23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਦਰਦ ਭਰੀ ਖ਼ਾਮੋਸ਼ੀ

ਦਰਦ ਭਰੀ ਖ਼ਾਮੋਸ਼ੀ

Ad Position 21
No active advertisement
ਅਜੀਤ ਡੈਸਕ 23-08-2026

 

ਮੈਂ ਮਾਂ ਦੀ ਚਿਤਾ ਨੂੰ  ਅਗਨ ਭੇਂਟ ਕਰ ਦਿੱਤਾ ਸੀ  | ਉਧਰ ਮਾਂ ਨੂੰ  ਅੱਗ ਦੀਆਂ ਲਪਟਾਂ ਆਪਣੇ 'ਚ ਸਮਾ ਰਹੀਆਂ ਸਨ ਤੇ ਇਧਰ ਹਰ ਲਪਟ ਨਾਲ ਮੇਰਾ ਦਿਲ ਵੀ ਜਲ ਰਿਹਾ ਸੀ | ਚਿਤਾ ਦੀ ਅੱਗ ਜਿਵੇਂ-ਜਿਵੇਂ ਭੜਕ ਰਹੀ ਸੀ ਤਿਵੇਂ-ਤਿਵੇਂ ਮਾਂ ਦੀਆਂ ਯਾਦਾਂ ਮੇਰੀਆਂ ਅੱਖਾਂ ਅੱਗੇ ਤੈਰ ਰਹੀਆਂ ਸਨ | ਯਾਦ ਆਇਆ ਕਿ ਇਕ ਦਿਨ ਮਾਂ ਨੂੰ  ਮਿਲਣ ਨੂੰ  ਦਿਲ ਕੀਤਾ ਤਾਂ ਮਾਂ ਕੋਲ ਆ ਗਿਆ | ਮਾਂ ਭੱਜ ਕੇ ਮਿਲੀ, ਪਰ ਮਹਿਸੂਸ ਕੀਤਾ ਕਿ ਮਾਂ ਹੁਣ ਬੁੱਢੀ ਹੋ ਗਈ ਹੈ | ਹੁਣ ਉਹ ਪਹਿਲਾਂ ਵਰਗੀ ਚੁਸਤ ਵੀ ਨਹੀਂ ਸੀ ਰਹੀ | ਕੁਝ ਕਮਜ਼ੋਰ ਵੀ ਲੱਗ ਰਹੀ ਸੀ, ਪਰ ਉਸ ਨੇ ਕਿਹਾ ਕਿ ਉਹ ਠੀਕ ਹੈ | ਉਸ ਨੂੰ  ਪੁੱਛਿਆ ਕਿ ਮਾਂ ਮੇਰੇ ਬਿਨਾਂ ਕੀ ਤੇਰਾ ਦਿਲ ਲੱਗ ਗਿਆ ਏ ? ਤਾਂ ਮਾਂ ਬੋਲੀ ਹਾਂ | ਮਾਂ ਦੀ ਗੱਲ ਸੁਣ ਕੇ ਕੁਝ ਅਟਪਟਾ ਜਿਹਾ ਲੱਗਿਆ  | ਫਿਰ ਮੈਂ ਘਰ ਵਾਪਸ ਆ ਗਿਆ | ਮਾਂ ਤੋਂ ਅਲੱਗ ਘਰ 'ਚ ਜੋ ਰਹਿਣ ਲੱਗ ਗਿਆ ਸੀ | ਵਿਆਹ ਤੋਂ ਬਾਅਦ ਮੇਰੇ ਮਾਪਿਆਂ ਤੇ ਮੇਰੀ ਪਤਨੀ 'ਚ ਮਨ-ਮੁਟਾਅ ਹੋ ਗਿਆ ਸੀ ਜਿਸ ਕਰਕੇ ਮੈਂ ਆਪਣੀ ਪਤਨੀ ਨਾਲ਼ ਅਲੱਗ ਘਰ 'ਚ ਰਹਿਣਾ ਹੀ ਠੀਕ ਸਮਝਿਆ | ਮੈਂ ਆਪਣੇ ਮਾਤਾ-ਪਿਤਾ ਨੂੰ  ਇਕੱਲਾ ਛੱਡ ਆਇਆ ਸੀ, ਫਿਰ ਮੈਂ ਆਪਣੀ ਘਰ ਗ੍ਰਹਿਸਥੀ 'ਚ ਐਸਾ ਰੁੱਝ ਗਿਆ ਕਿ ਮਾਂ ਕੋਲ ਜਾਇਆ ਨਾ ਜਾਂਦਾ | ਇਕ ਦਿਨ ਪਿਤਾ ਜੀ ਨੇ ਸੁਨੇਹਾ ਭਿਜਵਾ ਦਿੱਤਾ ਕਿ ਮਾਂ ਕੁਝ ਜ਼ਿਆਦਾ ਹੀ ਬਿਮਾਰ ਹੋ ਗਈ ਏ | ਮੈਂ ਗਿਆ ਤਾਂ ਦੇਖਿਆ ਕਿ ਮਾਂ ਦਾ ਚਿਹਰਾ ਮੁਰਝਾ ਗਿਆ ਏ, ਅੱਖਾਂ ਦੇ ਥੱਲੇ ਕਾਲੇ ਘੇਰੇ ਪੈ ਗਏ ਨੇ | ਮਾਂ ਦਾ ਭਾਰ ਮਸਾਂ 30 ਕਿੱਲੋ ਰਹਿ ਗਿਆ ਹੈ | ਉਹ ਮੰਜੇ 'ਤੇ ਪਈ ਨਹੀਂ ਦਿਖਦੀ | ਮਾਂ ਦੇ ਸਰੀਰ ਦਾ ਇਕ ਪਾਸਾ ਲਕਵੇ ਕਾਰਨ ਬੇਜਾਨ ਜੋ ਹੋ ਗਿਆ ਸੀ | ਹੁਣ ਮਾਂ ਚੱਲ ਫਿਰ ਵੀ ਨਹੀਂ ਸਕਦੀ ਸੀ | ਹੁਣ ਉਹ ਮੰਜੇ ਤੱਕ ਹੀ ਸੀਮਤ ਸੀ | ਮਾਂ ਦੀ ਬਦ ਤੋਂ ਬਦਤਰ ਹਾਲਤ ਦੇਖ ਕੇ ਮੇਰੀਆਂ ਭੁੱਬਾਂ ਨਿਕਲ ਗਈਆਂ | ਘਰ ਦੀਆਂ ਦੀਵਾਰਾਂ ਜਿਵੇਂ ਖ਼ਾਮੋਸ਼ ਹੋ ਗਈਆਂ ਸਨ | ਜਿਸ ਘਰ 'ਚ ਕਦੇ ਮਾਂ ਦੇ ਹੱਸਣ ਦੀ ਆਵਾਜ਼ ਗੂੰਜਦੀ ਸੀ, ਅੱਜ ਉੱਥੇ ਚੱੁੱਪੀ, ਦਰਦ ਅਤੇ ਬੇਵਸੀ ਦਾ ਰਾਜ ਸੀ | ਮੈਂ ਮਾਂ ਕੋਲ ਗੋਡਿਆਂ ਭਾਰ ਬੈਠ ਗਿਆ ਤੇ ਸਿਰਫ਼ ਐਨਾ ਹੀ ਕਹਿ ਸਕਿਆ, ਮਾਂ, ਇਹ ਕੀ ਹੋ ਗਿਆ | ਹੇ! ਪ੍ਰਮਾਤਮਾ ਤੂੰ ਮੇਰੀ ਮਾਂ ਨਾਲ ਇਸ ਤਰ੍ਹਾਂ ਕਿਉਂ ਕੀਤਾ | ਇਸ ਤੋਂ ਬਾਅਦ ਮਾਂ ਦੀ ਖ਼ਬਰ ਲੈਣ ਰੋਜ਼ ਜਾਂਦਾ ਪਰ, ਮਾਂ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਸੀ | ਇਕ ਦਿਨ ਮੈਂ ਮਾਂ ਦਾ ਚਿਹਰਾ ਦੇਖਦੇ-ਦੇਖਦੇ ਆਪਣੇ ਬਚਪਨ 'ਚ ਖੋ ਗਿਆ | ਜਦ ਮਾਂ ਮੇਰੇ ਕਾਲਾ ਟਿੱਕਾ ਲਗਾ ਦਿੰਦੀ ਸੀ ਕਿ ਮੈਨੂੰ ਕਿਸੇ ਦੀ ਨਜ਼ਰ ਨਾ ਲਗ ਜਾਵੇ | ਅਸਲ 'ਚ ਮੈਂ ਸਾਰੇ ਭੈਣ ਭਰਾਵਾਂ 'ਚੋਂ ਗੋਰਾ ਚਿੱਟਾ ਸੀ | ਮਾਂ ਮੈਨੂੰ ਕਲਾਵੇ 'ਚ ਲੈਂਦੀ ਤੇ ਕਹਿੰਦੀ ਪੁੱਤ ਤੂੰ ਪੜ੍ਹ-ਲਿਖ ਕੇ ਵੱਡਾ ਆਦਮੀ ਬਣੀਂ  | ਮੈਨੂੰ ਯਾਦ ਏ ਕਿ ਬਚਪਨ 'ਚ ਜਦ ਡਾਕਟਰ ਮੇਰੀ ਸਰਜਰੀ ਕਰ ਰਹੇ ਸਨ ਤਾਂ ਮਾਂ ਬਾਹਰ ਬੈਠੀ ਪਾਠ ਕਰਦੀ ਰਹੀ ਤੇ ਮੇਰੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀ ਰਹੀ ਜਦ ਕਿ ਉਹ ਸਵੇਰ ਤੋਂ ਭੁੱਖੀ ਪਿਆਸੀ ਬੈਠੀ ਸੀ | ਜਦ ਕਦੇ ਪਿਤਾ ਜੀ ਮੈਨੂੰ ਝਿੜਕਦੇ ਤਾਂ ਮਾਂ ਮੇਰਾ ਪੱਖ ਹੀ ਲੈਂਦੀ | ਮੈਨੂੰ ਤਰ੍ਹਾਂ-ਤਰ੍ਹਾਂ ਦੇ ਪਕਵਾਨ ਬਣਾ ਕੇ ਖਵਾਉਂਦੀ |  ਜਦ ਮੈਂ ਵੱਡਾ ਹੋਇਆ ਤਾਂ ਇਕ ਗੋਰਾ ਚਿੱਟਾ ਤੇ ਉੱਚਾ ਲੰਬਾ ਨੌਜਵਾਨ ਨਿਕਲਿਆ | ਮਾਂ ਮੈਨੂੰ ਦੇਖ ਕੇ ਫੁੱਲੀ ਨਾ ਸਮਾਉਂਦੀ | ਹੁਣ  ਮੈਨੂੰ ਸਰਕਾਰੀ ਨੌਕਰੀ ਵੀ ਮਿਲ ਗਈ ਸੀ | ਮਾਂ ਹੁਣ ਮੇਰੇ ਵਿਆਹ ਦੇ ਸੁਪਨੇ ਲੈਣ ਲੱੱਗੀ | ਫਿਰ ਉਹ ਦਿਨ ਵੀ ਆਇਆ ਜਦ ਮੇਰਾ ਵਿਆਹ ਹੋਇਆ ਤਾਂ ਮਾਂ ਦੇ ਪੈਰ ਜ਼ਮੀਨ 'ਤੇ ਨਹੀਂ ਲੱਗ ਰਹੇ ਸਨ, ਪਰ ਵਿਆਹ ਤੋਂ ਥੋੜੇ੍ਹ ਦਿਨਾਂ ਬਾਅਦ ਹੀ ਮਾਪਿਆਂ ਤੇ ਪਤਨੀ ਦੀ ਤਕਰਾਰਬਾਜ਼ੀ ਰਹਿਣ ਲੱਗ ਪਈ ਤਾਂ ਮੈਂ ਕਸ਼ਮਕਸ਼ ਵਿੱਚ ਸੀ | ਮੈਂ ਆਪਣੀ ਪਤਨੀ ਨੂੰ  ਵੀ ਦੁਖੀ ਨਹੀਂ ਦੇਖਣਾ ਚਾਹੁੰਦਾ ਸੀ ਤੇ ਮਾਂ ਦਾ ਵਿਛੋੜਾ ਵੀ ਸਹਿਣ ਨਹੀਂ ਕਰ ਸਕਦਾ ਸੀ | ਜਦ ਮੈਂ  ਆਪਣੇ ਜੱਦੀ ਘਰ 'ਚ ਮਾਂ ਨੂੰ  ਛੱਡਿਆ ਤਾਂ ਦਿਲ ਰੋ ਰਿਹਾ ਸੀ  | ਮੇਰੀਆਂ ਖਾਮੋਸ਼ ਨਜ਼ਰਾਂ ਬੱਸ ਇਹੀ ਕਹਿ ਰਹੀਆਂ ਸਨ ਕਿ ਮਾਂ ਮੈਂ ਤੈਨੂੰ ਛੱਡ ਕੇ ਨਹੀਂ ਜਾ ਰਿਹਾ, ਮੈਂ ਤਾਂ ਬੱਸ ਹਾਲਾਤ ਤੋਂ ਹਾਰ ਕੇ ਜਾ ਰਿਹਾ ਹਾਂ | ਪਤਨੀ ਦਾ ਸਾਥ ਨਿਭਾਉਣਾ ਵੀ ਮੇਰਾ ਫ਼ਰਜ਼ ਏ, ਪਰ ਮਾਂ ਤੇਰੇ ਤੋਂ ਵਿੱਛੜਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਦੁੱਖ ਏ | ਮਾਂ ਕਦੇ ਦਿਲ ਤੋਂ ਨਹੀਂ ਛੱਡੀ ਜਾ ਸਕਦੀ ਤੇ ਮੇਰੀ ਰੂਹ ਤੇਰੇ 'ਚ ਹੀ ਵਸਦੀ ਏ  | ਦਿਨ ਬੀਤਦੇ ਗਏ ਮੈਂ ਕਸ਼ਮਕਸ਼ 'ਚ ਸੀ ਉਹ ਮਾਂ ਜੋ ਮੇਰੇ ਦਿਲ ਦੀ ਧੜਕਣ ਸੀ, ਮੈਂ ਉਸ ਨਾਲ ਨਹੀਂ ਰਹਿੰਦਾ ਸੀ | ਅੱਜ ਮਾਂ ਮੈਨੂੰ ਸਦਾ ਲਈ ਛੱਡ ਕੇ ਚਲੀ ਗਈ ਸੀ | ਮਾਂ ਕੁਝ ਜਲਦੀ ਹੀ ਚਲੀ ਗਈ ਸੀ, ਸ਼ਾਇਦ ਉਹ ਮੇਰਾ ਵਿਛੋੜਾ ਨਹੀਂ ਸਹਿਣ ਕਰ ਸਕੀ ਸੀ  | ਵੱਡਾ ਭਰਾ ਵੀ ਦੂਰ ਨੌਕਰੀ ਕਰਨ ਲੱਗ ਗਿਆ ਸੀ ਤੇ ਆਪਣੇ ਪਰਿਵਾਰ ਸਮੇਤ ਉੱਥੇ ਰਹਿਣ ਲੱਗ ਗਿਆ ਸੀ , ਭੈਣ ਵੀ ਵਿਆਹੀ ਜਾ ਚੁੱਕੀ ਸੀ | ਹੁਣ ਜਦੋਂ ਆਪਣੇ ਜੀਵਨ ਦੇ ਆਖ਼ਰੀ ਪੜਾਅ ਤੇ ਮਾਂ ਨੂੰ  ਆਪਣੇ ਪਰਿਵਾਰ ਦੀ ਜ਼ਰੂਰਤ ਸੀ ਤਾਂ ਉਸ ਕੋਲ ਕੋਈ ਨਹੀਂ ਸੀ | ਮਾਂ ਜਿੱਧਰ ਦੇਖਦੀ ਚੁੱਪ ਪਸਰੀ ਹੋਈ ਸੀ  | ਇਹੀ ਦਰਦ ਮਾਂ ਨੂੰ  ਅੰਦਰੋ-ਅੰਦਰ ਖਾ ਗਿਆ ਤੇ ਮਾਂ ਸਮੇਂ ਤੋਂ ਪਹਿਲਾਂ ਹੀ ਬੁੱਢੀ ਹੋ ਗਈ | ਮਾਂ ਨੇ ਆਪਣਾ ਗ਼ਮ ਕਿਸੇ ਨੂੰ  ਨਾ ਦੱਸਿਆ ਤੇ ਮਾਂ ਅੰਦਰੋ-ਅੰਦਰ ਧੁਖਦੀ ਰਹੀ ਤੇ ਇਕ ਜਾਨਲੇਵਾ ਬਿਮਾਰੀ ਨਾਲ ਐਸੀ ਗ੍ਰਸਤ ਹੋਈ ਕਿ ਮੁੜ ਤੰਦਰੁਸਤ ਨਾ ਹੋਈ | ਅਚਾਨਕ ਤਾਏ ਦੇ ਪੁੱਤ ਨੇ ਮੇਰੇ ਮੋਢੇ 'ਤੇ ਰੱਖਿਆ ਤੇ ਕਿਹਾ, 'ਵੀਰ ਹੌਸਲਾ ਰੱਖ |' ਮੈਂ ਆਪਣੇ ਖ਼ਿਆਲਾਂ 'ਚੋਂ ਬਾਹਰ ਆਉਂਦਾ ਹਾਂ ਤੇ ਅੱਜ ਫਿਰ ਇਸ ਪੜਾਅ ਤੇ ਮਾਂ ਨੂੰ  ਸਿਵਿਆਂ 'ਚ ਇਕੱਲਾ ਛੱਡ ਕੇ ਅੱਗੇ ਵਧ ਗਿਆ ਹਾਂ | ਅੱਜ ਮੈਂ ਬੇਵੱਸ ਹਾਂ | ਇਨ੍ਹਾਂ ਦੁੱਖਾਂ ਸੁਖਾਂ ਦਾ ਨਾਂਅ ਹੀ ਜ਼ਿੰਦਗੀ ਏ | ਇਕ ਦਰਦ ਭਰੀ ਖ਼ਾਮੋਸ਼ੀ ਨਾਲ ਮੈਂ ਘਰ ਵੱਲ ਕਦਮ ਵਧਾ ਲਏ ਨੇ |

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ • ਗੁਰਦਿਆਲ ਰੌਸ਼ਨ • ਅਗਲੀ ਖ਼ਬਰ ਪਾਕਿ ਦੇ ਰਾਵਲਪਿੰਡੀ ’ਚ ਫ਼ੌਜ ਤਾਇਨਾਤ
Ad Position 24