ਕਾਰ ਤੇ ਟਰੈਕਟਰ-ਟਰਾਲੀ ਦੀ ਜ਼ਬਰਦਸਤ ਟੱਕਰ, ਭੈਣ-ਭਰਾ ਵਾਲ-ਵਾਲ ਬਚੇ
ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ
ਫਗਵਾਡ਼ਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ-ਹੁਸ਼ਿਆਰਪੁਰ ਸਡ਼ਕ ’ਤੇ ਪਿੰਡ ਖੁਰਮਪੁਰ ਨੇਡ਼ੇ ਅੱਜ ਸਵੇਰੇ ਕਾਰ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਕਾਰ ਸਵਾਰ ਭੈਣ-ਭਰਾ ਵਾਲ-ਵਾਲ ਬਚ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਫਗਵਾਡ਼ਾ, 20 ਨਵੰਬਰ (ਹਰਜੋਤ ਸਿੰਘ ਚਾਨਾ)-ਫਗਵਾਡ਼ਾ-ਹੁਸ਼ਿਆਰਪੁਰ ਸਡ਼ਕ ’ਤੇ ਪਿੰਡ ਖੁਰਮਪੁਰ ਨੇਡ਼ੇ ਅੱਜ ਸਵੇਰੇ ਕਾਰ ਅਤੇ ਟਰੈਕਟਰ-ਟਰਾਲੀ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਕਾਰ ਸਵਾਰ ਭੈਣ-ਭਰਾ ਵਾਲ-ਵਾਲ ਬਚ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਲਾਂਕਿ ਕਾਰ ਸਵਾਰਾਂ ਨੂੰ ਕੋਈ ਗੰਭੀਰ ਸੱਟ ਲੱਗਣ ਦੀ ਸੂਚਨਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਆਪਣੀ ਭੈਣ ਨਾਲ ਹੁਸ਼ਿਆਰਪੁਰ ਤੋਂ ਫਗਵਾਡ਼ਾ ਵੱਲ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਖੁਰਮਪੁਰ ਨੇਡ਼ੇ ਪਹੁੰਚੇ ਤਾਂ ਸਾਹਮਣੇ ਜਾ ਰਹੀ ਟਰੈਕਟਰ-ਟਰਾਲੀ ਵੱਲੋਂ ਓਵਰਟੇਕ ਕਰਨ ਦੀ ਕੋਸ਼ਿਸ਼ ਦੌਰਾਨ ਕਾਰ ਉਸ ਨਾਲ ਟਕਰਾ ਗਈ। ਕਾਰ ਚਾਲਕ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੀ ਭੈਣ ਦੀ ਦਵਾਈ ਲੈਣ ਲਈ ਫਗਵਾਡ਼ਾ ਆ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਟਰੈਕਟਰ-ਟਰਾਲੀ ਚਾਲਕ ਦੀ ਲਾਪਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਤੇ ਟੱਕਰ ਤੋਂ ਬਾਅਦ ਉਹ ਮੌਕੇ ’ਤੇ ਰੁਕਣ ਦੀ ਬਜਾਏ ਟਰੈਕਟਰ-ਟਰਾਲੀ ਸਮੇਤ ਫ਼ਰਾਰ ਹੋ ਗਿਆ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਕਾਰ ਵਿਚ ਫਸੇ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਭੈਣ ਨੂੰ ਸੁਰੱਖਿਅਤ ਬਾਹਰ ਕੱਢਿਆ। ਉੱਧਰ, ਹਾਦਸੇ ਕਾਰਨ ਹੁਸ਼ਿਆਰਪੁਰ ਰੋਡ ’ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ, ਜਿਸ ਕਾਰਨ ਕਾਫ਼ੀ ਸਮੇਂ ਤੱਕ ਆਵਾਜਾਈ ਪ੍ਰਭਾਵਿਤ ਰਹੀ।