ਗੁਰੂਹਰਸਹਾਏ (ਫ਼ਿਰੋਜ਼ਪੁਰ), 3 ਸਤੰਬਰ (ਕਪਿਲ ਕੰਧਾਰੀ)- ਗੁਰੂਹਰਸਹਾਏ ਸ਼ਹਿਰ ਵਿਚ ਬੀਤੀ ਰਾਤ ਚੋਰਾਂ ਵਲੋਂ ਇਕ ਦੁਕਾਨ ਦੀ ਛੱਤ ਪਾੜ ਕੇ ਅੰਦਰ ਦਾਖ਼ਲ ਹੋਣ ਅਤੇ ਕੈਸ਼ ਸਮੇਤ ਚਾਂਦੀ ਦੀ ਮੂਰਤੀ, ਸਿੱਕੇ ਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਇਸ ਘਟਨਾ ਕਾਰਨ ਦੁਕਾਨਦਾਰਾਂ ਵਿਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਚੰਦਨ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਸ਼ਰਮਾ ਟਰੇਡਿੰਗ ਕੰਪਨੀ ਰੇਲਵੇ ਪੁਲ ਦੇ ਨੇੜੇ ਬਣੀ ਮਾਰਕੀਟ ਵਿਚ ਸਥਿਤ ਹੈ।
ਦੁਕਾਨ ਵਿਚ ਪਸ਼ੂਆਂ ਲਈ ਵੱਖ-ਵੱਖ ਕਿਸਮ ਦੀ ਫੀਡ ਅਤੇ ਹੋਰ ਸਮਾਨ ਦਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਰਾਤ ਸਮੇਂ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ। ਜਦੋਂ ਸਵੇਰੇ ਦੁਕਾਨ ਖੋਲ੍ਹਣ ਲਈ ਪਹੁੰਚੇ ਤਾਂ ਦਫ਼ਤਰ ਵਿਚ ਟੇਬਲ ਦੇ ਦਰਾਜ਼ ਖੁੱਲ੍ਹੇ ਪਏ ਸਨ। ਜਾਂਚ ਕਰਨ ’ਤੇ ਪਤਾ ਲੱਗਾ ਕਿ ਦਰਾਜ਼ ਵਿਚ ਪਿਆ ਕੈਸ਼, ਭਗਵਾਨ ਜੀ ਦੀ ਚਾਂਦੀ ਦੀ ਮੂਰਤੀ, ਸਿੱਕੇ ਅਤੇ ਹੋਰ ਕੀਮਤੀ ਸਮਾਨ ਗਾਇਬ ਸੀ। ਚੰਦਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦੁਕਾਨ ਦੇ ਪਿਛਲੇ ਹਿੱਸੇ ਵੱਲ ਜਾ ਕੇ ਜਾਂਚ ਕੀਤੀ ਤਾਂ ਛੱਤ ’ਤੇ ਦੋ ਥਾਵਾਂ ’ਤੇ ਪਾੜ ਪਏ ਹੋਏ ਮਿਲੇ।
ਉਨ੍ਹਾਂ ਦਾ ਸ਼ੱਕ ਹੈ ਕਿ ਚੋਰ ਛੱਤ ਪਾੜ ਕੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਕੇ ਫ਼ਰਾਰ ਹੋ ਗਏ। ਦੁਕਾਨ ਮਾਲਕ ਮੁਤਾਬਕ ਚੋਰੀ ਕਾਰਨ ਉਨ੍ਹਾਂ ਦਾ ਕਰੀਬ ਇਕ ਤੋਂ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਵਲੋਂ ਆਸ-ਪਾਸ ਦੇ ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ਼ ਵੀ ਖੰਗਾਲੀ ਜਾ ਰਹੀ ਹੈ। ਪੀੜਿਤ ਦੁਕਾਨ ਮਾਲਕ ਚੰਦਨ ਸ਼ਰਮਾ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਚੋਰਾਂ ਨੂੰ ਫੜ ਕੇ ਉਨ੍ਹਾਂ ਦਾ ਚੋਰੀ ਹੋਇਆ ਸਮਾਨ ਅਤੇ ਨਕਦੀ ਉਨ੍ਹਾਂ ਨੂੰ ਵਾਪਸ ਦਵਾਈ ਜਾਵੇ ਅਤੇ ਚੋਰਾਂ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।