ਜਲੰਧਰ, 6 ਸਤੰਬਰ (ਸ਼ਿਵ)- ਜਲੰਧਰ ਸ਼ਹਿਰ ਨੂੰ ਸਮਾਰਟ ਸਿਟੀ ਅਤੇ ਸਾਫ਼-ਸੁਥਰਾ ਬਣਾਉਣ ਦੇ ਦਾਅਵਿਆਂ ਦਰਮਿਆਨ ਬੱਸ ਸਟੈਂਡ ਨੇੜੇ ਬਣਾਇਆ ਗਿਆ ਵੈਂਡਰ ਜ਼ੋਨ ਇਨ੍ਹੀਂ ਦਿਨੀਂ ਗੰਦਗੀ ਅਤੇ ਸੀਵਰੇਜ ਦੀ ਸਮੱਸਿਆ ਕਾਰਨ ‘ਨਰਕ ਜ਼ੋਨ’ ਵਿੱਚ ਤਬਦੀਲ ਹੁੰਦਾ ਨਜ਼ਰ ਆ ਰਿਹਾ ਹੈ। ਵੈਂਡਰ ਜ਼ੋਨ ਵਿੱਚ ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਸੀਵਰੇਜ ਜਾਮ ਹੋਣ ਕਾਰਨ ਗੰਦਾ ਪਾਣੀ ਦੁਕਾਨਾਂ ਦੇ ਆਲੇ-ਦੁਆਲੇ ਖੜ੍ਹਾ ਹੈ। ਇਸ ਕਾਰਨ ਇੱਥੇ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਦੁਕਾਨਦਾਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੈਂਡਰ ਜ਼ੋਨ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਮੁੱਖ ਦਫ਼ਤਰ ਵਿੱਚ ਸ਼ਿਕਾਇਤ ਕਰ ਚੁੱਕੇ ਹਨ, ਪਰ ਇਸ ਦੇ ਬਾਵਜੂਦ ਸਮੱਸਿਆ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਗਿਆ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਬਦਬੂ ਅਤੇ ਗੰਦਗੀ ਫੈਲੀ ਹੋਈ ਹੈ, ਜਿਸ ਕਰਕੇ ਗਾਹਕ ਵੀ ਉਨ੍ਹਾਂ ਦੀਆਂ ਦੁਕਾਨਾਂ ’ਤੇ ਖਾਣਾ ਖਾਣ ਲਈ ਆਉਣ ਤੋਂ ਕਤਰਾਉਂਦੇ ਹਨ। ਵੈਂਡਰ ਜ਼ੋਨ ਦੇ ਦੁਕਾਨਦਾਰ ਅਨਿਲ ਸਭਰਵਾਲ ਨੇ ਕਿਹਾ ਕਿ ਜੇਕਰ ਇੰਨੀ ਗੰਦਗੀ ਵਿੱਚ ਗਾਹਕਾਂ ਨੂੰ ਬਿਠਾਇਆ ਜਾਵੇ ਤਾਂ ਕੋਈ ਵੀ ਵਿਅਕਤੀ ਖਾਣਾ ਖਾਣ ਲਈ ਤਿਆਰ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਆਪਣਾ ਕਾਰੋਬਾਰ ਚਲਾ ਰਹੇ ਹਨ, ਨਗਰ ਨਿਗਮ ਨੂੰ ਨਿਯਮਾਂ ਅਨੁਸਾਰ ਫੀਸ ਵੀ ਅਦਾ ਕਰਦੇ ਹਨ, ਪਰ ਬਦਲੇ ਵਿੱਚ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਤੱਕ ਨਹੀਂ ਮਿਲ ਰਹੀਆਂ। ਅਨਿਲ ਸਭਰਵਾਲ ਨੇ ਦੱਸਿਆ ਕਿ ਜਲੰਧਰ ਦੇ ਮੇਅਰ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਵੈਂਡਰ ਜ਼ੋਨ ਵਿੱਚ ਕਿਊਆਰ ਕੋਡ ਵੀ ਲਗਾਏ ਗਏ ਸਨ ਅਤੇ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਪਰਚੀ ਕੱਟ ਕੇ ਫੀਸ ਵਸੂਲੀ ਜਾਂਦੀ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਨਗਰ ਨਿਗਮ ਦੁਕਾਨਦਾਰਾਂ ਤੋਂ ਪੈਸੇ ਵਸੂਲ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਸਾਫ਼-ਸੁਥਰਾ ਮਾਹੌਲ ਅਤੇ ਮੁੱਢਲੀਆਂ ਸਹੂਲਤਾਂ ਦੇਣਾ ਵੀ ਨਿਗਮ ਦੀ ਜ਼ਿੰਮੇਵਾਰੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਸਮੱਸਿਆ ਬਾਰੇ ਜਾਣੂ ਕਰਵਾਉਣ ਦੇ ਬਾਵਜੂਦ ਕੋਈ ਵੀ ਮੌਕੇ ’ਤੇ ਆ ਕੇ ਹਾਲਾਤ ਦੇਖਣ ਲਈ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸ਼ਹਿਰ ਨੂੰ ਸਾਫ਼ ਅਤੇ ਸੁੰਦਰ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਵੈਂਡਰ ਜ਼ੋਨ ਵਰਗੀਆਂ ਥਾਵਾਂ ’ਤੇ ਲੋਕ ਗੰਦੇ ਪਾਣੀ ਵਿੱਚ ਕਾਰੋਬਾਰ ਕਰਨ ਲਈ ਮਜਬੂਰ ਹਨ। ਦੁਕਾਨਦਾਰਾਂ ਨੇ ਕਿਹਾ ਕਿ ਖੜ੍ਹੇ ਗੰਦੇ ਪਾਣੀ ਕਾਰਨ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਖਾਸ ਕਰਕੇ ਜਿੱਥੇ ਖਾਣ-ਪੀਣ ਦੀਆਂ ਦੁਕਾਨਾਂ ਮੌਜੂਦ ਹਨ, ਉੱਥੇ ਅਜਿਹੇ ਹਾਲਾਤ ਲੋਕਾਂ ਦੀ ਸਿਹਤ ਲਈ ਵੀ ਚਿੰਤਾ ਦਾ ਵਿਸ਼ਾ ਹਨ।
ਅਨਿਲ ਸਭਰਵਾਲ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬੁੱਧਵਾਰ, 9 ਸਤੰਬਰ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਵੀਰਵਾਰ, 10 ਸਤੰਬਰ ਨੂੰ ਉਹ ਆਪਣੀਆਂ ਰੇੜੀਆਂ, ਢਾਬੇ ਅਤੇ ਖਾਣ-ਪੀਣ ਦੀਆਂ ਦੁਕਾਨਾਂ ਬੰਦ ਕਰ ਦੇਣਗੇ ਅਤੇ ਇਨ੍ਹਾਂ ਦੀਆਂ ਚਾਬੀਆਂ ਜਲੰਧਰ ਦੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਸੌਂਪ ਦੇਣਗੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੀਵਰੇਜ ਦੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੁੰਦੀ, ਉਦੋਂ ਤੱਕ ਉਨ੍ਹਾਂ ਲਈ ਇੱਥੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਕਈ ਵਾਰਡਾਂ ਵਿੱਚ ਸੀਵਰੇਜ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਲੋਕ ਗੰਦੇ ਪਾਣੀ ਨਾਲ ਜੂਝ ਰਹੇ ਹਨ। ਇਸ ਮੌਕੇ ’ਤੇ ਅਨਿਲ ਸਭਰਵਾਲ ਦੇ ਨਾਲ ਰਾਜੂ ਛੁਰੀ ਵੀ ਮੌਜੂਦ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਨਿਗਮ ਪ੍ਰਸ਼ਾਸਨ ਵੈਂਡਰ ਜ਼ੋਨ ਦੇ ਦੁਕਾਨਦਾਰਾਂ ਦੀ ਇਸ ਗੰਭੀਰ ਸਮੱਸਿਆ ਦਾ ਕਦੋਂ ਤੱਕ ਹੱਲ ਕਰਦਾ ਹੈ ਅਤੇ ਕੀ 10 ਸਤੰਬਰ ਨੂੰ ਦੁਕਾਨਾਂ ਬੰਦ ਕਰਨ ਦੀ ਨੌਬਤ ਆਉਣ ਤੋਂ ਪਹਿਲਾਂ ਸੀਵਰੇਜ ਦੀ ਸਮੱਸਿਆ ਦੂਰ ਕੀਤੀ ਜਾਂਦੀ ਹੈ।
ਤਿੰਨ ਦਰਜਨ ਤੋਂ ਵੱਧ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦਾ ਦਾਅਵਾ ਅਧੂਰਾ, ਸੜਕਾਂ ’ਤੇ ਰੇਹੜੀਆਂ ਦੀ ਭਰਮਾਰ
ਸ਼ਹਿਰ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੂੰ ਵਿਵਸਥਿਤ ਢੰਗ ਨਾਲ ਜਗ੍ਹਾ ਮੁਹੱਈਆ ਕਰਵਾਉਣ ਲਈ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦੀ ਯੋਜਨਾ ਅਜੇ ਤੱਕ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ। ਨਗਰ ਨਿਗਮ ਵੱਲੋਂ ਤਿੰਨ ਦਰਜਨ ਤੋਂ ਵੱਧ ਸਟਰੀਟ ਵੈਂਡਿੰਗ ਜ਼ੋਨ ਤਿਆਰ ਕੀਤੇ ਜਾਣੇ ਸਨ, ਪਰ ਹੁਣ ਤੱਕ ਇਹ ਕੰਮ ਅਧੂਰਾ ਹੀ ਨਜ਼ਰ ਆ ਰਿਹਾ ਹੈ। ਜਦੋਂ ਸ਼ਹਿਰ ਵਿੱਚ ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦੀ ਯੋਜਨਾ ਤਹਿਤ ਰੇਹੜੀ-ਫੜ੍ਹੀ ਵਾਲਿਆਂ ਦਾ ਸਰਵੇ ਕਰਵਾਇਆ ਗਿਆ ਸੀ, ਉਸ ਸਮੇਂ ਇਨ੍ਹਾਂ ਦੀ ਗਿਣਤੀ ਕਰੀਬ 12 ਹਜ਼ਾਰ ਦੇ ਆਸ-ਪਾਸ ਦੱਸੀ ਗਈ ਸੀ। ਪਰ ਹੁਣ ਇਹ ਗਿਣਤੀ ਵੱਧ ਕੇ ਲਗਭਗ ਦੁੱਗਣੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਰੇਹੜੀਆਂ ਨੂੰ ਨਿਰਧਾਰਤ ਥਾਵਾਂ ’ਤੇ ਐਡਜਸਟ ਕਰਨਾ ਨਗਰ ਨਿਗਮ ਲਈ ਹੋਰ ਵੀ ਵੱਡੀ ਚੁਣੌਤੀ ਬਣ ਗਿਆ ਹੈ। ਨਗਰ ਨਿਗਮ ਵੱਲੋਂ ਕੁਝ ਥਾਵਾਂ ’ਤੇ ਸਟਰੀਟ ਵੈਂਡਿੰਗ ਜ਼ੋਨ ਬਣਾਏ ਵੀ ਗਏ ਹਨ, ਪਰ ਇਨ੍ਹਾਂ ਵਿੱਚੋਂ ਕਈ ਜ਼ੋਨ ਅਜੇ ਤੱਕ ਅਧੂਰੇ ਪਏ ਹਨ। ਇਨ੍ਹਾਂ ਥਾਵਾਂ ’ਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਰੇਹੜੀ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਰੇਹੜੀਆਂ ਪਹਿਲਾਂ ਵਾਂਗ ਹੀ ਲੱਗੀਆਂ ਨਜ਼ਰ ਆ ਰਹੀਆਂ ਹਨ। ਸਟਰੀਟ ਵੈਂਡਿੰਗ ਜ਼ੋਨ ਬਣਾਉਣ ਦਾ ਮੁੱਖ ਮਕਸਦ ਸ਼ਹਿਰ ਦੀਆਂ ਸੜਕਾਂ ਨੂੰ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੇ ਨਾਲ-ਨਾਲ ਰੇਹੜੀ-ਫੜ੍ਹੀ ਵਾਲਿਆਂ ਨੂੰ ਸਨਮਾਨਜਨਕ ਅਤੇ ਨਿਰਧਾਰਤ ਥਾਂ ਮੁਹੱਈਆ ਕਰਵਾਉਣਾ ਸੀ। ਪਰ ਜ਼ੋਨ ਪੂਰੀ ਤਰ੍ਹਾਂ ਤਿਆਰ ਨਾ ਹੋਣ ਅਤੇ ਰੇਹੜੀਆਂ ਦੀ ਵਧਦੀ ਗਿਣਤੀ ਕਾਰਨ ਇਹ ਯੋਜਨਾ ਅਜੇ ਤੱਕ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਨਹੀਂ ਹੋ ਸਕੀ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਾਰੇ ਵੈਂਡਿੰਗ ਜ਼ੋਨ ਬੁਨਿਆਦੀ ਸਹੂਲਤਾਂ ਸਮੇਤ ਪੂਰੀ ਤਰ੍ਹਾਂ ਤਿਆਰ ਨਹੀਂ ਕੀਤੇ ਜਾਂਦੇ ਅਤੇ ਰੇਹੜੀਆਂ ਨੂੰ ਉੱਥੇ ਸ਼ਿਫਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੜਕਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਕਾਰਨ ਟ੍ਰੈਫਿਕ ਅਤੇ ਪਾਰਕਿੰਗ ਦੀ ਸਮੱਸਿਆ ਬਣੀ ਰਹੇਗੀ।
ਬੱਸ ਸਟੈਂਡ ਵੈਂਡਰ ਜ਼ੋਨ ਬਣਿਆ ‘ਨਰਕ ਜ਼ੋਨ’, ਇਕ ਸਾਲ ਤੋਂ ਸੀਵਰੇਜ ਜਾਮ
ਬੱਸ ਸਟੈਂਡ ਵੈਂਡਰ ਜ਼ੋਨ ਬਣਿਆ ‘ਨਰਕ ਜ਼ੋਨ’, ਇਕ ਸਾਲ ਤੋਂ ਸੀਵਰੇਜ ਜਾਮ
ਅਜੀਤ ਡੈਸਕ
07-09-2026