ਪਿਛਲੇ ਹਫ਼ਤੇ ਮੈਨੂੰ ਰਿਸ਼ਤੇਦਾਰੀ ਵਿਚ ਇਕ ਧਾਰਮਿਕ ਸਮਾਰੋਹ ਵਿਚ ਭਾਗ ਲੈਣ ਲਈ ਖੰਨੇ ਜਾਣਾ ਪੈ ਗਿਆ | ਮੈਂ ਸਕੂਟਰੀ 'ਤੇ ਹੀ ਜਾਣ ਦਾ ਮਨ ਬਣਾ ਲਿਆ | ਮੇਰੇ ਬੱਚਿਆਂ ਨੇ ਮੈਨੂੰ ਸਲਾਹ ਦਿੱਤੀ ਕਿ ਪਾਪਾ ਹੁਣ ਤੁਸੀਂ ਸੱਤਰਾਂ ਤੋਂ ਉੱਪਰ ਹੋ ਗਏ ਹੋ, ਇਸ ਲਈ ਸਕੂਟਰੀ 'ਤੇ ਜਾਣ ਦੀ ਬਜਾਏ ਬੱਸ ਵਿਚ ਚਲੇ ਜਾਵੋ | ਮੈਂ ਉਨ੍ਹਾਂ ਦੀ ਸਲਾਹ ਇਹ ਕਹਿ ਕੇ ਟਾਲ ਦਿੱਤੀ ਕਿ ਮੈਂ ਕਿਹੜਾ ਤੇਜ਼ ਚਲਾਉਣੀ ਹੈ, ਬਸ ਚਾਲੀ ਦੀ ਸਪੀਡ 'ਤੇ ਹੀ ਜਾਵਾਂਗਾ | ਰਸਤੇ ਵਿਚ ਦੋਰਾਹੇ ਤੋਂ ਅੱਗੇ ਮੈਂ ਗੁਰਦੁਆਰਾ ਮੰਜੀ ਸਾਹਿਬ 'ਤੇ ਵੀ ਨਤਮਸਤਕ ਹੁੰਦਾ ਜਾਵਾਂਗਾ |

ਅਗਲੇ ਦਿਨ ਜਦੋਂ ਮੈਂ ਵਾਪਿਸ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਪੁਲ ਦੀ ਸੜਕ ਟੁੱਟੀ-ਭੱਜੀ ਪਈ ਸੀ, ਜਿਉਂ ਹੀ ਮੇਰੀ ਸਕੂਟਰੀ ਉਥੋਂ ਲੰਘਣ ਲੱਗੀ ਤਾਂ ਉਹ ਬੇਕਾਬੂ ਹੋ ਗਈ ਅਤੇ ਮੈਂ ਸੜਕ 'ਤੇ ਡਿੱਗ ਗਿਆ ਅਤੇ ਮੇਰੀ ਖੱਬੀ ਲੱਤ ਉਸ ਦੇ ਹੇਠ ਆ ਗਈ | ਮੇਰੇ ਕੋਲੋਂ ਗੱਡੀਆਂ ਅਤੇ ਮੋਟਰਸਾਈਕਲ ਲੰਘ ਰਹੇ ਸਨ ਪਰ ਕਿਸੇ ਨੇ ਮੇਰੀ ਮਦਦ ਨਾ ਕੀਤੀ, ਸਗੋਂ ਮੇਰੇ ਵੱਲ ਵੇਖ ਕੇ ਅੱਗੇ ਲੰਘਦੇ ਰਹੇ ਸ਼ਾਇਦ ਉਹ ਸੋਚ ਰਹੇ ਹੋਣਗੇ ਕਿ ਮੁਫ਼ਤ ਦੀ ਬਲਾ ਹੀ ਨਾ ਸਾਡੇ ਪੱਲੇ ਪੈ ਜਾਵੇ |
ਚੰਦ ਸੈਕਿੰਡਾਂ ਬਾਅਦ ਇਕ ਗੱਡੀ ਮੇਰੇ ਅੱਗੇ ਰੁਕੀ ਅਤੇ ਉਸ ਵਿਚੋਂ ਤਿੰਨ ਨੌਜਵਾਨ ਅਤੇ ਇਕ ਔਰਤ, ਜੋ ਉਨ੍ਹਾਂ ਦੀ ਮੰਮੀ ਲੱਗ ਰਹੇ ਸਨ, ਮੇੇਰੇ ਵੱਲ ਭੱਜੇ ਆਏ ਅਤੇ ਮੈਨੂੰ ਸਕੂਟਰੀ ਹੇਠੋਂ ਕੱਢਿਆ ਅਤੇ ਇਧਰ-ਉਧਰ ਤੋਰ ਕੇ ਵੇਖਿਆ | ਉਸ ਔਰਤ ਨੇ ਪੀਣ ਲਈ ਮੈਨੂੰ ਪਾਣੀ ਦਿੱਤਾ ਅਤੇ ਮੇੇਰੇ ਮੋਢੇ 'ਤੇ ਰੱਖ ਰੱਖਦੀ ਹੋਈ ਬੋਲੀ, 'ਵੀਰੇ ਕੋਈ ਸੱਟ ਤਾਂ ਨੀਂ ਲੱਗੀ, ਨਹੀਂ ਤਾਂ ਅਸੀਂ ਤੁਹਾਨੂੰ ਦੋਰਾਹੇ ਲਿਜਾ ਕੇ ਮੁਢਲੀ ਸਹਾਇਤਾ ਪ੍ਰਦਾਨ ਕਰਵਾ ਦਿੰਦੇ ਹਾਂ |' ਨਹੀਂ ਭੈਣ ਜੀ ਮੈਂ ਠੀਕ ਮਹਿਸੂਸ ਕਰ ਰਿਹਾ ਹਾਂ, ਤੁਹਾਡਾ ਬਹੁਤ-ਬਹੁਤ ਧੰਨਵਾਦ |
ਉਨ੍ਹਾਂ ਵਿਚੋਂ ਇਕ ਨੌਜਵਾਨ ਬੋਲਿਆ ਕਿ ਅੰਕਲ, ਆਪਾਂ ਸਰਕਾਰ ਨੂੰ ਰੋਡ ਅਤੇ ਟੋਲ ਟੈਕਸ ਦਿੰਦੇ ਹਾਂ ਪਰ ਉਹ ਸੜਕਾਂ ਦੀ ਮੁਰੰਮਤ ਨਹੀਂ ਕਰਵਾਉਂਦੀਆਂ, ਪਤਾ ਨਹੀਂ ਕਿੰਨੇ ਲੋਕ ਹਰ ਰੋਜ਼ ਮੌਤ ਦੇ ਮੰੂਹ ਵਿਚ ਚਲੇ ਜਾਂਦੇ ਹਨ | ਤੁਹਾਡੀ ਕਿਸਮਤ ਚੰਗੀ ਸੀ, ਤੁਹਾਡਾ ਕੋਈ ਕੀਤਾ ਚੰਗਾ ਕੰਮ ਸਾਹਮਣੇ ਆ ਗਿਆ ਅਤੇ ਜ਼ਿਆਦਾ ਸਰੀਰਕ ਨੁਕਸਾਨ ਹੋਣ ਤੋਂ ਬਚ ਗਿਆ |
'ਵੀਰੇ, ਤੁਸੀਂ ਸਕੂਟਰੀ ਚਲਾਓ ਅਤੇ ਇਕ ਦੋ ਕਿਲੋਮੀਟਰ ਅਸੀਂ ਤੁਹਾਡੇ ਪਿੱਛੇ-ਪਿੱਛੇ ਆਵਾਂਗੇ ਅਤੇ ਦੇਖਾਂਗੇ ਕਿ ਤੁਹਾਨੂੰ ਸਕੂਟਰੀ ਚਲਾਉਂਦਿਆਂ ਕੋਈ ਮੁਸ਼ਕਿਲ ਪੇਸ਼ ਤਾਂ ਨਹੀਂ ਆ ਰਹੀ?' ਉਹ ਬੋਲੀ, 'ਜਦੋਂ ਉਨ੍ਹਾਂ ਵੇਖਿਆ ਕਿ ਮੈਂ ਠੀਕ-ਠਾਕ ਜਾ ਰਿਹਾ ਹਾਂ ਤਾਂ ਉਹ 'ਫਰਿਸ਼ਤੇ' ਮੈਨੂੰ ਬਾਏ-ਬਾਏ ਕਰਦੇ ਹੋਏ ਅੱਗੇ ਲੰਘ ਗਏ |
-ਮੋਬਾਈਲ : 98883-65000