ਸੁਲਤਾਨਪੁਰ ਲੋਧੀ, 20 ਸਤੰਬਰ (ਨਰੇਸ਼ ਹੈਪੀ)-ਖਾਦ ਕੰਪਨੀਆਂ ਤੇ ਡਿਸਟ੍ਰੀਬਿਊਟਰਾਂ ਵੱਲੋਂ ਖਾਦ ਡੀਲਰਾਂ ਨੂੰ ਖਾਦ ਦੇ ਨਾਲ ਬੇਲੋੜੀਆਂ ਵਸਤੂਆਂ ਧੱਕੇਸ਼ਾਹੀ ਨਾਲ ਦੇਣ ਦੇ ਰੋਸ ਵਜੋਂ ਅੱਜ ਖਾਦ ਤੇ ਕੀਟਨਾਸ਼ਕ ਦਵਾਈਆਂ ਦੇ ਡੀਲਰ ਐਸੋਸੀਏਸ਼ਨ ਦਾ ਇੱਕ ਵਫ਼ਦ ਨੇ ਪ੍ਰਧਾਨ ਸਤਪਾਲ ਮਨਚੰਦਾ ਦੀ ਅਗਵਾਈ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਮੰਗ ਪੱਤਰ ਸੌਂਪਿਆ | ਐਸੋਸੀਏਸ਼ਨ ਦੇ ਪ੍ਰਧਾਨ ਨੇ ਸੰਤ ਸੀਚੇਵਾਲ ਨੂੰ ਦੱਸਿਆ ਕਿ ਲੰਮੇ ਸਮੇਂ ਤੋਂ ਖਾਦ ਡਿਸਟ੍ਰੀਬਿਊਟਰ ਖਾਦ ਲੀਡਰਾਂ ਦੇ ਨਾਲ ਖਾਦ ਦੇਣ ਤੋਂ ਆਨਾਕਾਨੀ ਕਰਦੇ ਆ ਰਹੇ ਹਨ ਅਤੇ ਖਾਦ ਦੇਣ ਦੀ ਸੂਰਤ ਵਿਚ ਹੋਰ ਫ਼ਾਲਤੂ ਸਮਾਨ ਲੈਣ ਤੇ ਵੀ ਦਬਾਅ ਪਾ ਰਹੇ ਹਨ | ਅਜਿਹੀ ਹਾਲਤ ਵਿਚ ਜੇ ਦੁਕਾਨਦਾਰਾਂ ਨੂੰ ਵਾਧੂ ਸਮਾਨ ਚੁੱਕਣਾ ਪੈਂਦਾ ਹੈ ਤਾਂ ਇਸ ਦਾ ਬੋਝ ਸਿੱਧੇ ਤੌਰ ਤੇ ਕਿਸਾਨਾਂ ਤੇ ਪਵੇਗਾ | ਉਨ੍ਹਾਂ ਕਿਹਾ ਕਿ ਅਸੀਂ ਖੇਤੀਬਾੜੀ ਵਿਭਾਗ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਸਿਰਫ਼ ਖਾਦ ਹੀ ਵੇਚਣ ਲਈ ਇਸ ਵਾਰ ਮੁਹੱਈਆ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਖੇਤੀਬਾੜੀ ਵਿਭਾਗ ਜਾਂ ਪ੍ਰਸ਼ਾਸਨ ਨੇ ਉਨ੍ਹਾਂ ਦੀ ਸੁਣਵਾਈ ਨਾ ਕੀਤੀ ਤਾਂ ਤਾਂ ਮਜਬੂਰ ਹੋ ਕੇ ਖਾਦ ਡੀਲਰ ਖੇਦ ਵੇਚਣੀਆਂ ਬੰਦ ਕਰਕੇ ਦੁਕਾਨਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦੇਣਗੇ | ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਖਾਦ ਡੀਲਰਾਂ ਨੂੰ ਭਰੋਸਾ ਦਿੱਤਾ ਕਿ ਖਾਦ ਡਿਸਟੀਬਿਊਟਰਾਂ ਤੇ ਕੰਪਨੀਆਂ ਨੂੰ ਅਜਿਹੀ ਜ਼ਬਰਦਸਤੀ ਕਿਸੇ ਵੀ ਸੂਰਤ ਵਿਚ ਨਹੀਂ ਕਰਨ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਡੀਲਰਾਂ ਨੂੰ ਡੀਏਪੀ ਜਾਂ ਯੂਰੀਆ ਖਾਦ ਮਿਲੇਗੀ ਜ਼ਰੂਰ ਪਰੰਤੂ ਕੋਈ ਵਾਧੂ ਸਮਗਰੀ ਨਹੀਂ ਦੇਣ ਦਿੱਤੀ ਜਾਵੇਗੀ | ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣਗੇ ਤੇ ਇਸਤੋਂ ਇਲਾਵਾ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਖੇਤੀਬਾੜੀ ਅਫ਼ਸਰ ਨਾਲ ਵੀ ਗੱਲ ਕਰਨਗੇ | ਇਸ ਮੌਕੇ ਸ਼ੁਭਮ ਮਨਚੰਦਾ, ਮਲਕੀਤ ਸਿੰਘ, ਦੀਪਕ ਨਈਅਰ, ਰੋਹਿਤ ਧੀਰ, ਕਰਮਜੀਤ ਖਿੰਡਾ, ਸੁਖਜੀਤ ਸਿੰਘ, ਮਨੀ ਗੁਪਤਾ, ਕਮਲਜੀਤ ਗੁਪਤਾ, ਪ੍ਰਗਟ ਸਿੰਘ, ਮਨਜਿੰਦਰ ਸਿੰਘ ਸੰਧੂ, ਤਰੁਣ ਮਿੱਤਲ, ਅਵਿਨਾਸ਼ ਖੁਰਾਣਾ, ਬਲਵਿੰਦਰ ਸਿੰਘ, ਜਸਕਰਨ ਸਿੰਘ ਬੂਸੋਵਾਲ ਆਦਿ ਵੀ ਹਾਜ਼ਰ ਸਨ |