ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ ਸਕੂਲੀ ਵਿਦਿਆਰਥਣਾਂ ਨੂੰ ਸਵੈ-ਰੱਖਿਆ ਤੇ ਜਾਗਰੂਕਤਾ ਲਈ ਦਿੱਤੀ ਟਰੇਨਿੰਗ
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ ਸਕੂਲ ਦੀਆਂ ਵਿਦਿਆਰਥਣਾਂ ਲਈ ਸੁਰੱਖਿਆ ਪ੍ਰਤੀ ਇਕ ਜਾਗਰੂਕਤਾ ਅਤੇ ਸਵੈ-ਰੱਖਿਆ ਸਿਖਲਾਈ ਦੀ ਟਰੇਨਿੰਗ ਦਿੱਤੀ।
ਨਵੀਂ ਦਿੱਲੀ, 27 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)- ਦਿੱਲੀ ਦੇ ਦੁਆਰਕਾ ਜ਼ਿਲ੍ਹੇ ਦੀ ਪੁਲਿਸ ਨੇ ਸਕੂਲ ਦੀਆਂ ਵਿਦਿਆਰਥਣਾਂ ਲਈ ਸੁਰੱਖਿਆ ਪ੍ਰਤੀ ਇਕ ਜਾਗਰੂਕਤਾ ਅਤੇ ਸਵੈ-ਰੱਖਿਆ ਸਿਖਲਾਈ ਦੀ ਟਰੇਨਿੰਗ ਦਿੱਤੀ। ਇਸ ਦੇ ਨਾਲ ਹੀ ਐਮਰਜੈਂਸੀ ਨੰਬਰ ਬਾਰੇ ਜਾਣਕਾਰੀ ਦਿੰਦੇ ਹੋਏ ਸਵੈ-ਰੱਖਿਆ ਦੀਆਂ ਤਕਨੀਕਾਂ ਬਾਰੇ ਵੀ ਜਾਗਰੂਕ ਕੀਤਾ। ਕੁਸ਼ਲਪਾਲ ਸਿੰਘ (ਆਈ.ਪੀ.ਐਸ.) ਡੀ.ਸੀ.ਪੀ. ਦੁਆਰਕਾ ਜ਼ਿਲ੍ਹੇ ਦੇ ਨਿਰਦੇਸ਼ਾਂ ਅਨੁਸਾਰ ਇਕ ਪ੍ਰੋਗਰਾਮ ਦੁਆਰਕਾ ਜ਼ਿਲ੍ਹਾ ਪੁਲਿਸ ਵਲੋਂ ਸਰਵੋਦਿਆ ਕੋ-ਐਡ. ਸੀਨੀਅਰ ਸੈਕੰਡਰੀ ਸਕੂਲ ਸਾਇਟ-2 ਦੁਆਰਕਾ ਵਿਖੇ ਕੀਤਾ ਗਿਆ। ਸਕੂਲ ਦੀਆਂ ਵਿਦਿਆਰਥਣਾਂ ਨੇ ਬਹੁਤ ਦਿਲਚਸਪੀ ਲਈ ਅਤੇ ਆਤਮ-ਸੁਰੱਖਿਆ ਲਈ ਕਈ ਪ੍ਰਸ਼ਨ ਵੀ ਪੁੱਛੇ, ਜਿਨ੍ਹਾਂ ਦਾ ਉੱਤਰ ਪੁਲਿਸ ਅਧਿਕਾਰੀਆਂ ਵਲੋਂ ਵਧੀਆ ਢੰਗ ਨਾਲ ਦਿੱਤਾ ਗਿਆ। ਪੁਲਿਸ ਦਾ ਕਹਿਣਾ ਸੀ ਕਿ ਅਜਿਹੇ ਪ੍ਰੋਗਰਾਮ ਸਮੇਂ-ਸਮੇਂ ’ਤੇ ਸਕੂਲਾਂ ਵਿਚ ਕੀਤੇ ਜਾ ਰਹੇ ਹਨ ਅਤੇ ਇਨ੍ਹਾਂ ਪ੍ਰਤੀ ਸਕੂਲਾਂ ਵਲੋਂ ਪੂਰਨ ਤੌਰ ’ਤੇ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਇਹੋ ਜਿਹੇ ਪ੍ਰੋਗਰਾਮ ਅੱਗੋਂ ਵੀ ਸਕੂਲਾਂ ਵਿਚ ਕੀਤੇ ਜਾਣਗੇ।