ਦੇਸ਼ ਭਗਤ ਯਾਦਗਾਰ ਹਾਲ ਵਿਖੇ 3 ਦਿਨਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਦੀ ਸ਼ੁਰੂਆਤ
ਭਲਕੇ ਸਾਰਾ ਦਿਨ, ਸਾਰੀ ਰਾਤ ਚੱਲੇਗਾ ਮੇਲਾ
ਜਲੰਧਰ, 30 ਅਕਤੂਬਰ (ਐੱਮ. ਐੱਸ.
ਜਲੰਧਰ, 30 ਅਕਤੂਬਰ (ਐੱਮ. ਐੱਸ. ਲੋਹੀਆ)-ਦੇਸ਼ ਭਗਤ ਯਾਦਗਾਰ ਹਾਲ ਵਿਖੇ 3 ਦਿਨਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਦੀ ਸ਼ੁਰੂਆਤ ਹੋ ਗਈ ਹੈ, ਜੋ ਕਿ ਇਕ ਨਵੰਬਰ ਤੱਕ ਚੱਲੇਗਾ। ਅੱਜ ਮੇਲੇ ਦੀ ਸ਼ੁਰੂਆਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਗੁਰਮੀਤ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਗੋਪਾਲ ਸਿੰਘ ਬੁੱਟਰ, ਅਮੋਲਕ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਰਮਿੰਦਰ ਪਟਿਆਲਾ, ਹਰਵਿੰਦਰ ਭੰਡਾਲ, ਡਾ. ਸ਼ੈਲੇਸ਼, ਵਿਜੇ ਬੰਬੇਲੀ, ਪ੍ਰਗਟ ਸਿੰਘ ਜਾਮਾਰਾਏ, ਸੀਤਲ ਸਿੰਘ ਸੰਘਾ ਅਤੇ ਹੋਰ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਚਿੱਤਰਕਲਾ, ਫੋਟੋ ਕਲਾ, ਪੁਸਤਕ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਆਗੂਆਂ ਨੇ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 30 ਅਕਤੂਬਰ ਤੋਂ ਸ਼ੁਰੂ ਹੋਏ ਇਸ ਮੇਲੇ ’ਚ ਦੇਸ਼ ਦੇ ਭਖ਼ਦੇ ਮਾਮਲਿਆਂ ਦੀ ਵਿਚਾਰ-ਚਰਚਾ ਅਤੇ ਕਲਾ ਕਿਰਤਾਂ ਦੇ ਜ਼ਰੀਏ ਮੁਖ਼ਾਤਬ ਹੋਏਗਾ। ਮੇਲੇ ਦੌਰਾਨ ਅੱਜ ਪਹਿਲੇ ਦਿਨ ਪੈਨਲ ਵਿਚਾਰ-ਚਰਚਾ ਹੋਈ, ਜਿਸ ’ਚ ਸ਼ਵਿੰਦਰ, ਰਾਜਿੰਦਰ ਭਦੌੜ, ਡਾ. ਲਖਵਿੰਦਰ ਜੌਹਲ, ਰਵਿੰਦਰ ਕੌਰ ਨੇ ਭਾਗ ਲਿਆ, ਜਿਸ ਦਾ ਸੰਚਾਲਨ ਕਮੇਟੀ ਮੈਂਬਰ ਹਰਵਿੰਦਰ ਭੰਡਾਲ ਨੇ ਕੀਤਾ। ਉਨ੍ਹਾਂ ਦੱਸਿਆ ਕਿ 31 ਅਕਤੂਬਰ ਨੂੰ ਕੁਇਜ਼, ਪੇਂਟਿੰਗ ਮੁਕਾਬਲੇ, ਤਰਕਸ਼ੀਲ ਕਲਾ ਵੰਨਗੀਆਂ ਤੋਂ ਇਲਾਵਾ ਪ੍ਰਜੌਏ ਗੁਹਾ ਠਾਕੁਰਤਾ ਵਿਚਾਰ-ਚਰਚਾ ਦੇ ਮੁੱਖ ਬੁਲਾਰੇ ਹੋਣਗੇ। ਸ਼ਾਮ 4 ਵਜੇ ਪੁਸਤਕ ਲੋਕ ਅਰਪਣ, ਕਵੀ ਦਰਬਾਰ ਤੇ 6 ਵਜੇ ਪੀਪਲਜ਼ ਵਾਇਸ ਵਲੋਂ ਫ਼ਿਲਮ ਸ਼ੋਅ ‘ਚੜ੍ਹਦੀ ਕਲਾ’ (ਨਿਰਦੇਸ਼ਕ ਨਕੁਲ ਸਾਹਨੀ) ਦਾ ਪ੍ਰਦਰਸ਼ਨ ਹੋਵੇਗਾ। ਪਹਿਲੀ ਨਵੰਬਰ ਸਵੇਰੇ 10 ਵਜੇ ਕਮੇਟੀ ਮੈਂਬਰ ਦਰਸ਼ਨ ਖਟਕੜ ਵਲੋਂ ਝੰਡਾ ਲਹਿਰਾਉਣ ਅਤੇ ਸੰਬੋਧਨ ਕਰਨ ਉਪਰੰਤ ਅਮੋਲਕ ਸਿੰਘ ਦੀ ਰਚਨਾ ਅਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਸੰਗੀਤ ਨਾਟ ਓਪਰਾ : ਝੰਡੇ ਦਾ ਗੀਤ ‘ਬਦਲ ਦਿਓ ਸਮਾਜ’ 100 ਕਲਾਕਾਰਾਂ ਵਲੋਂ ਪੇਸ਼ ਹੋਏਗਾ। ਇਸ ਉਪਰੰਤ ਭੈਣੀ ਸਾਹਿਬ ਤੋਂ ਜਥੇਦਾਰ ਗੁਰਲਾਲ ਸਿੰਘ ਅਤੇ ਸਾਥੀ ਬੱਬਰ ਅਕਾਲੀ ਲਹਿਰ ਦਾ ਪ੍ਰਸੰਗ ‘ਹੱਲੇ ਦਾ ਦੀਵਾਨ’ ਪੇਸ਼ ਕਰਨਗੇ । ਰੰਗ ਮੰਚ ਅੰਮ੍ਰਿਤਸਰ ਨਾਲ ਜੁੜੇ ਗਾਇਕ ਕਲਾਕਾਰ ਕੁਸ਼ਾਗਰ ਕਾਲੀਆ ਸੰਗੀਤ ਦਾ ਰੰਗ ਭਰਨਗੇ। ਗੁਰਸ਼ਰਨ ਸਿੰਘ ਦਾ ‘ਤਮਾਸ਼ਾ-ਏ-ਹਿੰਦੋਸਤਾਨ’ ਨਾਟਕ ਚੰਡੀਗੜ੍ਹ ਸਕੂਲ ਆਫ਼ ਡਰਾਮਾ (ਏਕਤਰ) ਖੇਡਣਗੇ। ਡਾ. ਨਵਸ਼ਰਨ ਆਪਣੇ ਵਿਚਾਰ ਸਾਂਝੇ ਕਰਨਗੇ। ਰਾਤ ਸਮੇਂ ਇਪਟਾ ਦੇ ਕਲਾਕਾਰ ਅਵਤਾਰ ਚੜਿੱਕ ਅਤੇ ਸਾਥੀ ਭੰਡ ਮੰਚ ਤੇ ਆਉਣਗੇ। ਲੋਕ ਸੰਗੀਤ ਮੰਡਲੀ ਭਦੌੜ (ਮਾਸਟਰ ਰਾਮ ਕੁਮਾਰ), ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ, ਲੋਕ ਸੰਗੀਤ ਮੰਡਲੀ ਜੀਦਾ (ਜਗਸੀਰ ਜੀਦਾ), ਲੋਕ ਸੰਗੀਤ ਮੰਡਲੀ ਮਸਾਣੀ (ਧਰਮਿੰਦਰ ਮਸਾਣੀ), ਸਾਰ੍ਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਮਾਨਵਤਾ ਕਲਾ ਮੰਚ ਨਗਰ ਦੀ ਕਲਾਕਾਰ ਨਰਗਿਸ, ਜੋਗਿੰਦਰਪਾਲ ਖਟਕੜ ਕਲਾਂ, ਅੰਮ੍ਰਿਤਪਾਲ ਬੰਗੇ, ਅਜਮੇਰ ਅਕਲੀਆ, ਹਰਦੀਪ ਕੋਟ ਗੁਰੂ ਅਤੇ ਹੋਰ ਗਾਇਕ ਕਲਾਕਾਰ ਗੀਤ-ਸੰਗੀਤ ਪੇਸ਼ ਕਰਨਗੇ। ਨਾਟਕਾਂ ਭਰੀ ਰਾਤ ਦਾ ਆਗਾਜ਼ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਨੂੰ ਸਮਰਪਤ ਗੁਰਸ਼ਰਨ ਭਾਅ ਜੀ ਦੇ ਨਾਟਕ ‘ਸੀਸ ਤਲੀ ‘ਤੇ’ (ਕ੍ਰਾਂਤੀਪਾਲ ਦੀ ਨਿਰਦੇਸ਼ਨਾ ’ਚ ਨਵਚਿੰਤਨ ਕਲਾ ਮੰਚ ਬਿਆਸ) ਨਾਲ ਹੋਵੇਗਾ। ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ’ਚ ਗੁਰਸ਼ਰਨ ਸਿੰਘ ਦਾ ਨਾਟਕ ਹੋਏਗਾ ‘ਅਸੀਂ ਯੁੱਗ ਸਿਰਜਾਂਗੇ’। ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ’ਚ ਮੰਚ ਰੰਗ ਮੰਚ ਅੰਮ੍ਰਿਤਸਰ ਡਾ. ਸਵਰਾਜਬੀਰ ਦਾ ਨਾਟਕ ਪੇਸ਼ ਕਰੇਗਾ ‘ਤੂੰ ਬੁੱਲ੍ਹੇ ਵਾਂਗੂੰ ਬੋਲ’। ਅਨੀਤਾ ਦੀ ਨਿਰਦੇਸ਼ਨਾ ’ਚ ਸ਼ਬਦੀਸ਼ ਦੀ ਰਚਨਾ ‘ਖਿੜਦੇ ਰਹਿਣ ਗੁਲਾਬ’ ਸੁਚੇਤਕ ਰੰਗ ਮੰਚ ਮੁਹਾਲੀ ਪੇਸ਼ ਕਰੇਗਾ। ਤਿੰਨੇ ਦਿਨ ਪੁਸਤਕ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਹੋਏਗੀ। ਮੇਲੇ ‘ਚ ਮੈਡੀਕਲ ਸਹਾਇਤਾ ਲਈ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਅਤੇ ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਜਲੰਧਰ, ਡਾ. ਕਰਨ ਗਰਗ ਦੀ ਅਗਵਾਈ ’ਚ ਕੈਂਪ ਲਗਾਇਆ ਗਿਆ ਹੈ। ਇਸ ਮੌਕੇ ਕਮੇਟੀ ਮੈਂਬਰ ਦਰਸ਼ਨ ਸਿੰਘ ਖਟਕੜ, ਪ੍ਰੋ. ਤੇਜਿੰਦਰ ਵਿਰਲੀ, ਕੁਲਬੀਰ ਸੰਘੇੜਾ, ਬਲਬੀਰ ਕੌਰ ਬੁੰਡਾਲਾ, ਰਣਜੀਤ ਸਿੰਘ ਔਲਖ, ਹਰਮੇਸ਼ ਮਾਲੜੀ, ਸੁਖਵਿੰਦਰ ਸਿੰਘ ਸੇਖੋਂ, ਮਨਜੀਤ ਸਿੰਘ ਬਾਸਰਕੇ ਹਾਜ਼ਰ ਸਨ।