31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਪੈਰਾਮੈਟਾ ਵਿਖੇ ਦੀਵਾਲੀ ਸਮਾਗਮ ਵਿਚ ਪਹੁੰਚੇ ਐਨ.ਐਸ.ਡਬਲਯੂ. ਦੇ ਪ੍ਰੀਮੀਅਰ ਕ੍ਰਿਸ ਮਿਨਸ ਫਾਈਬਰ ਆਪਟਿਕਸ ਦੇ ਪਿਤਾਮਾ ਡਾ. ਨਰਿੰਦਰ ਸਿੰਘ ਕਪਾਨੀ ਨੂੰ 100ਵੇਂ ਜਨਮ ਦਿਵਸ ਮੌਕੇ ਕੀਤਾ ਯਾਦ

ਸਿਡਨੀ, 31 ਅਕਤੂਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਪੈਰਾਮੈਟਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਿਊ ਸਾਊਥ ਵੇਲਜ਼ (ਐਨ. ਐਸ.

Ad Position 21
No active advertisement
ਅਜੀਤ ਡੈਸਕ 01-11-2026
ਸਿਡਨੀ, 31 ਅਕਤੂਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੇ ਭਾਰਤੀ ਭਾਈਚਾਰੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਪੈਰਾਮੈਟਾ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਦੇ ਪ੍ਰੀਮੀਅਰ ਕ੍ਰਿਸ ਮਿਨਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਸਮੂਹ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਸਾਰੇ ਧਰਮਾਂ ਤੇ ਭਾਈਚਾਰਿਆਂ ਨੂੰ ਆਪਸੀ ਪਿਆਰ, ਸਦਭਾਵਨਾ ਅਤੇ ਏਕਤਾ ਨਾਲ ਰਹਿਣ ਦਾ ਸੰਦੇਸ਼ ਦਿੱਤਾ।ਸਮਾਗਮ ਦੇ ਪ੍ਰਬੰਧਕ ਆਇਸ਼ਾ ਅਤੇ ਹਰੀਸ਼ ਨੇ ਦੱਸਿਆ ਕਿ ਇਸ ਮੌਕੇ ਸੈਂਕੜੇ ਭਾਰਤੀਆਂ ਨੇ ਸ਼ਮੂਲੀਅਤ ਕੀਤੀ। ਖ਼ਾਸ ਗੱਲ ਇਹ ਰਹੀ ਕਿ ਹਿੰਦੂ, ਮੁਸਲਿਮ, ਸਿੱਖ, ਇਸਾਈ ਅਤੇ ਹੋਰ ਧਰਮਾਂ ਨਾਲ ਸੰਬੰਧਿਤ ਲੋਕਾਂ ਨੇ ਇਕੱਠੇ ਹੋ ਕੇ ਦੀਵਾਲੀ ਦਾ ਤਿਉਹਾਰ ਮਨਾਇਆ, ਜੋ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਪਛਾਣ ਅਤੇ ਆਪਸੀ ਸਾਂਝ ਦੀ ਸੁੰਦਰ ਮਿਸਾਲ ਸੀ।ਪ੍ਰੋਗਰਾਮ ਦੀ ਸ਼ੁਰੂਆਤ ਹਰੀਸ਼ ਵੈਲਜੀ ਵਲੋਂ ਕੀਤੀ ਗਈ, ਜਿਸ ਉਪਰੰਤ ਕਲਾਸੀਕਲ ਨਾਚ ਦੀ ਸ਼ਾਨਦਾਰ ਪੇਸ਼ਕਾਰੀ ਹੋਈ। ਇਸ ਮੌਕੇ ਪੰਜਬੀ ਹੈਰੀਟੇਜ ਆਫ਼ ਆਸਟ੍ਰੇਲੀਆ ਦੇ ਗੱਭਰੂਆਂ ਅਤੇ ਮੁਟਿਆਰਾਂ ਨੇ ਜੋਸ਼ ਭਰਪੂਰ ਭੰਗੜੇ ਦੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਉਥੇ ਹੀ ਗਾਇਕ ਦੇਵਿੰਦਰ ਸਿੰਘ ਧਾਰੀਆ ਨੇ ਆਪਣੀ ਤੂੰਬੀ ਦੀਆਂ ਮਨਮੋਹਕ ਧੁਨਾਂ ਨਾਲ ਸੁਰੀਲੇ ਗੀਤ ਦੀ ਪੇਸ਼ਕਾਰੀ ਕਰਕੇ ਸਮਾਗਮ ਵਿਚ ਪੰਜਾਬੀ ਸੱਭਿਆਚਾਰ ਦਾ ਰੰਗ ਭਰ ਦਿੱਤਾ।ਸਮਾਗਮ ਦਾ ਇਕ ਵਿਸ਼ੇਸ਼ ਅਤੇ ਭਾਵਨਾਤਮਕ ਪਲ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਫਾਈਬਰ ਆਪਟਿਕਸ ਦੇ ਪਿਤਾਮਾ ਵਜੋਂ ਵਿਸ਼ਵ ਪ੍ਰਸਿੱਧ ਡਾ. ਨਰਿੰਦਰ ਸਿੰਘ ਕਪਾਨੀ ਦੇ 100ਵੇਂ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਯਾਦਗਾਰੀ ਸੈਸ਼ਨ ਕਰਵਾਇਆ ਗਿਆ। ਇਸ ਮੌਕੇ ਰੌਬੀ ਸਿੰਘ ਸਾਹਨੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਅਤੇ ਫ਼ਖਰ ਦੀ ਗੱਲ ਹੈ ਕਿ ਅਸੀਂ ਅਜਿਹੀ ਮਹਾਨ ਸ਼ਖ਼ਸੀਅਤ ਦਾ 100ਵਾਂ ਜਨਮ ਦਿਵਸ ਯਾਦ ਕਰ ਰਹੇ ਹਾਂ, ਜਿਨ੍ਹਾਂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿਚ ਦੁਨੀਆ ਨੂੰ ਵੱਡੀ ਦੇਣ ਦਿੱਤੀ।ਇਸ ਮੌਕੇ ਡਾ . ਕਪਾਨੀ ਦੇ ਜੀਵਨ, ਸੰਘਰਸ਼, ਖੋਜਾਂ ਅਤੇ ਪ੍ਰਾਪਤੀਆਂ ਨੂੰ ਦਰਸਾਉਂਦੀ ਵਿਸ਼ੇਸ਼ ਸਲਾਈਡ ਸ਼ੋਅ ਪੇਸ਼ਕਾਰੀ ਵੀ ਦਿਖਾਈ ਗਈ। ਆਸਟ੍ਰੇਲੀਆ ਸਰਕਾਰ ਦੇ ਮੰਤਰੀ ਐਂਡਰਿਊ ਚਾਰਲਟਨ ਨੇ ਆਪਣੇ ਸੰਬੋਧਨ ਦੌਰਾਨ ਪੰਜਬੀ ਹੈਰੀਟੇਜ ਆਫ਼ ਆਸਟ੍ਰੇਲੀਆ ਅਤੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੰਸਥਾਵਾਂ ਸੱਭਿਆਚਾਰਕ ਵਿਰਾਸਤ ਅਤੇ ਸਮਾਜਿਕ ਸਾਂਝ ਨੂੰ ਮਜ਼ਬੂਤ ਕਰਨ ਲਈ ਬਹੁਤ ਹੀ ਵਧੀਆ ਅਤੇ ਭਾਵਨਾਤਮਕ ਢੰਗ ਨਾਲ ਕੰਮ ਕਰ ਰਹੀਆਂ ਹਨ।ਪ੍ਰੀਮੀਅਰ ਕ੍ਰਿਸ ਮਿਨਸ ਨੇ ਕਿਹਾ ਕਿ ਭਾਵੇਂ ਅੱਜ-ਕੱਲ੍ਹ ਸਮਾਜ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚਰਚਾਵਾਂ ਅਤੇ ਮਤਭੇਦ ਦੇਖਣ ਨੂੰ ਮਿਲ ਰਹੇ ਹਨ ਪਰ ਆਸਟ੍ਰੇਲੀਆ ਦੀ ਅਸਲ ਖ਼ੂਬਸੂਰਤੀ ਇਸ ਦੀ ਬਹੁ-ਸੱਭਿਆਚਾਰਕ ਪਛਾਣ ਵਿਚ ਹੀ ਵੱਸਦੀ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਅਜਿਹਾ ਦੇਸ਼ ਹੈ, ਜਿਥੇ ਵੱਖ-ਵੱਖ ਧਰਮਾਂ, ਸੱਭਿਆਚਾਰਾਂ ਅਤੇ ਪਿਛੋਕੜਾਂ ਦੇ ਲੋਕ ਇਕੱਠੇ ਰਹਿੰਦੇ ਹਨ ਅਤੇ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹੀ ਵਿਭਿੰਨਤਾ ਆਸਟ੍ਰੇਲੀਆ ਨੂੰ ਇਕ ਖ਼ੂਬਸੂਰਤ ਅਤੇ ਵਿਲੱਖਣ ਦੇਸ਼ ਬਣਾਉਂਦੀ ਹੈ।ਇਸ ਮੌਕੇ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵਲੋਂ ਬਲਵਿੰਦਰ ਸਿੰਘ ਚਾਹਲ, ਮਹਿੰਗਾ ਸਿੰਘ ਖੱਖ, ਹਰਮੀਕ ਸਿੰਘ ਸਮੇਤ ਭਾਈਚਾਰੇ ਦੀਆਂ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਮੁੱਚੇ ਤੌਰ ’ਤੇ ਇਹ ਸਮਾਗਮ ਦੀਵਾਲੀ ਦੀਆਂ ਖ਼ੁਸ਼ੀਆਂ ਦੇ ਨਾਲ-ਨਾਲ ਭਾਰਤੀ ਵਿਰਾਸਤ, ਪੰਜਾਬੀ ਸੱਭਿਆਚਾਰ, ਵਿਗਿਆਨਕ ਪ੍ਰਾਪਤੀਆਂ ਅਤੇ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਏਕਤਾ ਦਾ ਪ੍ਰਤੀਕ ਬਣਿਆ।
Ad Position 22
No active advertisement
ਪਿਛਲੀ ਖ਼ਬਰ ਗੈਰ - ਕਾਨੂੰਨੀ ਵੋਟਿੰਗ ਦੇ ਦੋਸ਼ ਵਿਚ ਇਕ ਭਾਰਤੀ ਗ੍ਰਿਫ਼ਤਾਰ ਅਗਲੀ ਖ਼ਬਰ ਨਿਊਜ਼ੀਲੈਂਡ ਵਿਰੁੱਧ ਪਹਿਲੇ 3 ਮੈਚਾਂ ਲਈ ਆਕਿਬ ਨਬੀ ਭਾਰਤੀ ਟੀਮ ’ਚ ਸ਼ਾਮਿਲ
Ad Position 24