ਪਹਾੜਾਂ ਤੇ ਬਰਫਬਾਰੀ ਮਗਰੋਂ ਹੇਠਲੇ ਇਲਾਕਿਆਂ ’ਚ ਠੰਡ ਦਾ ਪ੍ਰਕੋਪ ਵਧਿਆ
ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਤੇ ਆਸ-ਪਾਸ ਦੇ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਮਗਰੋਂ ਹੇਠਲੇ ਇਲਾਕਿਆਂ ’ਚ ਠੰਢ ਦਾ ਪ੍ਰਕੋਪ ਇੱਕਦਮ ਵਧ ਗਿਆ ਹੈ। ਉੱਤਰੀ ਵੈਨਕੂਵਰ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਦੀ ਢਲਾਨ ਸਮੇਤ ਕਈ ਪਹਾੜੀ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ ਦਿਖਾਈ ਦੇ ਰਹੀਆਂ ਹਨ।
ਵੈਨਕੂਵਰ, 24 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵੈਨਕੂਵਰ ਤੇ ਆਸ-ਪਾਸ ਦੇ ਪਹਾੜੀ ਇਲਾਕਿਆਂ ਵਿਚ ਹੋਈ ਤਾਜ਼ਾ ਬਰਫ਼ਬਾਰੀ ਮਗਰੋਂ ਹੇਠਲੇ ਇਲਾਕਿਆਂ ’ਚ ਠੰਢ ਦਾ ਪ੍ਰਕੋਪ ਇੱਕਦਮ ਵਧ ਗਿਆ ਹੈ। ਉੱਤਰੀ ਵੈਨਕੂਵਰ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਦੀ ਢਲਾਨ ਸਮੇਤ ਕਈ ਪਹਾੜੀ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢੱਕੀਆਂ ਦਿਖਾਈ ਦੇ ਰਹੀਆਂ ਹਨ। ਵੈਨਕੂਵਰ, ਸਰੀ, ਰਿਚਮੰਡ, ਡੈਲਟਾ, ਬਰਨਬੀ,ਨਿਊ ਵੈਸਟ ਮਨਿਸਟਰ ਅਤੇ ਹੋਰਨਾਂ ਹੇਠਲੇ ਇਲਾਕਿਆਂ ਵਿਚ ਇਕਦਮ ਵਧੀ ਠੰਡ ਦਾ ਅਸਰ ਮਹਿਸੂਸ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਅੰਦਰੂਨੀ ਇਲਾਕਿਆਂ ਨੂੰ ਆਉਣ ਜਾਣ ਵਾਲੇ ਸਭ ਤੋਂ ਉੱਚੇ ਕੋਕੇਹਾਲਾ ਰਾਜਮਾਰਗ ਨੰਬਰ 5 ਉੱਪਰ ਵੀ ਸਰਦ ਮੌਸਮ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਕੈਨੇਡਾ ਦੇ ਮੌਸਮ ਵਿਭਾਗ ਅਨੁਸਾਰ 24 ਨਵੰਬਰ ਨੂੰ ਹੋਪ ਤੋਂ ਮੈਰਿਟ ਵਿਚਕਾਰ 5 ਸੈਂਟੀਮੀਟਰ ਅਤੇ ਮੈਰਿਟ ਤੋਂ ਕੈਮਲੂਪਸ ਵਿਚਕਾਰ ਕੁਝ ਥਾਵਾਂ ’ਤੇ 2 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ । ਵਿਸਲਰ ਵੱਲ ਜਾਣ ਵਾਲੇ ਰਾਜਮਾਰਗ ਉੱਪਰ ਵੀ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪਹਾੜੀ ਰਸਤਿਆਂ ਉੱਪਰ ਬਰਫ਼ ਕਾਰਨ ਤਿਲਕਣ ਵਧਣ ਦੇ ਖ਼ਦਸ਼ੇ ਨੂੰ ਧਿਆਨ ਵਿਚ ਰੱਖਦਿਆਂ ਵਾਹਨ ਚਾਲਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।