05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਲਾਸਟਿਕ ਮੁਕਤ ਜੀਵਨ

ਪਲਾਸਟਿਕ ਮੁਕਤ ਜੀਵਨ

Ad Position 21
No active advertisement
ਅਜੀਤ ਡੈਸਕ 05-08-2026

ਪਲਾਸਟਿਕ ਮੁਕਤ ਜੀਵਨ

ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇਨਸਾਨ ਕਿਸੇ ਨਾ ਕਿਸੇ ਰੂਪ ਵਿਚ ਬਿਮਾਰੀ (ਛੋਟੀ ਜਾਂ ਵੱਡੀ) ਤੋਂ ਪੀੜਤ ਹੈ। ਜੇਕਰ ਅਸੀਂ ਗੌਰ ਨਾਲ ਤੱਕੀਏ ਤਾਂ ਅਸੀਂ ਇਕ ਅਜਿਹੇ ਵਿਸ਼ੈਲੇ ਪਦਾਰਥ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ ਹੈ, ਜੋ ਸਾਡੀ ਸਿਹਤ ਲਈ ਹਰ ਪੱਖੋਂ ਨੁਕਸਾਨਦਾਇਕ ਹੈ, ਉਹ ਹੈ ਪਲਾਸਟਿਕ। ਸਵੇਰੇ ਉੱਠਣ ਤੋਂ ਸ਼ੁਰੂ ਹੋ ਕੇ ਰਾਤ ਸੌਣ ਤੱਕ ਰੋਜ਼ਾਨਾ ਜੀਵਨ ਦੀਆਂ ਲਗਭਗ ਸਾਰੀਆਂ ਗਤੀਵਿਧੀਆਂ ਨਹਾਉਣਾ, ਖਾਣਾ-ਪੀਣਾ, ਸੌਣਾ-ਜਾਗਣਾ, ਭੋਜਨ ਪਕਾਉਣਾ, ਪਰੋਸਣਾ, ਖਰੀਦਦਾਰੀ, ਵੇਚਣਾ ਲਗਭਗ ਕੁਝ ਵੀ ਪਲਾਸਟਿਕ ਦੀ ਵਰਤੋਂ ਤੋਂ ਸੱਖਣਾ ਨਹੀਂ ਹੈ। ਪਲਾਸਟਿਕ ਇਕ ਅਜਿਹਾ ਵਿਸ਼ੈਲਾ ਪਦਾਰਥ ਹੈ, ਜੋ ਸਾਡੀ ਸਿਹਤ ਲਈ ਅਤਿਅੰਤ ਹਾਨੀਕਾਰਕ ਹੈ। ਇਸ ਦੀ ਵਰਤੋਂ ਨਾਲ ਕੈਂਸਰ ਜਿਹੀਆਂ ਭਿਆਨਕ ਬਿਮਾਰੀਆਂ ਨੇ ਪੈਰ ਪਸਾਰੇ ਹਨ। ਇਹ ਇੰਨਾ ਭਿਆਨਕ ਹੈ ਕਿ ਹਜ਼ਾਰਾਂ ਸਾਲ ਤੱਕ ਮਿੱਟੀ ਦੀ ਪਰਤ ਹੇਠਾਂ ਦਬਾਉਣ 'ਤੇ ਵੀ ਗਲਦਾ ਨਹੀਂ। ਗਲਣਸ਼ੀਲ ਹੋਣ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਵਿਗਿਆਨਿਕਾਂ ਅਤੇ ਡਾਕਟਰਾਂ ਦਾ ਮੰਨਣਾ ਹੈ ਕਿ ਭੋਜਨ ਪਦਾਰਥਾਂ ਨੂੰ ਗਰਮ ਹੋਣ 'ਤੇ ਪਲਾਸਟਿਕ ਦੇ ਕੰਟੇਨਰਾਂ ਜਾਂ ਡੱਬਿਆਂ ਜਾਂ ਭੋਜਨ ਖਾਣ ਵਾਲੇ ਪਲਾਸਟਿਕ ਦੇ ਬਰਤਨਾਂ ਵਿਚ ਪਾਉਣ ਨਾਲ ਕੈਂਸਰ ਵਰਗੀ ਬਿਮਾਰੀ ਦਾ ਕਾਰਨ ਬਣਦਾ ਹੈ।  ਸੋ, ਅੱਜ ਸਾਨੂੰ ਇਸ ਪਲਾਸਟਿਕ ਵਰਗੇ ਭਿਆਨਕ ਪਦਾਰਥ ਤੋਂ ਮੁਕਤ ਹੋਣ ਦੀ ਲੋੜ ਹੈ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਲਾਸਟਿਕ ਦੇ ਬੈਗ, ਲਿਫਾਫੇ, ਬਰਤਨ ਆਦਿ ਦੀ ਵਰਤੋਂ 'ਤੇ ਆਪਣੇ ਪੱਧਰ 'ਤੇ ਹੀ ਰੋਕ ਲਾ ਦਈਏ। ਇਕ ਮਨੁੱਖ ਵਲੋਂ ਚੁੱਕਿਆ ਇਕ ਕਦਮ ਜਾਗ੍ਰਿਤੀ ਲਿਆ ਸਕਦਾ ਹੈ ਅਤੇ ਮਾਨਵਤਾ ਦੇ ਭਲੇ ਲਈ ਸਹਾਇਕ ਸਿੱਧ ਹੋ ਸਕਦਾ ਹੈ।

-ਹਰਮੇਸ਼ ਸਿੰਘ
ਈ.ਟੀ.ਟੀ. ਅਧਿਆਪਕ, ਭਾਦਸੋਂ-2 ਪਟਿਆਲਾ।

ਸਾਡੇ ਅੰਦਰ ਵੀ ਇਕ ਦੁਨੀਆ

ਇਨਸਾਨੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਹਰ ਵਿਅਕਤੀ ਦੀ ਇਕ ਬਾਹਰੀ ਅਤੇ ਇਕ ਅੰਦਰੂਨੀ ਦੁਨੀਆ ਹੁੰਦੀ ਹੈ। ਬਾਹਰੋਂ ਜੋ ਦਿਖਾਈ ਦਿੰਦਾ ਹੈ, ਉਹ ਪੂਰੀ ਹਕੀਕਤ ਨਹੀਂ ਹੁੰਦੀ। ਅਸੀਂ ਲੋਕਾਂ ਨੂੰ ਉਨ੍ਹਾਂ ਦੇ ਕੱਪੜਿਆਂ, ਬੋਲਚਾਲ, ਹਾਲਾਤ ਜਾਂ ਕੁਝ ਪਲਾਂ ਦੇ ਵਿਹਾਰ ਦੇ ਆਧਾਰ 'ਤੇ ਪਰਖਣ ਲੱਗ ਪੈਂਦੇ ਹਾਂ, ਪਰ ਇਹ ਨਹੀਂ ਜਾਣਦੇ ਕਿ ਉਹ ਆਪਣੇ ਦਿਲ ਵਿਚ ਕਿੰਨੇ ਦੁੱਖ, ਸੰਘਰਸ਼, ਸੁਪਨੇ ਜਾਂ ਜ਼ਿੰਮੇਵਾਰੀਆਂ ਲਈ ਬੈਠੇ ਹਨ। ਕਈ ਵਾਰ ਜੋ ਵਿਅਕਤੀ ਸਾਨੂੰ ਹੱਸਦਾ ਹੋਇਆ ਦਿਸਦਾ ਹੈ, ਉਹ ਅੰਦਰੋਂ ਟੁੱਟਿਆ ਹੋ ਸਕਦਾ ਹੈ। ਜੋ ਚੁੱਪ ਰਹਿੰਦਾ ਹੈ, ਉਹ ਕਮਜ਼ੋਰ ਨਹੀਂ ਹੁੰਦਾ, ਸਗੋਂ ਆਪਣੇ ਜਜ਼ਬਾਤਾਂ ਨਾਲ ਲੜ ਰਿਹਾ ਹੋ ਸਕਦਾ ਹੈ। ਜੋ ਸਾਦਗੀ ਨਾਲ ਜੀਵਨ ਬਿਤਾਉਣ ਵਾਲਾ ਗਰੀਬ ਨਹੀਂ, ਸਗੋਂ ਉੱਚੇ ਵਿਚਾਰਾਂ ਵਾਲਾ ਹੋ ਸਕਦਾ ਹੈ। ਅੰਦਾਜ਼ੇ ਅਕਸਰ ਗਲਤਫਹਿਮੀਆਂ ਨੂੰ ਜਨਮ ਦਿੰਦੇ ਹਨ। ਇਕ ਸਮਝਦਾਰ ਮਨੁੱਖ ਹਮੇਸ਼ਾ ਫ਼ੈਸਲਾ ਕਰਨ ਤੋਂ ਪਹਿਲਾਂ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਸਮਾਜ ਵਿਚ ਵਧ ਰਹੀ ਨਫ਼ਰਤ, ਦੂਰੀਆਂ ਅਤੇ ਟਕਰਾਵਾਂ ਦਾ ਇਕ ਵੱਡਾ ਕਾਰਨ ਵੀ ਇਹੀ ਹੈ ਕਿ ਲੋਕ ਇਕ-ਦੂਜੇ ਨੂੰ ਸਮਝਣ ਦੀ ਬਜਾਏ ਅੰਦਾਜ਼ੇ ਲਗਾਉਣ ਲੱਗ ਪੈਂਦੇ ਹਨ। ਹਰ ਇਨਸਾਨ ਇਕ ਕਿਤਾਬ ਵਾਂਗ ਹੁੰਦਾ ਹੈ, ਜਿਸ ਨੂੰ ਪੜ੍ਹ ਕੇ ਉਸ ਬਾਰੇ ਜਾਣਿਆ ਜਾ ਸਕਦਾ ਹੈ। ਇਸ ਲਈ ਸਾਨੂੰ ਅੰਦਾਜ਼ਿਆਂ ਦੀ ਥਾਂ ਸਮਝ, ਸਬਰ ਅਤੇ ਹਮਦਰਦੀ ਨੂੰ ਅਪਣਾਉਣਾ ਚਾਹੀਦਾ ਹੈ। ਕਈ ਵਾਰ ਸਭ ਤੋਂ ਡੂੰਘੀਆਂ ਕਹਾਣੀਆਂ ਉਨ੍ਹਾਂ ਦਿਲਾਂ ਵਿਚ ਵਸਦੀਆਂ ਹਨ ਜੋ ਖਾਮੋਸ਼ ਰਹਿੰਦੇ ਹਨ।

-ਮੰਜੂ ਰਾਇਕਾ ਸੰਗਰੂਰ।

ਨਾੜੀ ਸੈੱਲ

ਮਨੋਵਿਗਿਆਨ ਵਿਸ਼ੇ ਵਿਚ ਵਾਤਾਵਰਨ ਵਿਚ ਮੌਜੂਦ ਵਸਤੂਆਂ ਨੂੰ ਸੰਵੇਦਨਾਵਾਂ ਦੇ ਰੂਪ ਵਿਚ ਦਿਮਾਗ਼ ਤੱਕ ਪਹੁੰਚਾਉਣਾ ਤੇ ਫਿਰ ਇਨ੍ਹਾਂ ਸੰਵੇਦਨਾਵਾਂ ਦਾ ਦਿਮਾਗ਼ ਤੋਂ ਸਾਡੇ ਤੱਕ ਕਿਰਿਆ ਦੇ ਰੂਪ ਵਿਚ ਪਹੁੰਚਣ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।  ਸੰਚਾਰ ਵਿਧੀ ਇਥੇ ਮਹੱਤਵਪੂਰਨ ਥਾਂ ਰੱਖਦੀ ਹੈ। ਉਪਰੋਕਤ ਮਨੋਵਿਗਿਆਨਕ ਸੰਚਾਰ ਢਾਂਚੇ ਵਿਚ 'ਨਾੜੀ ਪ੍ਰਬੰਧ' ਦਾ ਮਹੱਤਵਪੂਰਨ ਕੰਮ ਹੁੰਦਾ ਹੈ। ਨਾੜੀ ਪ੍ਰਬੰਧ ਵਿਚ ਨਾੜੀ ਸੈੱਲ ਜਾਂ ਕੋਸ਼ਿਕਾਵਾਂ ਜਾਂ ਨਿਊਰਾਨ ਇਕ ਆਧਾਰਪੂਰਨ ਇਕਾਈ ਹੁੰਦੀ ਹੈ। ਨਾੜੀ ਕੌਸ਼ਿਕਾਵਾਂ ਦੀ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਇਹ ਅਨੇਕਾਂ ਕਿਸਮ ਦੇ ਪਦਾਰਥਾਂ ਨੂੰ ਬਿਜਲਈ ਕਰੰਟ ਵਿਚ ਬਦਲਣ ਦੀ ਸਮਰੱਥਾ ਰਖਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨਾੜੀ ਕੋਸ਼ਿਕਾਵਾਂ ਦਾ ਕੰਮ ਸੂਚਨਾਵਾਂ ਨੂੰ ਬਿਜਲਈ ਰਸਾਇਣਕ ਰੂਪ ਵਿਚ ਪ੍ਰਾਪਤ ਕਰਕੇ ਕੇਂਦਰੀ ਨਾੜੀ ਪ੍ਰਬੰਧ ਤੱਕ ਪਹੁੰਚਾਉਣਾ ਹੁੰਦਾ ਹੈ। ਕੇਂਦਰੀ ਨਾੜੀ ਪ੍ਰਬੰਧ ਵਿਚ ਦਿਮਾਗ਼ ਤੇ ਰੀੜ੍ਹ ਦੀ ਹੱਡੀ ਸਰੀਰਕ ਅੰਗ ਸ਼ਾਮਿਲ ਹੁੰਦੇ ਹਨ। ਫਿਰ ਕੇਂਦਰੀ ਨਾੜੀ ਪ੍ਰਬੰਧ ਤੋਂ ਸੂਚਨਾਵਾਂ ਮਾਸਪੇਸ਼ੀਆਂ, ਗ੍ਰੰਥੀਆਂ ਤੇ ਅੰਗਾਂ ਤੱਕ ਪਹੁੰਚਦੀਆਂ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਕੋਈ ਵੀ ਗੱਲ ਜਾਂ ਚੀਜ਼ ਕਿਵੇਂ ਦਿਮਾਗ਼ ਤੱਕ ਪਹੁੰਚਦੀ ਹੈ ਅਤੇ ਕਿਹੜੇ ਅੰਗਾਂ ਤੇ ਢੰਗਾਂ ਰਾਹੀਂ ਸਾਡੇ ਤੱਕ ਗੱਲ ਜਾਂ ਚੀਜ਼ ਦਾ ਅਨੁਭਵ ਪਹੁੰਚਦਾ ਹੈ। ਇਸ ਸਾਰੀ ਵਿਧੀ ਦਾ ਮਨੋਵਿਗਿਆਨਕ ਵਿਸ਼ੇ ਵਿਚ ਬਹੁਤ ਮਹੱਤਵ ਹੁੰਦਾ ਹੈ। ਇਸ ਮਹੱਤਵਪੂਰਨ ਕਾਰਜਵਿਧੀ ਵਿਚ ਨਾੜੀ ਸੈੱਲਾਂ ਦਾ ਬਹੁਤ ਕੰਮ ਹੁੰਦਾ ਹੈ।

-ਮਨੋਵਿਗਿਆਨਕ ਪ੍ਰਯੋਗਸ਼ਾਲਾ
ਪਿੰਡ ਨੌਨੀਤਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ)

ਭਿਖਾਰੀਆਂ ਖ਼ਿਲਾਫ਼ ਕਾਰਵਾਈ

ਪੰਜਾਬ ਸਰਕਾਰ ਨੇ ਭੀਖ ਮੰਗਣ ਵਾਲੇ ਭਿਖਾਰੀਆਂ ਦੇ ਖ਼ਿਲਾਫ਼ ਜੋ ਭੀਖ ਮੰਗਣ ਤੋਂ ਰੋਕਣ ਲਈ ਮੁਹਿੰਮ ਚਲਾਈ ਹੈ! ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ! ਭਿਖਾਰੀਆਂ ਬਾਰੇ ਆਮ ਲੋਕਾਂ ਨੂੰ ਕੁਝ ਪਤਾ ਨਹੀਂ ਲਗਦਾ! ਇਹ ਕੌਣ ਨੇ, ਕਿੱਥੋਂ ਆਏ ਨੇ, ਕਿੱਥੇ ਜਾਂਦੇ ਨੇ, ਇਨ੍ਹਾਂ ਦੀ ਕਮਾਈ ਮੰਗੇ ਹੋਏ ਪੈਸੇ ਕੌਣ ਲੈ ਜਾਂਦਾ ਹੈ? ਇਸ ਪਿੱਛੇ ਕੋਈ ਬਹੁਤ ਵੱਡਾ ਗਰੋਹ ਹੋਵੇਗਾ ਹੈ। ਇਨ੍ਹਾਂ ਭਿਖਾਰੀਆਂ ਵਿੱਚ ਸਾਡੇ ਪੰਜਾਬੀ ਭਿਖਾਰੀ ਤਾਂ ਨਾਂਹ ਮਾਤਰ ਹੀ ਹਨ! ਇਹ ਸਾਰੇ ਭਿਖਾਰੀ ਬਾਹਰੋਂ ਹੋਰ ਸੂਬਿਆਂ ਤੋਂ ਪੰਜਾਬ ਆਏ ਹੋਏ ਹਨ। ਇਨ੍ਹਾਂ ਭੀਖ ਮੰਗਣ ਵਾਲਿਆਂ ਦੀ ਸਰਕਾਰ ਕੋਲ ਕੋਈ ਲਿਸਟ ਨਹੀਂ, ਕੋਈ ਗਿਣਤੀ ਨਹੀਂ, ਕੋਈ ਜਾਣਕਾਰੀ ਨਹੀਂ ਹੈ! ਇਹ ਕਾਤਲ ਨੇ, ਨਸ਼ੇ ਦੇ ਕਾਰੋਬਾਰੀ ਨੇ ਜਾਂ ਜਾਸੂਸ ਹਨ। ਇਹ ਭਿਖਾਰੀ ਐਨੇ ਜ਼ਿਆਦਾ ਵੱਧ ਚੁੱਕੇ ਹਨ ਕਿ ਜਿੱਥੇ ਮਰਜ਼ੀ ਦੇਖ ਲਓ ਤੁਹਾਨੂੰ ਉੱਥੇ ਹੀ ਨਜ਼ਰ ਆਉਣਗੇ। ਇਹ ਪਿੰਡਾਂ, ਸ਼ਹਿਰਾਂ, ਕਸਬਿਆ ਤੋਂ ਇਲਾਵਾ ਧਾਰਮਿਕ ਅਸਥਾਨਾਂ, ਬੱਸ ਅੱਡਿਆਂ, ਸਰਕਾਰੀ ਦਫ਼ਤਰਾਂ, ਰੇਲਵੇ ਸਟੇਸ਼ਨਾਂ, ਮੌਲਾਂ, ਸ਼ੋ-ਰੂਮਾਂ, ਬੱਤੀਆਂ ਵਾਲੇ ਚੌਕਾਂ ਵਿੱਚ ਬਹੁਤ ਜ਼ਿਆਦਾ ਗਿਣਤੀ ਵਿੱਚ ਮੰਗਦੇ ਮਿਲਣਗੇ। ਇਨ੍ਹਾਂ ਲੋਕਾਂ ਨੇ ਮੰਗਣ ਨੂੰ ਆਪਣਾ ਧੰਦਾ ਹੀ ਬਣਾ ਲਿਆ ਹੈ! ਇਹ ਭੀਖ ਮੰਗਣ ਵਾਲੇ ਲੋਕ ਸਵੇਰ ਹੁੰਦੇ ਹੀ ਆਪਣੇ ਨਿੱਕੇ-ਨਿੱਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਭੀੜਭਾੜ ਵਾਲੇ ਇਲਾਕਿਆਂ ਵਿੱਚ ਮੰਗਣ ਲਈ ਅਲੱਗ ਅਲੱਗ ਥਾਵਾਂ 'ਤੇ ਆਪਣੇ ਬਣਾਏ ਪੱਕੇ ਮੰਗਣ ਦੇ ਅੱਡਿਆਂ 'ਤੇ ਭੇਜ ਦਿੰਦੇ ਹਨ। ਇਹ ਭਿਖਾਰੀ ਲੋਕ ਹੀ ਚੋਰੀਆਂ, ਲੁੱਟਾਂ-ਖੋਹਾਂ, ਕੁੱਟਮਾਰ ਅਤੇ ਹੋਰ ਕਈ ਤਰ੍ਹਾਂ ਦੀਆਂ ਗਲਤ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਹਨ। ਇਨ੍ਹਾਂ ਅਣਜਾਣ ਲੋਕਾਂ ਨੇ ਹੀ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਹੈ। ਸਾਡੀ ਸਭ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਕਿਸੇ ਵੀ ਭਿਖਾਰੀ ਨੂੰ ਮੰਗਣ 'ਤੇ ਪੇਸੈ ਨਾ ਦੇਈਏ। ਪਿੰਡਾਂ ਦੇ ਸਰਪੰਚ, ਸ਼ਹਿਰਾਂ ਦੇ ਐਮ.ਸੀ. ਆਪਣੇ ਵਾਰਡਾਂ ਵਿਚ ਕਿਸੇ ਵੀ ਭਿਖਾਰੀ ਨੂੰ  ਵੜਨ ਨਾ ਦੇਣ, ਤਾਂ ਹੀ ਭੀਖ ਮੰਗਣ ਵਾਲੇ ਭਿਖਾਰੀਆਂ ਨੂੰ ਨੱਥ ਪਾਈ ਜਾ ਸਕਦੀ।

-ਗੁਰਤੇਜ ਸਿੰਘ ਖੁਡਾਲ,
ਗਲੀ ਨੰਬਰ 11, ਭਾਗੂ ਰੋਡ ਬਠਿੰਡਾ!

ਹੜਾਂ ਸੰਬੰਧੀ ਪੱਕੇ ਪ੍ਰਬੰਧ ਕਰੋ

ਪੰਜਾਬ ਦੇ ਕਿਸਾਨਾਂ ਦੀਆਂ ਫ਼ਸਲਾਂ ਹਰ ਸਾਲ ਹੜ੍ਹ ਦੇ ਪਾਣੀ 'ਚ ਡੁੱਬਣ ਨਾਲ ਤਬਾਹ ਹੋ ਜਾਂਦੀਆਂ ਹਨ। ਭਾਰਤ ਦੀ ਕੇਂਦਰ ਅਤੇ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਬਰਸਾਤ ਦੇ ਮੌਸਮ ਤੋਂ ਪਹਿਲਾਂ ਹੀ ਦਰਿਆਵਾਂ ਦੀਆਂ ਧੁੱਸੀਆਂ ਨੂੰ ਪੱਕਾ ਕਰਨ ਅਤੇ ਡਰੇਨਾਂ ਦੀ ਨਿਕਾਸੀ ਹੋਣੀ ਚਾਹੀਦੀ ਸੀ ਤਾਂ ਕਿ ਬਰਸਾਤ ਦੇ ਪਾਣੀ ਨਾਲ ਕਿਸਾਨਾਂ ਦੀਆਂ ਫ਼ਸਲਾਂ, ਮਕਾਨ, ਮਾਲ ਡੰਗਰ ਤੇ ਜਾਨੀ ਨੁਕਸਾਨ ਹੋਣ ਤੋਂ ਬਚ ਸਕਣ। ਸਰਕਾਰਾਂ ਨੂੰ ਚਾਹੀਦਾ ਹੈ ਕਿ ਡੈਮਾਂ ਵਿਚੋਂ ਪਾਣੀ ਜ਼ਿਆਦਾ ਇਕੱਠਾ ਕਰਨ ਦੀ ਬਜਾਏ ਥੋੜ੍ਹਾ-ਥੋੜ੍ਹਾ ਪਾਣੀ ਦਰਿਆਵਾਂ ਵਿਚ ਛਡਦੇ ਰਹਿਣਾ ਚਾਹੀਦਾ ਹੈ ਤੇ ਅਚਾਨਕ ਫਲੱਡ ਗੇਟ ਖੋਲ੍ਹਣ ਨਾਲ ਪੰਜਾਬ ਦੀ ਜਨਤਾ ਹਰ ਸਾਲ ਦੁਖੀ ਨਾ ਹੋ ਸਕੇ। ਸਰਕਾਰਾਂ ਨੂੰ ਅਪੀਲ ਹੈ ਕਿ ਪੰਜਾਬ ਦੀ ਜਨਤਾ ਦਾ ਨੁਕਸਾਨ ਬਹੁਤ ਹੁੰਦਾ ਹੈ ਤੇ ਧੁੱਸੀ ਬੰਨ੍ਹ ਪੱਕੇ ਕੀਤੇ ਜਾਣ।

-ਤਰਲੋਚਨ ਸਿੰਘ
ਗੁ: ਬੁੰਗਾ ਸਾਹਿਬ ਸਠਿਆਲਾ (ਅੰਮ੍ਰਿਤਸਰ)।

 

 

 

Ad Position 22
No active advertisement
ਪਿਛਲੀ ਖ਼ਬਰ ਸੀ.ਜੇ.ਐੱਮ. ਡਾ. ਸੁਯਾਸ਼ ਜਾਵਾ ਨੇ ਬੂਟੇ ਲਗਾ ਕੇ ਵਾਤਾਵਰਨ ਸੁਰੱਖਿਆ ਦਾ ਦਿੱਤਾ ਸੰਦੇਸ਼ ਅਗਲੀ ਖ਼ਬਰ ਕੀ ਉੱਚ ਤਾਕਤੀ ਕਮੇਟੀ ਪ੍ਰੀਖਿਆਵਾਂ ਵਿਚ ਸੁਧਾਰ ਲਿਆ ਸਕੇਗੀ?
Ad Position 24
No active advertisement