ਪੁਲਿਸ ਦੀ ਕਾਰਵਾਈ ਬੇਅਸਰ, ਹੰਸ ਮਾਰਕੀਟ ਤੋਂ ਨਾਜਾਇਜ਼ ਕਬਜ਼ੇ ਤਾਂ ਹਟਾਏ ਗਏ ਪਰ ਤੁਰੰਤ ਬਾਅਦ ਹੀ ਜਾਮ ਵਰਗੇ ਹਾਲਾਤ ਮੁੜ ਬਣੇ
ਫ਼ਤਿਹਾਬਾਦ, 20 ਸਤੰਬਰ (ਹਰਬੰਸ ਸਿੰਘ ਮੰਡੇਰ)- ਸ਼ਹਿਰ ਨੂੰ ਟਰੈਫ਼ਿਕ ਜਾਮ ਅਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਕੌਂਸਲ ਤੇ ਟਰੈਫ਼ਿਕ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਟੀਮ ਲਾਲ ਬੱਤੀ ਚੌਕ ਤੋਂ ਫੁਹਾਰਾ ਚੌਕ ਹੁੰਦੀ ਹੋਈ ਹੰਸ ਮਾਰਕੀਟ ਪਹੁੰਚੀ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਨੂੰ ਹਟਾਇਆ।
ਫ਼ਤਿਹਾਬਾਦ, 20 ਸਤੰਬਰ (ਹਰਬੰਸ ਸਿੰਘ ਮੰਡੇਰ)- ਸ਼ਹਿਰ ਨੂੰ ਟਰੈਫ਼ਿਕ ਜਾਮ ਅਤੇ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਨਗਰ ਕੌਂਸਲ ਤੇ ਟਰੈਫ਼ਿਕ ਪੁਲਿਸ ਦੀ ਟੀਮ ਨੇ ਅੱਜ ਸਵੇਰੇ ਬਾਜ਼ਾਰਾਂ ਵਿਚ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਈ। ਟੀਮ ਲਾਲ ਬੱਤੀ ਚੌਕ ਤੋਂ ਫੁਹਾਰਾ ਚੌਕ ਹੁੰਦੀ ਹੋਈ ਹੰਸ ਮਾਰਕੀਟ ਪਹੁੰਚੀ ਤੇ ਸੜਕ ਕਿਨਾਰੇ ਲੱਗੀਆਂ ਰੇਹੜੀਆਂ ਨੂੰ ਹਟਾਇਆ। ਹਾਲਾਂਕਿ ਪੁਲਿਸ ਦੀ ਇਹ ਕਾਰਵਾਈ ਬੇਅਸਰ ਸਾਬਤ ਹੋਈ ਜਿਵੇਂ ਹੀ ਟੀਮ ਬਾਜ਼ਾਰ ਤੋਂ ਗਈ ਸਥਿਤੀ ਪਹਿਲਾਂ ਵਰਗੀ ਹੋ ਗਈ। ਸੜਕਾਂ ’ਤੇ ਰੇਹੜੀਆਂ ਮੁੜ ਦਿਖਾਈ ਦੇਣ ਲੱਗੀਆਂ ਅਤੇ ਦੁਕਾਨਦਾਰਾਂ ਨੇ ਫਿਰ ਤੋਂ ਆਪਣੀਆਂ ਦੁਕਾਨਾਂ ਦੇ ਬਾਹਰਲੀ ਜਗ੍ਹਾ ’ਤੇ ਕਬਜ਼ਾ ਕਰ ਲਿਆ । ਇਸ ਕਾਰਵਾਈ ਤੋਂ ਪਹਿਲਾਂ ਪੁਲਿਸ ਤੇ ਨਗਰ ਕੌਂਸਲ ਦੀ ਟੀਮ ਨੇ ਦਿਨ ਵੇਲੇ ਬਾਜ਼ਾਰਾਂ ’ਚ ਜਨਤਕ ਐਲਾਨ ਕੀਤੇ ਸਨ। ਦੁਕਾਨਦਾਰਾਂ ਨੂੰ ਸਪਸ਼ਟ ਚੇਤਾਵਨੀ ਦਿੱਤੀ ਗਈ ਸੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੋਈ ਵੀ ਸਮਾਨ ਨਾ ਰੱਖਣ ਨਹੀਂ ਤਾਂ ਉਹ ਜ਼ਬਤ ਕਰ ਲਿਆ ਜਾਵੇਗਾ। ਇਸ ਚਿਤਾਵਨੀ ਦਾ ਅਸਰ ਸਵੇਰ ਸਾਫ਼ ਦਿਖਾਈ ਦਿੱਤਾ ਕਾਰਵਾਈ ਦੇ ਡਰੋਂ ਜ਼ਿਆਦਾਤਰ ਦੁਕਾਨਦਾਰਾਂ ਨੇ ਆਪਣਾ ਸਮਾਨ ਪਹਿਲਾਂ ਹੀ ਅੰਦਰ ਕਰ ਲਿਆ ਸੀ। ਮੁਹਿੰਮ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਕੁਝ ਦੁਕਾਨਦਾਰਾਂ ਨੂੰ ਆਖ਼ਰੀ ਚਿਤਾਵਨੀ ਦਿੱਤੀ, ਜਿਨ੍ਹਾਂ ਨੇ ਹਾਲੇ ਵੀ ਬਾਹਰ ਸਮਾਨ ਰੱਖਿਆ ਹੋਇਆ ਸੀ। ਚਿਤਾਵਨੀ ਮਿਲਣ ’ਤੇ ਦੁਕਾਨਦਾਰਾਂ ਨੇ ਤੁਰੰਤ ਆਪਣਾ ਸਮਾਨ ਅੰਦਰ ਕਰ ਲਿਆ। ਹੰਸ ਮਾਰਕੀਟ ਨੇੜੇ ਨਾਜਾਇਜ਼ ਤੌਰ ’ਤੇ ਲਗਾਈਆਂ ਗਈਆਂ ਰੇਹੜੀਆਂ ਨੂੰ ਵੀ ਉੱਥੋਂ ਹਟਾ ਦਿੱਤਾ ਗਿਆ। ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਬਾਜ਼ਾਰਾਂ ’ਚ ਲੋਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਇਹ ਮੁਹਿੰਮ ਜਾਰੀ ਰਹੇਗੀ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਜਿਵੇਂ ਹੀ ਪੁਲਿਸ ਟੀਮ ਗਈ ਹੰਸ ਮਾਰਕੀਟ ਦੇ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੇ ਫਿਰ ਤੋਂ ਜਗ੍ਹਾ ’ਤੇ ਕਬਜ਼ਾ ਕਰ ਲਿਆ। ਰੇਹੜੀਆਂ ਦੇ ਸੜਕ ਤੱਕ ਆ ਜਾਣ ਕਾਰਨ ਇੱਕ ਵਾਰ ਫਿਰ ਜਾਮ ਵਰਗੇ ਹਾਲਾਤ ਬਣ ਗਏ।