ਐਂਟੀ ਡਰੱਗ ਕਲੱਬ ਦੇ ਚੇਅਰਮੈਨ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪੁੱਜੇ ਮਾਤਾ ਹਰਪਾਲ ਕੌਰ
ਸੁਲਤਾਨਪੁਰ ਲੋਧੀ, 11 ਅਗਸਤ (ਥਿੰਦ)-ਸੂਬੇ ਭਰ ਵਿਚ ਨੌਜਵਾਨਾਂ ਨੂੰ ਮਾਰੂ ਨਸ਼ਿਆਂ ਪ੍ਰਤੀ ਜਾਗਰੂਕ ਕਰ ਰਹੇ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਤੇ ਡਾ. ਨਵਪ੍ਰੀਤ ਸਿੰਘ ਦੇ ਗ੍ਰਹਿ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਉਚੇਚੇ ਤੌਰ ’ਤੇ ਪਹੁੰਚੇ | ਇਸ ਮੌਕੇ ਉਨ੍ਹਾਂ ਦਾ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ, ਨਵਪ੍ਰੀਤ ਸਿੰਘ, ਉੱਘੇ ਸਿੱਖਿਆ ਪ੍ਰਬੰਧਕ ਸੁਖਦੇਵ ਸਿੰਘ ਜੱਜ, ਹਲਕਾ ਇੰਚਾਰਜ ਕਪੂਰਥਲਾ ਕਰਮਬੀਰ ਸਿੰਘ ਚੰਦੀ, ਗੁਰਪ੍ਰੀਤ ਸਿੰਘ ਸੋਨਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ |ਇਸ ਮੌਕੇ ਮਾਤਾ ਹਰਪਾਲ ਕੌਰ ਨੇ ਐਂਟੀ ਡਰੱਗ ਕਲੱਬ ਦੁਆਬਾ ਵੱਲੋਂ ਮਾਨਵਤਾ ਦੀ ਸੇਵਾ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬੀਆਂ ਦੇ ਖ਼ੂਨ ਵਿਚ ਹੀ ਸੇਵਾ ਦਾ ਸੰਕਲਪ ਹੈ | ਜਿਸ ਨੂੰ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਵੱਲੋਂ ਬਾਖ਼ੂਬੀ ਅੱਗੇ ਤੋਰਿਆ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਸਹੀ ਸੇਧ ਦੇਣ ਦੀ ਲੋੜ ਹੈ ਤਾਂ ਜੋ ਉਹ ਨਸ਼ਿਆਂ ਤੋਂ ਦੂਰ ਰਹਿਣ | ਉਨ੍ਹਾਂ ਨੇ ਕਿਹਾ ਕਿ ਐਂਟੀ ਡਰੱਗ ਕਲੱਬ ਨੇ ਪੰਜਾਬ ਦੇ ਨੌਜਵਾਨਾਂ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ ਜੋ ਯਤਨ ਕੀਤੇ ਹਨ, ਸਾਨੂੰ ਸਾਰਿਆਂ ਨੂੰ ਇਸ ਮੁਹਿੰਮ ਦਾ ਸਾਥ ਦੇਣਾ ਚਾਹੀਦਾ ਹੈ |ਇਸ ਮੌਕੇ ਐਂਟੀ ਡਰੱਗ ਕਲੱਬ ਦੁਆਬਾ ਦੇ ਚੇਅਰਮੈਨ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਨੇ ਮਾਤਾ ਹਰਪਾਲ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਸਤਾ ਦਿਖਾਉਣ ਲਈ ਲਗਾਤਾਰ ਯਤਨ ਕਰਦੇ ਰਹਿਣਗੇ | ਇਸ ਮੌਕੇ ਐਂਟੀ ਡਰੱਗ ਕਲੱਬ ਦੀ ਸਮੁੱਚੀ ਟੀਮ ਵਲੋਂ ਗਗਨਦੀਪ ਸਿੰਘ ਅਤੇ ਨਵਪ੍ਰੀਤ ਸਿੰਘ ਦੀ ਅਗਵਾਈ ਹੇਠ ਮਾਤਾ ਹਰਪਾਲ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਰੋਟਰੀ ਕਲੱਬ, ਇਨਰਵੀਲ ਕਲੱਬ ਸੁਲਤਾਨਪੁਰ ਲੋਧੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਲਾਏ ਗਏ ਖ਼ੂਨਦਾਨ ਕੈਂਪ ਵਿਚ ਹਿੱਸਾ ਲੈਣ ਵਾਲੇ ਵਲੰਟੀਅਰਜ਼ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਾਤਾਵਰਨ ਪ੍ਰੇਮੀ ਸੰਤ ਸੁਖਜੀਤ ਸਿੰਘ ਸੀਚੇਵਾਲ ਨੇ ਵੀ ਮਾਤਾ ਹਰਪਾਲ ਕੌਰ ਦਾ ਭਰਵਾਂ ਸਵਾਗਤ ਕਰਦਿਆਂ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਵਾਤਾਵਰਨ, ਪਾਣੀ ਅਤੇ ਰੁੱਖਾਂ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ | ਹਲਕਾ ਸੁਲਤਾਨਪੁਰ ਲੋਧੀ ਦੇ ਉੱਘੇ ਸਿੱਖਿਆ ਪ੍ਰਬੰਧਕ ਸੁਖਦੇਵ ਸਿੰਘ ਜੱਜ ਨੇ ਵੀ ਮਾਤਾ ਹਰਪਾਲ ਕੌਰ ਨੂੰ ਜੀ ਆਇਆਂ ਕਿਹਾ | ਇਸ ਮੌਕੇ ਲਵਪ੍ਰੀਤ ਸਿੰਘ ਭਿੰਡਰ, ਕਪੂਰਥਲਾ ਦੇ ਆਪ ਆਗੂ ਗੁਰਪ੍ਰੀਤ ਸਿੰਘ ਸੋਨਾ, ਕੌਂਸਲਰ ਅਨਿਲ ਸ਼ੁਕਲਾ,ਆਪ ਆਗੂ ਜਸਕੰਵਲ ਸਿੰਘ ਤਲਵੰਡੀ ਚੌਧਰੀਆਂ, ਕੌਂਸਲਰ ਸਮੀਰ ਸ਼ਰਮਾ, ਆਕਾਸ਼ਦੀਪ ਸਿੰਘ ਆਦਿ ਹਾਜ਼ਰ ਸਨ |