ਲੋਹੀਆਂ ’ਚ ਓਵਰਲੋਡ ਟਿੱਪਰਾਂ ਵਲੋਂ ਸੁੱਟੀ ਜਾਂਦੀ ਮਿੱਟੀ, ਰੇਤਾ ਦੀ ਉੱਡਦੀ ਧੂੜ ਤੋਂ ਕਦੋਂ ਮਿਲੇਗੀ ਲੋਕਾਂ ਨੂੰ ਨਿਜਾਤ
ਲੋਹੀਆਂ ਖਾਸ, 30 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨੈਸ਼ਨਲ ਹਾਈਵੇ 703 ਦੇ ਫਾਟਕ ਲੋਹੀਆਂ ’ਤੇ ਬਣਦੇ ਫਲਾਈਓਵਰ ਦੀਆਂ ਮਾੜੀਆਂ ਸੜਕਾਂ ਦੇ ਟੋਇਆਂ ਤੋਂ ਅਤੇ ਲੋਹੀਆਂ-ਮਲਸੀਆਂ ਰੋਡ ’ਤੇ ਚਲਦੇ ‘ਅੰਮ੍ਰਿਤਸਰ ਜਾਮਨਗਰ’ ਹਾਈਵੇ ਦੇ ਲਈ ਮਿੱਟੀ ਦੀ ਢੋਆ-ਢੁਆਈ ਕਰਦੇ ਓਵਰਲੋਡ ਟਿੱਪਰਾਂ ਵਲੋਂ ਸੁੱਟੀ ਜਾਂਦੀ ਮਿੱਟੀ, ਰੇਤਾ ਦੀ ਉੱਡਦੀ ਧੂੜ ਤੋਂ ਸਰਵਿਸ ਰੋਡ ਕੰਢੇ ਵਸਦੇ ਦੁਕਾਨਦਾਰ ਅਤੇ ਆਮ ਲੋਕ ਠੇਕੇਦਾਰਾਂ, ਪ੍ਰਸ਼ਾਸਨ ਨਾਲ ਮੀਟਿੰਗਾਂ ਕਰਕੇ ਅੱਕ ਚੁੱਕੇ ਹਨ, ਪਰ ਨਤੀਜਾ ਹਮੇਸ਼ਾ ਸਿਫਰ ਹੁੰਦਾ ਹੈ। ਇਸ ਸੰਬੰਧੀ ਦੁਕਾਨਦਾਰ, ਲੋਕ ਅਤੇ ਕਿਸਾਨ ਜਥੇਬੰਦੀਆਂ ਕਦੇ ‘ਸ਼ਾਹਕੋਟ ਦੇ ਤਹਿਸੀਲਦਾਰ ਜਸਪਾਲ ਸਿੰਘ ਬਾਜਵਾ, ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ ਲੋਹੀਆਂ ਖਾਸ ਅਤੇ ਨੈਸ਼ਨਲ ਹਾਈਵੇ 703 ਦੇ ਮਿੱਟੀ ਦੇ ਠੇਕੇਦਾਰ ਸਮੇਤ ਹੋਰ ਅਧਿਕਾਰੀਆਂ ਨਾਲ ਮੀਟਿੰਗਾਂ ਕਰਦੇ ਹਨ ਤੇ ਕਦੇ ਫਲਾਈਓਵਰ ਬਣਾਉਣ ਵਾਲੇ ਠੇਕੇਦਾਰਾਂ ਤੇ ਲੋਹੀਆਂ ਦੇ ਥਾਣਾ ਮੁਖੀ ਬਲਜਿੰਦਰ ਸਿੰਘ ਖੈਹਰਾ ਨਾਲ ਮੀਟਿੰਗਾਂ ਹੁੰਦੀਆਂ ਹਨ, ਪਰ ਜਿੰਮੇਵਾਰ ਠੇਕੇਦਾਰ ‘ ਸਾਡਾ ਕਸੂਰ ਨਹੀਂ’ ਦਾ ਪਾਠ ਪੜ੍ਹਾ ਕੇ ਸਾਰਾ ਕਸੂਰ ਇੱਥੋਂ ਤੱਕ ਕਿ ਘੱਟ ਕਪੈਸਟੀ ਵਾਲੀਆਂ ਮਾੜੀਆਂ ਸਰਵਿਸ ਰੋਡ ਨੂੰ ਤੋੜਨ ਦਾ ਕਸੂਰ ਵੀ ਓਵਰਲੋਡ ਟਿੱਪਰਾਂ ਸਿਰ ਮੜਦੇ ਹਨ| ਹਾਜ਼ਰ ਠੇਕੇਦਾਰ ਅਤੇ ਅਧਿਕਾਰੀ ਮੰਗਾਂ ਨੂੰ ਲਾਗੂ ਕਰਨ ਦੀ ਤਾਰੀਕ ਦੇ ਕੇ ਉੱਠ ਜਾਂਦੇ ਹਨ, ਪਰ ਲੋਕਾਂ ਨੂੰ ਤਾਰੀਕ ਪੇ ਤਾਰੀਕ ਦੀ ਉਡੀਕ ਕਰਦਿਆਂ ਛਿਮਾਈਆਂ, ਸਾਲ ਲੰਘਦੇ ਜਾ ਰਹੇ ਹਨ| ਹੁਣ ਦੇਖਣਾ ਹੈ ਕਿ ਫਲਾਈਓਵਰ ਦੀਆਂ ਮਾੜੀਆਂ ਸੜਕਾਂ ਦੇ ਟੋਇਆਂ ਤੋਂ ਅਤੇ ਲੋਹੀਆਂ-ਮਲਸੀਆਂ ਰੋਡ ’ਤੇ ਚਲਦੇ ‘ਅੰਮ੍ਰਿਤਸਰ ਜਾਮਨਗਰ’ ਹਾਈਵੇ ਦੇ ਲਈ ਮਿੱਟੀ ਦੀ ਢੋਆ-ਢੁਆਈ ਕਰਦੇ ਓਵਰਲੋਡ ਟਿੱਪਰਾਂ ਵਲੋਂ ਸੁੱਟੀ ਜਾਂਦੀ ਮਿੱਟੀ, ਰੇਤਾ ਦੀ ਉੱਡਦੀ ਧੂੜ ਤੋਂ ਪ੍ਰੇਸ਼ਾਨ ਲੋਕਾਂ ਨੂੰ ਕਦੋਂ ਨਿਯਾਤ ਮਿਲਦੀ ਹੈ|