ਮਾਰਕੰਡੇਸ਼ਵਰ ਹਾਕੀ ਸਟੇਡੀਅਮ ਨੂੰ ਦੇਸ਼ ਦਾ ਸਭ ਤੋਂ ਵਧੀਆ ਖੇਡ ਮੈਦਾਨ ਬਣਾਉਣ ਲਈ ਯਤਨ ਤੇਜ਼ ਕੀਤੇ ਜਾਣਗੇ: ਸੰਸਦ ਮੈਂਬਰ ਨਵੀਨ ਜਿੰਦਲ
ਗੂਹਲਾ ਚੀਕਾ (ਸ਼ਾਹਾਬਾਦ ਮਾਰਕੰਡੇ), 20 ਸਤੰਬਰ (ਓ. ਪੀ.
ਗੂਹਲਾ ਚੀਕਾ (ਸ਼ਾਹਾਬਾਦ ਮਾਰਕੰਡੇ), 20 ਸਤੰਬਰ (ਓ.ਪੀ. ਸੈਣੀ)-ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਮਾਰਕੰਡੇਸ਼ਵਰ ਹਾਕੀ ਸਟੇਡੀਅਮ ਨੂੰ ਦੇਸ਼ ਦਾ ਸਭ ਤੋਂ ਵਧੀਆ ਬਣਾਉਣ ਲਈ ਜਲਦੀ ਹੀ ਯਤਨ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਸਟੇਡੀਅਮ ਨੇ ਰਾਣੀ ਰਾਮਪਾਲ ਵਰਗੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਕੀਤੇ ਹਨ ਤੇ ਅਜਿਹਾ ਸਟੇਡੀਅਮ ਬਿਹਤਰ ਰੱਖ-ਰਖਾਅ ਦਾ ਹੱਕਦਾਰ ਹੈ। ਸੰਸਦ ਮੈਂਬਰ ਨਵੀਨ ਜਿੰਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ’ਤੇ ਸ਼ੁਰੂ ਕੀਤੇ ਗਏ ਸੇਵਾ ਸੰਕਲਪ ਅਭਿਆਨ ਦੇ ਹਿੱਸੇ ਵਜੋਂ ਹਾਕੀ ਮੈਚ ਦੇਖਣ ਲਈ ਹਾਕੀ ਸਟੇਡੀਅਮ ਵਿਚ ਸਨ। ਉਨ੍ਹਾਂ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਦੀਆਂ ਚਿੰਤਾਵਾਂ ਸੁਣੀਆਂ। ਖਿਡਾਰੀਆਂ ਦੀ ਮੰਗ ‘ਤੇ ਸੰਸਦ ਮੈਂਬਰ ਨਵੀਨ ਜਿੰਦਲ ਨੇ ਦੋ ਜਿੰਮ, ਏਅਰ ਕੰਡੀਸ਼ਨਰ, ਟਰੈਕ ਦੀ ਸਫਾਈ ਲਈ ਵੈਕਿਊਮ ਕਲੀਨਰ, ਆਟੋਮੈਟਿਕ ਬਾਲ ਮਸ਼ੀਨਾਂ, ਗੋਲਕੀਪਰ ਸੁਰੱਖਿਆ ਕਿੱਟਾਂ, ਬਾਲ ਕਿੱਟਾਂ ਤੇ ਸ਼ੈੱਡ ਬਣਾਉਣ ਦਾ ਐਲਾਨ ਕੀਤਾ। ਸੰਸਦ ਮੈਂਬਰ ਜਿੰਦਲ ਨੇ ਇਹ ਵੀ ਐਲਾਨ ਕੀਤਾ ਕਿ ਸਟੇਡੀਅਮ ਕੰਪਲੈਕਸ ਨੂੰ ਪੁਰਸ਼ ਤੇ ਮਹਿਲਾ ਖਿਡਾਰੀਆਂ ਲਈ ਆਧੁਨਿਕ ਟਾਇਲਟਾਂ ਨਾਲ ਨਵਿਆਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਵੀ ਖਿਡਾਰੀਆਂ ਨੂੰ ਕੋਈ ਲੋੜ ਹੁੰਦੀ ਹੈ, ਉਹ ਉਨ੍ਹਾਂ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਖੇਡਾਂ ਦੇ ਪ੍ਰਬੰਧਾਂ ਦੀ ਦੇਖਭਾਲ ਲਈ ਆਪਣੇ ਦਫ਼ਤਰ ਵਿਚ ਇਕ ਵਿਸ਼ੇਸ਼ ਟੀਮ ਨਿਯੁਕਤ ਕੀਤੀ ਹੈ। ਸੰਸਦ ਮੈਂਬਰ ਨਵੀਨ ਜਿੰਦਲ ਨੇ ਕਿਹਾ ਕਿ ਮਾਰਕੰਡੇਸ਼ਵਰ ਸਟੇਡੀਅਮ ਦੇ ਨਾਲ-ਨਾਲ, ਪੁੰਡਰੀ ਦੇ ਹਾਬੜੀ ਵਿਚ ਸਥਿਤ ਹਾਕੀ ਸਟੇਡੀਅਮ ਨੂੰ ਵੀ ਵਿਕਸਤ ਕੀਤਾ ਜਾਵੇਗਾ ਤੇ ਉੱਥੇ ਆਧੁਨਿਕ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਦ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦ੍ਰਿਸ਼ਟੀਕੋਣ ਹੈ ਕਿ ਭਾਰਤ ਖੇਡਾਂ ਵਿਚ ਮੋਹਰੀ ਹੋਵੇ। ਪ੍ਰਧਾਨ ਮੰਤਰੀ ਦੇ ਇਸ ਸੁਪਨੇ ਨੂੰ ਸਾਕਾਰ ਕਰਨ ਲਈ, ਮੁੱਖ ਮੰਤਰੀ ਨਾਇਬ ਸੈਣੀ ਦੀ ਅਗਵਾਈ ਵਿਚ, ਹਰਿਆਣਾ ਦੀ ਖੇਡ ਨੀਤੀ ਨੂੰ ਸਭ ਤੋਂ ਵਧੀਆ ਤੇ ਪ੍ਰਭਾਵਸ਼ਾਲੀ ਬਣਾਇਆ ਗਿਆ ਹੈ ਜਿਸ ਵਿਚ ਦੇਸ਼ ਵਿਚ ਖਿਡਾਰੀਆਂ ਨੂੰ ਸਭ ਤੋਂ ਵੱਧ ਕਰੋੜਾਂ ਰੁਪਏ ਦੇ ਪੁਰਸਕਾਰ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਚੇਅਰਮੈਨ ਸੁਭਾਸ਼ ਕਲਸਾਣਾ, ਚੇਅਰਮੈਨ ਬੀਬੀ ਕਰਤਾਰ ਕੌਰ, ਰਵਿੰਦਰ ਸਾਂਗਵਾਨ, ਸੁਪਰਸਵ ਜੈਨ ਮੰਡਲ ਪ੍ਰਧਾਨ, ਯਾਦਵਿੰਦਰ ਰਾਣਾ ਮੰਡਲ ਪ੍ਰਧਾਨ, ਈਸ਼ਾ ਅਗਰਵਾਲ, ਮਨਦੀਪ ਸਿੰਘ ਐਡਵੋਕੇਟ, ਅੰਕੁਰ ਸੈਣੀ ਜ਼ਿਲ੍ਹਾ ਮੀਤ ਪ੍ਰਧਾਨ, ਅਜਾਇਬ ਸਿੰਘ ਪ੍ਰਤੀਨਿਧ ਜਿੰਦਲ ਹਾਊਸ, ਸਰਦਾਰ ਤ੍ਰਿਲੋਚਨ ਸਿੰਘ ਹਾਂਡਾ, ਬਲਦੇਵ ਕੌਂਸਲ ਰਾਜਪਾਲ ਸਿੰਘ, ਸੁਦਰਸ਼ਨ ਸਿੰਘ ਰਾਜਪਾਲ, ਸ. ਕੌਰ ਬਾਜਵਾ, ਦੀਪਕ ਆਨੰਦ ਕੌਂਸਲਰ, ਗੁਰਬਾਜ ਸਿੰਘ ਹਾਕੀ ਕੋਚ ਤੇ ਬਲਦੇਵ ਰਾਜ ਸੇਠੀ ਸਮੇਤ ਖਿਡਾਰੀ ਤੇ ਮਾਪੇ ਹਾਜ਼ਰ ਸਨ।