰ, ਭਾਈ ਮਨਜੀਤ ਸਿੰਘ, ਗੋਬਿੰਦ ਸਿੰਘ ਲੌਂਗੋਵਾਲ, ਗਗਨਜੀਤ ਸਿੰਘ ਬਰਨਾਲਾ, ਜਸਟਿਸ ਨਿਰਮਲ ਸਿੰਘ, ਦਵਿੰਦਰ ਸਿੰਘ ਸੋਢੀ, ਕਰਨੈਲ ਸਿੰਘ ਪੀਰਮੁਹੰਮਦ, ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ, ਬਾਬਾ ਹਰਦੀਪ ਸਿੰਘ, ਦਫਤਰ ਸਕੱਤਰ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਤੇਜਿੰਦਰ ਸਿੰਘ ਪੰਨੂੰ, ਭਗਵੰਤ ਸਿੰਘ ਫਤਿਹਜਲਾਲ ਰਣਬੀਰ ਸਿੰਘ ਪੂਨੀਆ, ਗੁਰਵਿੰਦਰ ਸਿੰਘ ਡੂਮਛੇੜੀ, ਬਲਤੇਜ ਸਿੰਘ ਮਹਿਦੂਦਾਂ ਆਦਿ ਹਾਜ਼ਰ ਸਨ।

Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੀਆਂ ਤਿੰਨੇ ਭੈਣਾਂ ਹਿਰਾਸਤ ’ਚ-ਕੋਟ ਲਖਪਤ ਜੇਲ੍ਹ ਭੇਜੀਆਂ ਅਗਲੀ ਖ਼ਬਰ ਰੱਖਿਆ ਮੰਤਰਾਲੇ ਵਲੋਂ ਟੀ-72 ਅਤੇ ਟੀ-90 ਟੈਂਕਾਂ ਲਈ 586 ਕਰੋੜ ਦਾ ਸਮਝੌਤਾ
Ad Position 24