ਕੰਪਨੀ ਬਾਗ਼ ਦੀ ਮਾੜੀ ਹਾਲਤ ਦੇਖ ਕੇ ਭੜਕੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ
ਜਲੰਧਰ, 9 ਸਤੰਬਰ (ਸ਼ਿਵ)-ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਅੱਜ ਨਗਰ ਨਿਗਮ ਦਫ਼ਤਰ ਤੋਂ ਉਤਰ ਕੇ ਕੰਪਨੀ ਬਾਗ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਕੇ ’ਤੇ ਹਾਜ਼ਰ ਸਨ।
ਕ
ਕੰਪਨੀ ਬਾਗ ’ਚ ਪਈ ਗੰਦਗੀ ਨੂੰ ਦੇਖਦੇ ਹੋਏ ਬਲਬੀਰ ਸਿੰਘ ਬਿੱਟੂ ਤੇ ਹੋਰ। ਤਸਵੀਰ. ਮੁਨੀਸ਼
10-09-2026
ਜਲੰਧਰ, 9 ਸਤੰਬਰ (ਸ਼ਿਵ)-ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਵਲੋਂ ਅੱਜ ਨਗਰ ਨਿਗਮ ਦਫ਼ਤਰ ਤੋਂ ਉਤਰ ਕੇ ਕੰਪਨੀ ਬਾਗ ਦਾ ਦੌਰਾ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਮੌਕੇ ’ਤੇ ਹਾਜ਼ਰ ਸਨ। ਕੰਪਨੀ ਬਾਗ ਵਿੱਚ ਸਫਾਈ ਦੀ ਮਾੜੀ ਵਿਵਸਥਾ, ਥਾਂ-ਥਾਂ ਉੱਗੀ ਘਾਹ-ਬੂਟੀ ਅਤੇ ਕੂੜੇ ਦੇ ਢੇਰ ਦੇਖ ਕੇ ਬਲਬੀਰ ਸਿੰਘ ਬਿੱਟੂ ਕਾਫ਼ੀ ਨਾਰਾਜ਼ ਨਜ਼ਰ ਆਏ। ਸੀਨੀਅਰ ਡਿਪਟੀ ਮੇਅਰ ਇਸ ਗੱਲ ਤੋਂ ਵੀ ਕਾਫੀ ਨਾਰਾਜ਼ ਸੀ ਕਿ ਇਸ ਦੀ ਸੰਭਾਲ ਦਾ ਠੇਕਾ ਜੁਲਾਈ ’ਚ ਖ਼ਤਮ ਹੋ ਚੁੱਕਾ ਹੈ ਪਰ ਨਗਰ ਨਿਗਮ ਅਫ਼ਸਰਾਂ ਨੇ ਨਵਾਂ ਠੇਕਾ ਦੇਣ ਲਈ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ। ਬਿੱਟੂ ਨੇ ਕਿਹਾ ਕਿ ਕੰਪਨੀ ਬਾਗ ਦੀ ਸਫਾਈ ਲਈ ਲੱਖਾਂ ਰੁਪਏ ਦਾ ਠੇਕਾ ਦਿੱਤਾ ਗਿਆ ਹੈ, ਪਰ ਇਸ ਦੇ ਬਾਵਜੂਦ ਬਾਗ ਦੇ ਅੰਦਰ ਨਾ ਤਾਂ ਢੰਗ ਨਾਲ ਝਾੜੂ ਲੱਗ ਰਿਹਾ ਹੈ ਅਤੇ ਨਾ ਹੀ ਘਾਹ-ਬੂਟੀ ਦੀ ਕਟਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਗ ਦੀ ਹਾਲਤ ਤੋਂ ਅਜਿਹਾ ਲੱਗਦਾ ਹੈ ਜਿਵੇਂ ਕਈ ਮਹੀਨਿਆਂ ਤੋਂ ਇੱਥੇ ਸਹੀ ਢੰਗ ਨਾਲ ਸਫਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬਾਗ ਦੇ ਕਈ ਹਿੱਸਿਆਂ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ, ਜਦਕਿ ਕਈ ਥਾਵਾਂ ’ਤੇ ਬੇਤਹਾਸ਼ਾ ਘਾਹ-ਬੂਟੀ ਉੱਗੀ ਹੋਈ ਹੈ। ਕਿਆਰੀਆਂ ਦੀ ਵੀ ਸਹੀ ਤਰੀਕੇ ਨਾਲ ਕਟਿੰਗ ਅਤੇ ਸਾਂਭ-ਸੰਭਾਲ ਨਹੀਂ ਕੀਤੀ ਗਈ। ਸੀਨੀਅਰ ਡਿਪਟੀ ਮੇਅਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਕਿਹਾ ਕਿ ਜੇਕਰ ਨਗਰ ਨਿਗਮ ਦੇ ਆਪਣੇ ਦਫ਼ਤਰ ਦੇ ਬਿਲਕੁਲ ਨੇੜੇ ਸਥਿਤ ਕੰਪਨੀ ਬਾਗ ਦੀ ਹੀ ਸਾਂਭ-ਸੰਭਾਲ ਨਹੀਂ ਕੀਤੀ ਜਾ ਰਹੀ ਤਾਂ ਸ਼ਹਿਰ ਦੇ ਬਾਹਰਲੇ ਪਾਰਕਾਂ ਦੀ ਦੇਖਭਾਲ ਕਿਵੇਂ ਹੋਵੇਗੀ। ਉਨ੍ਹਾਂ ਠੇਕੇਦਾਰ ਵੱਲੋਂ ਕੰਮ ਢੰਗ ਨਾਲ ਨਾ ਕਰਵਾਏ ਜਾਣ ’ਤੇ ਵੀ ਸਵਾਲ ਖੜ੍ਹੇ ਕੀਤੇ। ਬਿੱਟੂ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਬਾਗ ਦੀ ਸਫਾਈ ਵਿਵਸਥਾ ਹਰ ਹਾਲਤ ਵਿੱਚ ਦਰੁਸਤ ਹੋਣੀ ਚਾਹੀਦੀ ਹੈ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਪਨੀ ਬਾਗ ਵਿੱਚ ਤੁਰੰਤ ਸਫਾਈ ਕਰਵਾਈ ਜਾਵੇ ਅਤੇ ਘਾਹ-ਬੂਟੀ ਦੀ ਕਟਾਈ ਸਮੇਤ ਬੂਟਿਆਂ ਤੇ ਕਿਆਰੀਆਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਯਕੀਨੀ ਬਣਾਈ ਜਾਵੇ, ਤਾਂ ਜੋ ਇੱਥੇ ਸੈਰ ਕਰਨ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।