25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਵਿਸ਼ਵ ਪੰਜਾਬੀ ਸੰਗਠਨ ਨੇ ਕਰਵਾਈ ਸ੍ਰੀ ਗੁਰੂ ਨਾਨਕ ਦੇਵ ਜੀ ’ ਤੇ ਲੇਖਕ / ਫਿਲਮ ਨਿਰਮਾਤਾ ਅਮਰਦੀਪ ਸਿੰਘ ਦੁਆਰਾ ਆਡੀਓ - ਵਿਜ਼ੂਅਲ ਪੇਸ਼ਕਾਰੀ ਵਿਰਾਸਤ ਉਹ ਹੈ ਜੋ ਭਵਿੱਖ ਨੂੰ ਆਪਣੇ ਵਿਰਸੇ ’ਚ ਮਿਲਦੀ ਹੈ-ਅਮਰਦੀਪ ਸਿੰਘ

ਜਲੰਧਰ, 24 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 25-08-2026
ਜਲੰਧਰ, 24 ਅਗਸਤ (ਐੱਮ. ਐੱਸ. ਲੋਹੀਆ) - ਵਿਸ਼ਵ ਪੰਜਾਬੀ ਸੰਗਠਨ, ਜਲੰਧਰ ਚੈਪਟਰ ਨੇ ਰੋਮੇਸ਼ ਚੰਦਰ ਮੈਮੋਰੀਅਲ ਟਰੱਸਟ, ਕਾਰਜ ਕਲੈਕਟਿਵਜ਼, ਹੈਪੀਲੀ ਬੁੱਕਡ ਕਲੱਬ, ਬੁੱਕਵਰਮਸ ਦੇ ਸਹਿਯੋਗ ਨਾਲ ਜਲੰਧਰ ਦੇ ਕੇ. ਐੱਲ. ਸਹਿਗਲ ਹਾਲ ਵਿਖੇ ਪ੍ਰਸਿੱਧ ਵਿਦਵਾਨ ਅਤੇ ਲੇਖਕ ਅਮਰਦੀਪ ਸਿੰਘ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਯਾਤਰਾ ‘ਤੇ ਇਕ ਵਿਸ਼ੇਸ਼ ਆਡੀਓ-ਵਿਜ਼ੂਅਲ ਪੇਸ਼ਕਾਰੀ ਕਰਵਾਈ ਗਈ। ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪਿੱਛਲੇ 14 ਸਾਲ ਤੋਂ ਯਤਨਸ਼ੀਲ ਅਮਰਦੀਪ ਸਿੰਘ ਵਲੋਂ ਇਸ ਸੰਬੰਧੀ ਖੋਜ ਕਾਰਜ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਨੂੰ ਵੱਖ-ਵੱਖ ਢੰਗ ਤਰੀਕਿਆਂ ਨਾਲ ਦਸਤਾਵੇਜ਼ ਕਰਨ ਦਾ ਉਪਰਾਲਾ ਵੀ ਕੀਤਾ ਜਾ ਰਿਹਾ ਹੈ। ਆਪਣੇ ਵਿਰਸੇ ਨੂੰ ਸੰਭਾਲਣ ਲਈ ‘ਲੋਸਟ ਹੈਰੀਟੇਜ’ (ਦੀ ਸਿੱਖ ਲੈਗੇਸੀ ਇਨ ਪਾਕਿਸਤਾਨ) ਅਤੇ ‘ਦੀ ਕੁਇਸਟ ਕੋਨਟੀਨਿਊਸ’ ਲੋਸਟ ਹੈਰੀਟੇਜ (ਦੀ ਸਿੱਖ ਲੈਗੇਸੀ ਇਨ ਪਾਕਿਸਤਾਨ) ਅੰਗ੍ਰੇਜ਼ੀ ਭਾਸ਼ਾ ’ਚ ਇਹ ਦੋ ਕਿਤਾਬਾਂ ਛਪਵਾਉਣ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ‘ਵਿੱਸਰਿਆ ਵਿਰਸਾ’ ਪਾਕਿਸਤਾਨ ’ਚ ਸਿੱਖ ਵਿਰਾਸਤ ਨਾਂਅ ਹੇਠ ਪੰਜਾਬ ਦੀ ਕਿਤਾਬ ਦਰਜ ਕਰਨ ਵਾਲੇ ਅਮਰਦੀਪ ਸਿੰਘ ਦਾ ਕਹਿਣਾ ਹੈ ਕਿ ਵਿਰਾਸਤ ਉਹ ਹੈ, ਜੋ ਭਵਿੱਖ ਨੂੰ ਆਪਣੇ ਵਿਰਸੇ ’ਚੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਪੂਰਵਜਾਂ ਨੂੰ ਸਵੀਕਾਰ ਕਰਨ ਦੀ ਲੋੜ ਹੈ ਪਰ ਇਸ ਦੇ ਨਾਲ ਹੀ, ਅਸੀਂ ਵਰਤਮਾਨ ’ਚ ਜੋ ਕਰ ਰਹੇ ਹਾਂ, ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਵਿਰਾਸਤ ਸਿਰਜ ਰਿਹਾ ਹੈ, ਅਤੇ ਇਸ ਲਈ, ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਅਤੀਤ ਨੂੰ ਸਮਝੀਏ, ਪਾੜੇ ‘ਤੇ ਸਵਾਲ ਉਠਾਈਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਤੱਥਾਂ ’ਤੇ ਆਧਾਰਿਤ ਇਕ ਵਿਰਾਸਤ ਸਿਰਜੀਏ। ਉਨ੍ਹਾਂ ਦੱਸਿਆ ਕਿ ਇਸ ਲਈ ਉਨ੍ਹਾਂ ਸਾਲ 2014 ਤੋਂ 2017 ਤੱਕ ਆਪਣੇ ਖੋਜ ਕਾਰਜਾਂ ਨੂੰ ਕਿਤਾਬਾਂ ’ਚ ਦਰਜ ਕੀਤਾ ਹੈ। ਇਸ ਦੌਰਾਨ ਉਹ 126 ਸ਼ਹਿਰਾਂ ਅਤੇ ਪਿੰਡਾਂ ਅੰਦਰ ਗਏ ਅਤੇ ਆਪਣੀ ਵਿਰਾਸਤ ਦੀ ਖੋਜ ਕਰਕੇ ਉਸ ਨੂੰ ਦਰਜ ਕੀਤਾ। ਉਨ੍ਹਾਂ ਵਲੋਂ ਸਾਲ 2019 ਤੋਂ 2022 ਤੱਕ ਕੀਤੇ ਗਏ ਕਾਰਜ ਦੌਰਾਨ 24 ਕੜੀਆਂ ਦੀ ਇਕ ਸੀਰੀਜ ਤਿਆਰ ਕੀਤੀ ਗਈ, ਜੋ ਕਿ ਪੰਜਾਬੀ, ਹਿੰਦੀ, ਇੰਗਲਿਸ਼, ਉਰਦੂ ਅਤੇ ਸ਼ਾਹਮੁਖੀ ਭਾਸ਼ਾਵਾਂ ’ਚ ਹੈ, ਜਿਸ ’ਚ ਗੁਰੂ ਨਾਨਕ ਸਾਹਿਬ ਦੀ ਪੂਰੀ ਜੀਵਨ ਯਾਤਰਾ ਨੂੰ ਦਰਜ ਕੀਤਾ ਗਿਆ ਹੈ ਅਤੇ ਇਸ ਨੂੰ ‘‘ਦੀ ਗੂਰੂ ਨਾਨਕ ਡਾਟ ਕੋਮ’’ ਵੈੱਬ ਸਾਈਟ ’ਤੇ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦੀ ਜੀਵਨ ਯਾਤਰਾ ਦੇ ਫ਼ਲਸਫ਼ੇ ਨੂੰ ਸਮਝਣ ਲਈ ਉਨ੍ਹਾਂ ਦੇ 928 ਸ਼ਬਦਾਂ ’ਚੋਂ 270 ਸ਼ਬਦਾਂ ਦਾ ਸੰਗ੍ਰਹਿ ਲੈ ਕੇ ਇਕ ਕੋਸ਼ਿਸ਼ ਕੀਤੀ ਗਈ ਹੈ। ਇਸ ਲਈ ਭਾਈ ਗੁਰਦਾਸ ਜੀ ਦੀ ਵਾਰ, ਜੋ ਕਿ ਗੁਰੂ ਸਾਹਿਬ ਦੀ ਜੀਵਨ ਕਾਲ ਤੋਂ 70 ਸਾਲ ਬਾਅਦ ਲਿਖੀ ਗਈ ਹੈ ਅਤੇ ਉਨ੍ਹਾਂ ਦੀ ਦੇਹ ਛੱਡਣ ਤੋਂ ਬਾਅਦ ਦੇ 150 ਸਾਲ ਤੱਕ ਦੇ ਸਮੇਂ ਦਾ ਸੰਗ੍ਰਹਿ ਇਸ ਸੀਰੀਜ ’ਚ ਪੇਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੀਤੇ ਜਾ ਰਹੇ ਇਨ੍ਹਾਂ ਕਾਰਜ ’ਚ ‘ਸੈਨਤ ਗੁਰੂ ਨਾਨਕ ਦੇ ਪੈਂਡਿਆਂ ਦੀ ਰੁਹਾਨੀ ਛਾਪ’ ਵੀ ਸ਼ਾਮਲ ਹੈ, ਜਿਸ ਦਾ ਮਕਸਦ ਗੁਰੂ ਸਾਹਿਬ ਵਲੋਂ ਕੀਤੇ ਸਫ਼ਰ ਨਹੀਂ, ਬਲਕਿ ਉਨ੍ਹਾਂ ਵਲੋਂ ਦਿੱਤੇ ਸੰਕੇਤ (ਇਸ਼ਾਰਿਆਂ) ਜ਼ਰੀਏ ਫ਼ਲਸਫ਼ੇ ਨੂੰ ਸਮਝਣ ਦੀ ਕੋਸ਼ਿਸ਼ ਹੈ। ਅਮਰਦੀਪ ਸਿੰਘ ਨੇ ਦੱਸਿਆ ਕਿ ਗੁਰੂ ਨਾਨਕ ਦੇ ਫ਼ਲਸਫ਼ੇ ਨੂੰ ਦਸਤਾਵੇਜ਼ ਕਰਨ ਦੇ ਕਾਰਜ ਲਗਾਤਾਰ ਜਾਰੀ ਹਨ। ਵਿਸ਼ਵ ਪੰਜਾਬੀ ਸੰਗਠਨ - ਡਬਲਯੂ.ਪੀ.ਓ. ਦੇ ਅਹੁਦੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬੀ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਅਤੇ ਗੁਰਬਾਣੀ ਦੇ ਸਹੀ ਅਰਥਾਂ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰੋਮੇਸ਼ ਚੰਦਰ ਮੈਮੋਰੀਅਲ ਟਰੱਸਟ ਦੇ ਪ੍ਰਧਾਨ ਅਰਵਿੰਦ ਚੋਪੜਾ ਅਤੇ ਉਪ ਪ੍ਰਧਾਨ ਸੀਮਾ ਚੋਪੜਾ ਨੇ ਕਿਹਾ ਕਿ ਅਮਰਦੀਪ ਸਿੰਘ ਦੀ ਸ਼ਾਨਦਾਰ ਪੇਸ਼ਕਾਰੀ ਨੇ ਕੇ.ਐਲ. ਸਹਿਗਲ ਹਾਲ ਵਿਖੇ ਅਜਿਹੇ ਬੌਧਿਕ ਸਮਾਗਮਾਂ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕ ਕੇ.ਐਲ. ਸਹਿਗਲ ਮੈਮੋਰੀਅਲ ਹਾਲ ਨੂੰ ਨਾਟਕਾਂ ਨਾਲ ਜੋੜਦੇ ਹਨ। ਪ੍ਰਬੰਧਕਾਂ ਨੇ ਕਿਹਾ ਕਿ ਕਪੂਰਥਲਾ ਸ਼ਾਹੀ ਪਰਿਵਾਰ ਦੇ ਮੈਂਬਰ ਕਿਤਾਬ ਪ੍ਰੇਮੀ ਅਤੇ ਬੁੱਧੀਜੀਵੀ ਹਨ, ਉਨ੍ਹਾਂ ਕਿਹਾ ਕਿ ਮਹਾਰਾਜਾ ਕਪੂਰਥਲਾ ਬ੍ਰਿਗੇਡੀਅਰ ਸੁਖਜੀਤ ਸਿੰਘ ਅਤੇ ਮਹਾਰਾਣੀ ਮੀਰਾ ਬਸੰਤ ਕੌਰ ਨੇ ਸਮਾਗਮ ’ਚ ਆਪਣੀ ਭਾਗੀਦਾਰੀ ਨਾਲ ਇਸ ਦੀ ਸ਼ੋਭਾ ਵਧਾਈ ਹੈ। ਇਸ ਮੌਕੇ ਪ੍ਰਸਿੱਧ ਕੋਰੀਓਗ੍ਰਾਫਰ ਗਗਨ ਬੇਦੀ ਨੇ ਧੰਨਵਾਦ ਦਾ ਪ੍ਰਸ਼ੰਸਾਯੋਗ ਮਤਾ ਪੇਸ਼ ਕੀਤਾ। ਇਸ ਸਮਾਗਮ ਦੌਰਾਨ ਵੱਡੀ ਗਿਣਤੀ ’ਚ ਪ੍ਰਮੁੱਖ ਨਾਗਰਿਕ, ਸਿੱਖਿਆ ਸ਼ਾਸਤਰੀ ਅਤੇ ਇਤਿਹਾਸਕਾਰ ਸ਼ਾਮਲ ਹੋਏ। ਸਮਾਗਮ ਦੇ ਅੰਤ ’ਚ ਇਕ ਸਵਾਲ-ਜਵਾਬ ਸੈਸ਼ਨ ਹੋਇਆ, ਜਿਸ ਦੀ ਸੰਪਨਤਾ ਦਰਸ਼ਕਾਂ ਦੀ ਡੂੰਘੀ ਦਿਲਚਸਪੀ ਨਾਲ ਹੋਈ।
Ad Position 22
No active advertisement
ਪਿਛਲੀ ਖ਼ਬਰ ਨਿਗਮ ਦੀ ਹਾਊਸ ਮੀਟਿੰਗ ’ ਚ ਸੱਤਾਧਾਰੀ ਧਿਰ ਨੂੰ ਘੇਰਨ ਲਈ ਕਾਂਗਰਸੀ ਕੌਂਸਲਰਾਂ ਨੇ ਕੀਤੀ ਤਿਆਰੀ ਕਾਂਗਰਸ ਭਵਨ ’ਚ ਕਾਂਗਰਸ... ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਜ ਨਿਗਮ ਹਾਊਸ ਵਿਚ ਪ੍ਰਮੁੱਖਤਾ ਨਾਲ ਉਠਾਏਗੀ ਭਾਜਪਾ
Ad Position 24