06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਰਖਾ ਰੁੱਤ ਤੇ ਸਾਡੀ ਸਿਹਤ

ਵਰਖਾ ਰੁੱਤ ਤੇ ਸਾਡੀ ਸਿਹਤ

Ad Position 21
No active advertisement
ਅਜੀਤ ਡੈਸਕ 06-08-2026

ਵਰਖਾ ਰੁੱਤ ਤੇ ਸਾਡੀ ਸਿਹਤ

ਗਰਮੀ ਦੀ ਹੁੰਮਸ ਤੋਂ ਬਾਅਦ ਸਾਉਣ ਭਾਦੋਂ ਵਿਚ ਵਰਖਾ ਦੀ ਰੁੱਤ ਆ ਜਾਂਦੀ ਹੈ। ਚਾਰੇ ਪਾਸੇ ਮੀਂਹ ਪੈਣ ਲੱਗ ਜਾਂਦਾ ਹੈ। ਚਾਰੇ ਪਾਸੇ ਹਰਿਆਲੀ ਫੈਲਣ ਲੱਗਦੀ ਹੈ। ਦਰੱਖ਼ਤ, ਰੁੱਖਾਂ ਵਿਚ ਨਵੇਂ ਜੀਵਨ ਦਾ ਸੰਚਾਰ ਹੁੰਦਾ ਹੈ । ਆਦਮੀ, ਪਸ਼ੂ, ਪੰਛੀ ਖੁਸ਼ ਹੋ ਜਾਂਦੇ ਹਨ। ਪਰ ਵਰਖਾ ਦੀ ਰੁੱਤ ਆਪਣੇ ਨਾਲ ਕਈ ਬਿਮਾਰੀਆਂ ਵੀ ਲੈ ਕੇ ਆਉਂਦੀ ਹੈ। ਇਸ ਮੌਸਮ ਵਿਚ ਸਭ ਤੋਂ ਵੱਧ ਖਤਰਾ ਹੁੰਦਾ ਹੈ ਖ਼ਰਾਬ ਪਾਣੀ ਦਾ। ਪਾਣੀ ਨੂੰ ਉਬਾਲ ਕੇ ਠੰਢਾ ਕਰਕੇ ਪੀਓ। ਪਾਣੀ ਨੂੰ ਉਬਾਲਣਾ ਸੰਭਵ ਨਾ ਹੋ ਤਾਂ ਘੱਟ ਤੋਂ ਘੱਟ ਫਟਕੜੀ ਜਾਂ ਕਲੋਰੀਨ ਦੀਆਂ ਗੋਲੀਆਂ ਵੀ ਪਾਈਆਂ ਜਾ ਸਕਦੀਆਂ ਹਨ। ਵਰਖਾ ਰੁੱਤ ਵਿਚ ਗੰਦਗੀ, ਚਿੱਕੜ, ਟੋਇਆਂ ਵਿਚ ਪਾਣੀ ਭਰ ਜਾਂਦਾ ਹੈ। ਮੱਖੀ, ਮੱਛਰ, ਬਹੁਤ ਪੈਦਾ ਹੋ ਜਾਂਦੇ ਹਨ। ਜੋ ਬਿਮਾਰੀਆਂ ਫੈਲਾਉਂਦੇ ਹਨ। ਮੱਖੀਆਂ ਤੋਂ ਹੈਜ਼ਾ ਫੈਲ ਸਕਦਾ ਹੈ। ਮੱਛਰਾਂ ਤੋਂ ਮਲੇਰੀਆ ਤੇ ਡੇਂਗੂ ਬੁਖ਼ਾਰ ਪੈਦਾ ਹੁੰਦਾ ਹੈ। ਆਪਣੇ ਘਰ ਅਤੇ ਆਂਢ-ਗੁਆਢ ਦੇ ਵਾਤਾਵਰਨ ਨੂੰ ਸਾਫ ਰੱਖੋ। ਜੇ ਘਰ ਦੇ ਆਸੇ ਪਾਸੇ ਟੋਏ ਹੋਣ ਤਾਂ ਉਨ੍ਹਾਂ ਵਿਚ ਪਾਣੀ ਭਰਦਾ ਹੈ, ਤਾਂ ਉਨ੍ਹਾਂ ਨੂੰ ਮਿੱਟੀ ਨਾਲ ਭਰ ਦਿਓ। ਠਹਿਰੇ ਹੋਏ ਪਾਣੀ ਦੇ ਉੱਤੇ ਮਿੱਟੀ ਦਾ ਤੇਲ ਛਿੜਕ ਦਿਓ। ਇਸ ਨਾਲ ਮੱਛਰਾਂ ਦੇ ਲਾਰਵਾ ਨਸ਼ਟ ਹੋ ਜਾਂਦੇ ਹਨ। ਬਰਸਾਤ ਵਿਚ ਆਪਣੇ ਘਰ ਦੀ ਛੱਤ, ਨਾਲੀਆਂ ਦੀ ਸਫਾਈ ਰੱਖੋ। ਵਰਖਾ ਰੁੱਤ ਵਿਚ ਭਾਰੀ ਭੋਜਨ ਪਚਦਾ ਨਹੀਂ। ਇਸ ਲਈ ਹਲਕਾ ਖਾਣਾ ਹੀ ਖਾਓ। ਬੇਹਾ ਭੋਜਨ ਨਾ ਖਾਓ। ਕੱਟੇ ਹੋਏ ਫ਼ਲ ਸਬਜ਼ੀਆਂ ਵੀ ਨਾ ਖਾਓ। ਵਰਖਾ ਦੀ ਰੁੱਤ ਵਿਚ ਭੁੰਨੇ ਹੋਏ ਛੋਲੇ, ਭੁੰਨੇ ਹੋਏ ਮੱਕੀ ਦੇ ਦਾਣੇ, ਲਸਣ, ਪਿਆਜ਼ ਅਤੇ ਨਿੰਬੂ ਦੀ ਵਰਤੋਂ ਲਾਭਦਾਇਕ ਹੁੰਦੀ ਹੈ। ਜਦੋਂ ਕਿ ਦਹੀਂ ਵਰਤਣ ਤੋਂ ਬਚਣਾ ਚਾਹੀਦਾ ਹੈ। ਵਰਖਾ ਰੁੱਤ ਵਿਚ ਪੁਦੀਨੇ ਦੀ ਵਰਤੋਂ ਵੀ ਜ਼ਰੂਰ ਕਰਨੀ ਚਾਹੀਦੀ ਹੈ। ਬਾਜ਼ਾਰ ਵਿਚ ਬਣਦੇ ਸਮੋਸੇ, ਪੀਜ਼ਾ, ਬਰਗਰ, ਗੋਲਗੱਪੇ, ਟਿੱਕੀਆਂ ਆਦਿ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀਂ ਮੀਂਹ ਨਾਲ ਭਿੱਜ ਗਏ ਹੋ ਤਾਂ ਸਰਦੀ ਲੱਗ ਸਕਦੀ ਹੈ।

-ਡਾ. ਨਰਿੰਦਰ ਭੱਪਰ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

ਆਓ, ਕਿਸੇ ਦੀ ਆਵਾਜ਼ ਬਣੀਏ...

ਇਨਸਾਫ਼ ਕਦੇ ਵੀ ਮੰਗਣ ਨਾਲ ਨਹੀਂ ਮਿਲਦਾ ਅਤੇ ਨਾ ਹੀ ਕਿਸੇ ਤੋਂ ਖੋਹ ਕੇ ਹਮੇਸ਼ਾ ਲਈ ਕਾਇਮ ਰੱਖਿਆ ਜਾ ਸਕਦਾ ਹੈ। ਇਕ ਨਿਆਂਪੂਰਨ ਸਮਾਜ ਦੀ ਨੀਂਹ ਉਦੋਂ ਪੈਂਦੀ ਹੈ, ਜਦੋਂ ਲੋਕ ਹਰ ਛੋਟੇ ਤੋਂ ਛੋਟੇ ਅਨਿਆਂ ਨੂੰ ਪਛਾਣਦੇ ਹਨ, ਉਸ ਦੇ ਵਿਰੁੱਧ ਬੋਲਦੇ ਹਨ ਅਤੇ ਉਸ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਦੇ ਹਨ। ਸਮਾਜ ਵਿਚ ਵੱਡੇ ਅਨਿਆਂ ਅਕਸਰ ਛੋਟੀ ਚੁੱਪੀ ਤੋਂ ਜਨਮ ਲੈਂਦੇ ਹਨ। ਜਦੋਂ ਅਸੀਂ ਕਿਸੇ ਗਲਤ ਗੱਲ ਨੂੰ ਇਹ ਸੋਚ ਕੇ ਨਜ਼ਰਅੰਦਾਜ਼ ਕਰ ਦਿੰਦੇ ਹਾਂ ਕਿ 'ਇਸ ਨਾਲ ਸਾਡਾ ਕੀ ਲੈਣਾ-ਦੇਣਾ', ਉਸੇ ਵੇਲੇ ਅਨਿਆਂ ਹੋਰ ਮਜ਼ਬੂਤ ਹੋ ਜਾਂਦਾ ਹੈ। ਇਸ ਲਈ ਹਰ ਜਾਗਰੂਕ ਨਾਗਰਿਕ ਦਾ ਫ਼ਰਜ਼ ਹੈ ਕਿ ਉਹ ਸੱਚ ਦਾ ਸਾਥ ਦੇਵੇ ਅਤੇ ਗਲਤ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੇ। ਇਨਸਾਫ਼ ਇਕ ਦਿਨ ਵਿਚ ਨਹੀਂ ਬਣਦਾ। ਇਹ ਬੂੰਦ-ਬੂੰਦ ਕਰਕੇ ਇਕੱਠਾ ਹੁੰਦਾ ਹੈ ਹਰ ਸੱਚੀ ਆਵਾਜ਼, ਹਰ ਨਿਡਰ ਕਦਮ ਅਤੇ ਹਰ ਇਮਾਨਦਾਰ ਕੋਸ਼ਿਸ਼ ਉਸ ਵਿਚ ਆਪਣਾ ਯੋਗਦਾਨ ਪਾਉਂਦੀ ਹੈ। ਜਦੋਂ ਸਮਾਜ ਦਾ ਹਰ ਵਿਅਕਤੀ ਆਪਣੇ ਹਿੱਸੇ ਦੀ ਜ਼ਿੰਮੇਵਾਰੀ ਨਿਭਾਉਂਦਾ ਹੈ, ਤਦੋਂ ਹੀ ਇਨਸਾਫ਼ ਦੀ ਮਜ਼ਬੂਤ ਇਮਾਰਤ ਖੜ੍ਹੀ ਹੁੰਦੀ ਹੈ। ਚੁੱਪੀ ਕਦੇ ਵੀ ਹੱਲ ਨਹੀਂ ਹੁੰਦੀ। ਅਨਿਆਂ ਨੂੰ ਪਛਾਣਨਾ, ਉਸ ਦੇ ਵਿਰੁੱਧ ਖੜ੍ਹਾ ਹੋਣਾ ਅਤੇ ਸੱਚ ਦਾ ਸਾਥ ਦੇਣਾ ਹੀ ਉਹ ਪਹਿਲਾ ਕਦਮ ਹੈ ਜੋ ਇਕ ਬਿਹਤਰ, ਨਿਆਂਪੂਰਨ ਅਤੇ ਸਨਮਾਨਯੋਗ ਸਮਾਜ ਦੀ ਸਿਰਜਣਾ ਕਰਦਾ ਹੈ। ਜੇ ਅਸੀਂ ਅੱਜ ਆਪਣੇ ਹਿੱਸੇ ਦਾ ਸੱਚ ਨਹੀਂ ਬੋਲਾਂਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੀ ਖਾਮੋਸ਼ੀ 'ਤੇ ਸਵਾਲ ਜ਼ਰੂਰ ਉਠਾਉਣਗੀਆਂ।

-ਮੰਜੂ ਰਾਇਕਾ
ਸੰਗਰੂਰ।

ਅਧਿਆਪਕ ਅਤੇ ਵਿਦਿਆਰਥੀ ਹਵਾ ਵਿਚ

'ਅਜੀਤ' ਵਿਚ 21 ਜੁਲਾਈ 2026 ਨੂੰ ਦਵਿੰਦਰ ਕੌਰ ਖ਼ੁਸ਼ ਧਾਲੀਵਾਲ ਦਾ ਲੇਖ 'ਮਾਨਸਿਕ ਤਣਾਅ ਹੇਠ ਕੰਮ ਕਰਨ ਲਈ ਮਜਬੂਰ ਹਨ ਅਧਿਆਪਕ' ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਪ੍ਰਬੰਧਕੀ ਕੰਗਾਲੀ ਦੀ ਤਸਵੀਰ ਪੇਸ਼ ਕਰਦਾ ਹੈ। ਪੰਜਾਬ ਦੀ ਸਿੱਖਿਆ ਕ੍ਰਾਂਤੀ ਦੇ ਸ਼ੋਸ਼ੇ ਦੀ ਹਵਾ ਨਿਕਲ ਰਹੀ ਹੈ। ਪਿਛਲੇ ਪੰਜ ਸਾਲਾਂ ਦੌਰਾਨ 370 ਸਪੈਸ਼ਲ ਐਜੂਕੇਟਰਾਂ ਨੂੰ ਛੱਡ ਕੇ ਇਕ ਵੀ ਨਵੀਂ ਭਰਤੀ ਨਹੀਂ ਕੀਤੀ ਗਈ। ਸਕੂਲ ਅਧਿਆਪਕਾਂ ਦੀ ਕਮੀ ਦੀ ਮਾਰ ਹੇਠ ਹੈ। ਪੰਜਾਬ ਦੇ 1927 ਸੀਨੀਅਰ ਸੈਕੰਡਰੀ ਸਕੂਲਾਂ ਚੋਂ 1113 ਸਕੂਲ ਪ੍ਰਿੰਸੀਪਲਾਂ ਤੋਂ ਵਾਂਝੇ ਹਨ। ਜਿਹੜੇ ਅਧਿਆਪਕ ਸਰਕਾਰੀ ਸਕੂਲਾਂ ਵਿਚ ਪੜ੍ਹਾ ਵੀ ਰਹੇ ਹਨ ਉਨ੍ਹਾਂ ਕੋਲ ਗ਼ੈਰ - ਅਧਿਆਪਨ ਡਿਊਟੀਆਂ ਕਾਰਨ ਬੱਚਿਆਂ ਨੂੰ ਪੜ੍ਹਾਉਣ ਦਾ ਬਹੁਤ ਘੱਟ ਸਮਾਂ ਬਚਦਾ ਹੈ। ਲੇਖਿਕਾ ਨੇ ਮਿਡ-ਡੇ ਮੀਲ, ਬੇਲੋੜੀਆਂ ਆਨਲਾਈਨ ਡਾਟਾ ਐਂਟਰੀਆਂ, ਗ੍ਰਾਂਟਾਂ ਦਾ ਹਿਸਾਬ, ਜਨਗਣਨਾ ਡਿਊਟੀ, ਵੋਟਾਂ ਦੀ ਡਿਊਟੀ, ਚੋਣਾਂ ਡਿਊਟੀ ਅਤੇ ਟੀਕਾਕਰਨ ਤੇ ਗੋਲੀਆਂ ਵੰਡਣ ਦੀ ਡਿਊਟੀ ਆਦਿ ਕੰਮਾਂ ਦੁਆਰਾ ਅਧਿਆਪਕਾਂ ਦੇ ਮਾਨਸਿਕ ਤਣਾਅ ਤੇ ਬੱਚਿਆਂ ਦੇ ਤਬਾਹ ਹੋ ਰਹੇ ਭਵਿੱਖ ਦਾ ਵਿਸਥਾਰ ਸਹਿਤ ਲੇਖਾ ਜੋਖਾ ਕੀਤਾ ਹੈ। ਬੱਚੇ ਸਕੂਲਾਂ ਵਿਚ ਅਧਿਆਪਕਾਂ ਨੂੰ ਲੱਭ ਰਹੇ ਹਨ। ਅਧਿਆਪਕ ਬੀ ਐਲ ਓ ਬਣ ਕੇ ਬੱਚਿਆਂ ਦੇ ਮਾਪਿਆਂ ਨੂੰ ਲੱਭ ਰਹੇ ਹਨ। ਬੱਚਿਆਂ ਦੇ ਮਾਪੇ ਵੋਟਰ ਸੂਚੀਆਂ ਵਿਚੋਂ ਆਪਣੇ ਮਾਪਿਆਂ ਨੂੰ ਲੱਭ ਰਹੇ ਹਨ। ਅਧਿਆਪਕ ਤਾਂ ਅਜਿਹਾ ਸਾਫਟਵੇਅਰ ਸਮਝ ਲਿਆ ਗਿਆ ਹੈ ਜੋ ਇਕੋ ਸਮੇਂ ਸਰਵੇ ਕਾਮਾ, ਕਲਰਕ, ਅਕਾਊਂਟੈਂਟ, ਕੇਟਰਿੰਗ ਕਾਮਾ ਅਤੇ ਫੀਲਡ ਅਫ਼ਸਰ ਆਦਿ ਬਹੁਤ ਕੁਝ ਹੈ।

-ਰਸ਼ਪਾਲ ਸਿੰਘ
ਸ਼ੁਭ ਕਰਮਨ ਸੁਸਾਇਟੀ, ਹੁਸ਼ਿਆਰਪੁਰ।

Ad Position 22
No active advertisement
ਪਿਛਲੀ ਖ਼ਬਰ ਲੋਕਾਂ ਦੇ ਟੈਕਸਾਂ ਦਾ ਪੈਸਾ ਲੋਕਾਂ ਨੂੰ ਗਰਾਂਟਾਂ ਦੇ ਰੂਪ ’ਚ ਵਾਪਸ ਕਰਕੇ ਜਨਤਾ ਦੀ ਕਚਹਿਰੀ ’ਚ ਲਗਵਾ ਰਹੇ ਹਾਂ ਹਾਜ਼ਰੀਆ... ਅਗਲੀ ਖ਼ਬਰ ਪ੍ਰਤਿਭਾ ਮਹਾਨ ਕੰਮਾਂ ਦਾ ਆਰੰਭ ਕਰਦੀ ਹੈ ਤੇ ਮਿਹਨਤ ਉਨ੍ਹਾਂ ਨੂੰ ਨੇਪਰੇ ਚੜ੍ਹਾਉਂਦੀ ਹੈ। -ਡਾ: ਜਾਨਸਨ
Ad Position 24
No active advertisement