ਸੁਪਰੀਮ ਕੋਰਟ ਨੇ ਕੈਲੀਫੋਰਨੀਆ ਦੀਆਂ ਵੋਟਾਂ ਨੂੰ ਰੱਦ ਕਰਵਾਉਣ ਦੀ ਟਰੰਪ ਦੀ ਕੋਸ਼ਿਸ਼ ਕੀਤੀ ਨਾਕਾਮ
ਸੈਕਰਾਮੈਂਟ, 3 ਨਵੰਬਰ (ਹੁਸਨ ਲੜੋਆ ਬੰਗਾ)-ਸੁਪਰੀਮ ਕੋਰਟ ਨੇ ਨਿਆਂ ਵਿਭਾਗ ਦੀ ਉਸ ਐਮਰਜੈਂਸੀ ਅਪੀਲ ਨੂੰ ਖਾਰਜ ਕਰ ਦਿੱਤਾ ਹੈ ਜਿਸ ਵਿਚ ਕੈਲੀਫੋਰਨੀਆ ਦੇ ਲਗਭਗ 20,000 ਵੋਟਰਾਂ ਦੀਆਂ ਵੋਟਾਂ ਦੀ ਗਿਣਤੀ ਰੋਕਣ ਲਈ ਕਿਹਾ ਗਿਆ ਸੀ| ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਇਹ ਵੋਟਰ ਸ਼ਾਇਦ ਅਮਰੀਕੀ ਨਾਗਰਿਕ ਨਹੀਂ ਹਨ| ਇਹ ਫੈਸਲਾ 3 ਨਵੰਬਰ ਦੀਆਂ ਮੱਧਕਾਲੀ ਚੋਣਾਂ ਤੋਂ ਠੀਕ ਪਹਿਲਾਂ ਆਇਆ ਹੈ| ਅਦਾਲਤ ਨੇ ਚੋਣ ਪ੍ਰਬੰਧਨ ਵਿਚ ਦੱਖਲ ਦੇਣ ਦੀ ਰਾਸ਼ਟਰਪਤੀ ਦੀ ਇਕ ਅਸਧਾਰਨ ਕੋਸ਼ਿਸ਼ ਨੂੰ ਠੁਕਰਾ ਦਿੱਤਾ ਹੈ| ਮੱਧਕਾਲੀ ਚੋਣਾਂ ਤੈਅ ਕਰਨਗੀਆਂ ਕਿ ਕਾਂਗਰਸ (ਸੰਸਦ) ’ਤੇ ਕਿਸ ਪਾਰਟੀ ਦਾ ਕੰਟਰੋਲ ਹੋਵੇਗਾ| ਅਸਲ ਵਿਚ ਰਾਸ਼ਟਰਪਤੀ ਟਰੰਪ ਨੇ ਚੋਣਾਂ ਵਿਚ ਸੰਘੀ ਸਰਕਾਰ ਦੀ ਭੂਮਿਕਾ ਵਧਾਉਣ ਦੀ ਕੋਸ਼ਿਸ਼ ਕੀਤੀ ਅਤੇ ਬਿਨਾਂ ਕਿਸੇ ਸਬੂਤ ਦੇ ਇਹ ਦੋਸ਼ ਲਾਇਆ ਕਿ ਗੈਰ-ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਵੋਟਾਂ ਪਾ ਕੇ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ| ਕੈਲੀਫੋਰਨੀਆ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਚੋਣਾਂ ਦੀ ਪਵਿੱਤਰਤਾ ਤੇ ਨਿਰਪੱਖਤਾ ਦੀ ਰਾਖੀ ਲਈ ਪਹਿਲਾਂ ਹੀ ਸੁਰੱਖਿਆ ਉਪਾਅ ਮੌਜੂਦ ਹਨ ਤੇ ਰਾਸ਼ਟਰਪਤੀ ਦਾ ਦੱਖਲ ਬੇਲੋੜਾ ਹੈ|