ਦਿੜਬਾ ਮੰਡੀ (ਸੰਗਰੂਰ), 1 ਸਤੰਬਰ (ਜਸਵੀਰ ਸਿੰਘ ਔਜਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਦਿੜ੍ਹਬਾ ਵਲੋਂ ਅੱਜ ਸੋਨਾ ਚੋਰੀ ਦੇ ਮਾਮਲੇ ਨੂੰ ਲੈ ਕੇ ਥਾਣਾ ਦਿੜ੍ਹਬਾ ਅੱਗੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬਲਾਕ ਦਿੜ੍ਹਬਾ ਦੇ ਪ੍ਰਧਾਨ ਹਰਜੀਤ ਸਿੰਘ ਮਹਿਲਾ ਅਤੇ ਜ਼ਿਲ੍ਹਾ ਖ਼ਜ਼ਾਨਚੀ ਅਮਨਦੀਪ ਸਿੰਘ ਮਹਿਲਾ ਨੇ ਦੱਸਿਆ ਕਿ 7 ਅਗਸਤ ਨੂੰ ਮਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਦਿੜ੍ਹਬਾ ਦੇ ਘਰੋਂ 12 ਤੋਲੇ ਸੋਨਾ ਅਤੇ 95 ਹਜ਼ਾਰ ਰੁਪਏ ਚੋਰੀ ਹੋ ਗਏ ਸਨ।
ਆਗੂਆਂ ਨੇ ਦੱਸਿਆ ਕਿ ਪੁਲਿਸ ਥਾਣਾ ਦਿੜ੍ਹਬਾ ਵਲੋਂ ਇਸ ਮਾਮਲੇ ਵਿਚ 74 ਗ੍ਰਾਮ ਸੋਨਾ ਬਰਾਮਦ ਕਰਨ ਦੀ ਗੱਲ ਆਖੀ ਗਈ ਸੀ। ਐੱਸ.ਐੱਚ.ਓ. ਵਲੋਂ ਦੱਸਿਆ ਗਿਆ ਕਿ ਕੁਲਦੀਪ ਸਿੰਘ ਪੁੱਤਰ ਦਲੇਲ ਸਿੰਘ ਵਾਸੀ ਦਿੜ੍ਹਬਾ ਨੇ ਸੋਨੇ ਦੀ ਚੋਰੀ ਕੀਤੀ ਸੀ, ਜਿਸ ਸਬੰਧੀ ਐੱਫ.ਆਈ.ਆਰ. ਦਰਜ ਕਰਕੇ ਪੁੱਛਗਿੱਛ ਦੌਰਾਨ ਸੋਨਾ ਬਰਾਮਦ ਕੀਤਾ ਗਿਆ। ਪੁਲਿਸ ਮੁਤਾਬਕ ਕੁਲਦੀਪ ਸਿੰਘ ਨੇ ਬਾਕੀ ਸੋਨਾ ਆਪਣੇ ਪਿਤਾ ਦਲੇਲ ਸਿੰਘ ਕੋਲ ਹੋਣ ਦੀ ਗੱਲ ਦੱਸੀ ਹੈ, ਪਰ ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਵਲੋਂ ਦਲੇਲ ਸਿੰਘ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ।