ਭਾਰਗੋ ਕੈਂਪ ’ ਚ ਐਕਸਾਈਜ਼ ਵਿਭਾਗ ਵਲੋਂ ਫੜੇ ਸ਼ਰਾਬ ਤਸਕਰ ਨੂੰ ਛੁਡਵਾਉਣ ਲਈ ਟੀਮ ’ ਤੇ ਹਮਲਾ ਚੱਲੀਆਂ ਗੋਲੀਆਂ, ਇਲਾਕੇ ’ਚ ਫੈਲੀ ਦਹਿਸ਼ਤ
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ’ਚ ਬੁੱਢਾ ਮੱਲ੍ਹ ਗਰਾਊਂਡ ਨੇੜੇ ਮੰਗਲਵਾਰ ਸ਼ਾਮ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਲਾਕੇ ’ਚ ਸ਼ਰਾਬ ਤਸਕਰ ਨੂੰ ਫੜ ਕੇ ਲਿਜਾਣ ਲੱਗੀ ਐਕਸਾਈਜ਼ ਵਿਭਾਗ ਦੀ ਟੀਮ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਤੜ-ਤੜ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਘਟਨਾ ਦਾ ਪਤਾ ਲੱਗਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਓਧਰ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ।
ਜਲੰਧਰ, 5 ਅਗਸਤ (ਜਤਿੰਦਰ ਪੰਮੀ)–ਥਾਣਾ ਭਾਰਗੋ ਕੈਂਪ ’ਚ ਬੁੱਢਾ ਮੱਲ੍ਹ ਗਰਾਊਂਡ ਨੇੜੇ ਮੰਗਲਵਾਰ ਸ਼ਾਮ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਇਲਾਕੇ ’ਚ ਸ਼ਰਾਬ ਤਸਕਰ ਨੂੰ ਫੜ ਕੇ ਲਿਜਾਣ ਲੱਗੀ ਐਕਸਾਈਜ਼ ਵਿਭਾਗ ਦੀ ਟੀਮ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਤੜ-ਤੜ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਗਈ। ਘਟਨਾ ਦਾ ਪਤਾ ਲੱਗਣ ’ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਓਧਰ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜੀ। ਹਾਲਾਤ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਏ. ਸੀ. ਪੀ. ਵੈਸਟ ਤੇ ਏ. ਡੀ. ਸੀ. ਪੀ.-2 ਵੀ ਮੌਕੇ ’ਤੇ ਪੁੱਜੇ ਅਤੇ ਹਾਲਾਤ ਦਾ ਜਾਇਜ਼ਾ ਲਿਆ। ਮਿਲੀ ਜਾਣਕਾਰੀ ਅਨੁਸਾਰ ਐਕਸਾਈਜ਼ ਵਿਭਾਗ ਦੀ ਟੀਮ ਇੰਸਪੈਕਟਰ ਮਨਜੀਤ ਸਿੰਘ ਦੀ ਅਗਵਾਈ ਹੇਠ ਗੁਪਤ ਸੂਚਨਾ ਦੇ ਆਧਾਰ ’ਤੇ ਥਾਣਾ ਭਾਰਗੋ ਕੈਂਪ ਅੱਡੇ ਤੋਂ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਸ਼ਰਾਬ ਤਸਕਰ ਨੂੰ ਛੁਡਵਾਉਣ ਲਈ ਮੁਹੱਲੇ ਦੇ ਕੁਝ ਲੋਕ ਇਕੱਠੇ ਹੋ ਗਏ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਤੇ ਉਨ੍ਹਾਂ ਨਾਲ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਟੀਮ ਤੇ ਲੋਕਾਂ ਵਿਚਾਲੇ ਝੜਪ ਹੋ ਗਈ ਅਤੇ ਇਸੇ ਦਰਮਿਆਨ ਭੀੜ ਵਿੱਚ ਮੌਜੂਦ ਕੁਝ ਲੋਕਾਂ ਨੇ ਲਗਾਤਾਰ 6-7 ਗੋਲੀਆਂ ਨਾਲ ਫਾਇਰਿੰਗ ਕਰ ਦਿੱਤੀ, ਜਿਸ ਨਾਲ ਆਸ-ਪਾਸ ਦੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਮੁਖੀ ਸਤਪਾਲ ਸਿੰਘ, ਏ. ਸੀ. ਪੀ. ਵੈਸਟ ਆਤਿਸ਼ ਭਾਟੀਆ ਅਤੇ ਏ. ਡੀ. ਸੀ. ਪੀ.-2 ਰਾਕੇਸ਼ ਯਾਦਵ ਵੀ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਸਥਿਤੀ ’ਤੇ ਕਾਬੂ ਪਾਇਆ। ਇਲਾਕੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਜਾਇਜ਼ ਸ਼ਰਾਬ ਸਮੇਤ ਫੜਿਆ ਗਿਆ ਵਿਅਕਤੀ ਭਾਰਗੋ ਕੈਂਪ ਦੇ ਬਦਨਾਮ ਸ਼ਰਾਬ ਤਸਕਰ ਨਾਲ ਸੰਬੰਧਤ ਹੋਣ ਕਰਕੇ ਉਸ ਨੇ ਆਪਣੇ ਸਾਥੀਆਂ ਸਮੇਤ ਟੀਮ ਨਾਲ ਝਪੜ ਕੀਤੀ। ਇਹ ਵੀ ਪਤਾ ਲੱਗਾ ਹੈ ਕਿ ਇਸੇ ਦੌਰਾਨ ਕਿਲ੍ਹੇ ਮੁਹੱਲੇ ਦੇ ਰਹਿਣ ਵਾਲੇ ਸ਼ਰਾਬ ਦੇ ਕਾਰੋਬਾਰੀ ਦੇ ਕਰਿੰਦੇ ਵੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਵਿਚਾਲੇ ਹੋਈ ਝੜਪ ਦੌਰਾਨ ਹੀ ਗੋਲੀਆਂ ਚਲਾਈਆਂ ਗਈਆਂ। ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਝੜਪ ਦੌਰਾਨ ਗੋਲੀਆਂ ਚੱਲੀਆਂ ਹਨ ਅਤੇ ਉਨ੍ਹਾਂ ਨੂੰ ਘਟਨਾ ਸਥਾਨ ਤੋਂ ਗੋਲੀ ਦਾ ਇਕ ਖੋਲ ਵੀ ਬਰਾਮਦ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਦੇਰ ਰਾਤ ਤਕ ਥਾਣਾ ਭਾਰਗੋ ਕੈਂਪ ਦੀ ਪੁਲਿਸ ਮਾਮਲੇ ਵਿੱਚ ਕਾਰਵਾਈ ਕਰ ਰਹੀ ਸੀ। ਥਾਣਾ ਮੁਖੀ ਸਤਪਾਲ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਹਾਲੇ ਘਟਨਾ ਸਥਾਨ ’ਤੇ ਮੌਜੂਦ ਹਨ ਅਤੇ ਥਾਣੇ ਜਾ ਕੇ ਮਾਮਲਾ ਦਰਜ ਕਰਨ ਦੀ ਕਾਰਵਾਈ ਕਰਨਗੇ। ਓਧਰ ਐਕਸਾਈਜ਼ ਵਿਭਾਗ ਦੇ ਵੈਸਟ ਹਲਕੇ ਦੇ ਈ. ਟੀ. ਓ. ਜਸਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਮਨਜੀਤ ਸਿੰਘ ਵਿਭਾਗ ਤੇ ਪੁਲਿਸ ਦੀ ਟੀਮ ਨਾਲ ਛਾਪੇਮਾਰੀ ਕਰਨ ਗਏ ਸਨ ਅਤੇ ਉਨ੍ਹਾਂ ਨੇ ਇਕ ਵਿਅਕਤੀ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਸੀ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕੁਝ ਲੋਕਾਂ ਨੇ ਵਿਭਾਗ ਦੀ ਟੀਮ ’ਤੇ ਹਮਲਾ ਕਰ ਦਿੱਤਾ ਅਤੇ ਮੁਲਜ਼ਮ ’ਚ ਛੁਡਵਾਉਣ ਦੀ ਕੋਸ਼ਿਸ਼ ਕੀਤੀ। ਵਿਭਾਗ ਦੀ ਟੀਮ ’ਤੇ ਗੋਲੀਆਂ ਚਲਾਉਣ ਬਾਰੇ ਪੁੱਛੇ ਜਾਣ ’ਤੇ ਈ. ਟੀ. ਓ. ਜਸਪ੍ਰੀਤ ਸਿੰਘ ਨੇ ਕਿਹਾ ਕਿ ਐਕਸਾਈਜ਼ ਇੰਸਪੈਕਟਰ ਦਾ ਕਹਿਣਾ ਹੈ ਕਿ ਜਦੋਂ ਗੋਲੀਆਂ ਚੱਲੀਆਂ ਉਨ੍ਹਾਂ ਦੀ ਉਸ ਪਾਸੇ ਪਿੱਠ ਸੀ। ਈ. ਟੀ. ਓ. ਨੇ ਦੱਸਿਆ ਕਿ ਉਹ ਵੀ ਘਟਨਾ ਸਥਾਨ ’ਤੇ ਪੁੱਜ ਰਹੇ ਹਨ।