ਡੇਰਾਬੱਸੀ, 22 ਅਕਤੂਬਰ (ਗੁਰਮੀਤ ਸਿੰਘ)- ਡੇਰਾਬੱਸੀ ਪੁਲਿਸ ਦੀ ਕਾਰਗੁਜ਼ਾਰੀ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਈ, ਜਦੋਂ 45 ਦਿਨ ਪਹਿਲਾਂ ਚੋਰੀ ਹੋਇਆ ਮੋਟਰਸਾਈਕਲ ਥਾਣੇ ਵਿਚ ਹੀ ਖੜ੍ਹਾ ਮਿਲਿਆ, ਪਰ ਇਸ ਦੀ ਜਾਣਕਾਰੀ ਮਾਲਕ ਨੂੰ ਪੁਲਿਸ ਵਲੋਂ ਨਹੀਂ ਦਿੱਤੀ ਗਈ। ਮਾਲਕ ਨੇ ਖੁਦ ਥਾਣੇ ਪਹੁੰਚ ਕੇ ਆਪਣੇ ਚੋਰੀ ਹੋਏ ਮੋਟਰਸਾਈਕਲ ਦੀ ਪਛਾਣ ਕੀਤੀ। ਹੈਰਾਨੀ ਦੀ ਗੱਲ ਇਹ ਹੈ ਕਿ ਚੋਰੀ ਦੀ ਸ਼ਿਕਾਇਤ ਦੇਣ ਦੇ ਬਾਵਜੂਦ ਮਾਮਲਾ ਦਰਜ ਨਹੀਂ ਕੀਤਾ ਗਿਆ।
ਮੋਟਰਸਾਈਕਲ ਮਾਲਕ ਵਰਿੰਦਰ ਪਾਲ ਸਿੰਘ ਨੇ ਦੱਸਿਆ ਕਿ 6 ਸਤੰਬਰ ਦੀ ਰਾਤ ਨੂੰ ਰਾਮਲੀਲਾ ਗਰਾਊਂਡ ਨੇੜਿਓਂ ਉਸ ਦਾ ਸਪਲੈਂਡਰ ਮੋਟਰਸਾਈਕਲ (ਨੰਬਰ ਸੀਐੱਚ 03 ਯੂ 0282) ਚੋਰੀ ਹੋ ਗਿਆ ਸੀ। ਉਸ ਨੇ 112 ’ਤੇ ਕਾਲ ਕਰਨ ਮਗਰੋਂ ਡੇਰਾਬੱਸੀ ਥਾਣੇ ਵਿਚ ਸ਼ਿਕਾਇਤ ਦਿੱਤੀ। ਅਗਲੇ ਦਿਨ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੂੰ ਮਿਲ ਕੇ ਸੀਸੀਟੀਵੀ ਕੈਮਰੇ ਚੈੱਕ ਕਰਨ ਦੀ ਮੰਗ ਵੀ ਕੀਤੀ, ਪਰ ਕੋਈ ਕਾਰਵਾਈ ਨਹੀਂ ਹੋਈ।
ਵਰਿੰਦਰ ਅਨੁਸਾਰ ਆਨਲਾਈਨ ਸ਼ਿਕਾਇਤ ਮਗਰੋਂ ਜਾਂਚ ਅਧਿਕਾਰੀ ਨੇ ਰਿਪੋਰਟ ਵਿਚ ਲਿਖਿਆ ਕਿ ਉਸ ਨੂੰ ਦੋ ਵਾਰ ਥਾਣੇ ਬੁਲਾਇਆ ਗਿਆ, ਪਰ ਉਹ ਨਹੀਂ ਆਇਆ। ਵਰਿੰਦਰ ਨੇ ਇਸ ਦਾਅਵੇ ਨੂੰ ਗਲਤ ਦੱਸਦਿਆਂ ਕਿਹਾ ਕਿ ਉਹ ਕਈ ਵਾਰ ਖੁਦ ਥਾਣੇ ਗਿਆ ਸੀ। ਚਾਰ ਦਿਨ ਪਹਿਲਾਂ ਥਾਣੇ ਪਹੁੰਚਣ ’ਤੇ ਉਸ ਨੂੰ ਆਪਣਾ ਮੋਟਰਸਾਈਕਲ ਹੋਰ ਵਾਹਨਾਂ ਵਿਚਕਾਰ ਖੜ੍ਹਾ ਮਿਲਿਆ। ਉਸ ਨੇ ਪੁਲਿਸ ਦੀ ਲਾਪਰਵਾਹੀ ਖ਼ਿਲਾਫ਼ ਉੱਚ ਅਧਿਕਾਰੀਆਂ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਉੱਧਰ ਜਾਂਚ ਅਧਿਕਾਰੀ ਦਿਲਬਾਗ ਸਿੰਘ ਨੇ ਮੰਨਿਆ ਕਿ ਮੋਟਰਸਾਈਕਲ ਚੋਰੀ ਸੰਬੰਧੀ ਮਾਮਲਾ ਦਰਜ ਨਹੀਂ ਕੀਤਾ ਗਿਆ। ਲੇਕਿਨ ਡੇਰਾਬੱਸੀ ਥਾਣੇ ਵਿਚ ਖੜੇ ਚੋਰੀ ਹੋਏ ਮੋਟਰਸਾਈਕਲ ਬਾਰੇ ਉਨ੍ਹਾਂ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਤਿਉਹਾਰਾਂ ਦੇ ਸੀਜਨ ਵਿਚ ਅਜਿਹਾ ਮਾਮਲਾ ਸਾਹਮਣੇ ਆਉਣ ਤੇ ਪੁਲਿਸ ਦੀ ਮੁਸਤੈਦੀ ’ਤੇ ਕਈ ਸਵਾਲ ਖੜ੍ਹੇ ਕਰ ਰਿਹਾ ਹੈ।