ਨਿਊਯਾਰਕ ਵਿਚ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਨੂੰ 50 ਸਾਲ ਹੋਰ ਕੈਦ
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਅੱਤਵਾਦੀ ਸੰਗਠਨ ਆਈ. ਐਸ.
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਅੱਤਵਾਦੀ ਸੰਗਠਨ ਆਈ.ਐਸ.ਆਈ.ਐਸ. ਨਾਲ ਜੁੜੇ ਇਕ ਕੈਨੇਡੀਅਨ ਨਾਗਰਿਕ ਨੂੰ ਜੇਲ੍ਹ ਦੇ ਦੋ ਅਧਿਕਾਰੀਆਂ ਉਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ ਵਿਚ 50 ਸਾਲ ਦੀ ਹੋਰ ਕੈਦ ਸੁਣਾਈ ਗਈ ਹੈ। 28 ਸਾਲਾ ਅਬਦੁਲ ਰਹਿਮਾਨ ਅਲ ਬਹਿਨਾਸਵੀ ਪਹਿਲਾਂ ਹੀ ਨਿਊਯਾਰਕ ਵਿਚ ਵੱਡੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿਚ 40 ਸਾਲ ਦੀ ਸਜ਼ਾ ਕੱਟ ਰਿਹਾ ਹੈ। ਅਦਾਲਤ ਨੇ ਨਵੀਂ ਸਜ਼ਾ ਪਹਿਲੀ ਸਜ਼ਾ ਤੋਂ ਬਾਅਦ ਕੱਟਣ ਦਾ ਹੁਕਮ ਦਿੱਤਾ ਹੈ, ਜਿਸ ਨਾਲ ਉਸ ਦੀ ਕੁੱਲ ਸਜ਼ਾ 90 ਸਾਲ ਹੋ ਗਈ ਹੈ।ਅਦਾਲਤੀ ਦਸਤਾਵੇਜ਼ਾਂ ਮੁਤਾਬਕ 7 ਦਸੰਬਰ, 2020 ਨੂੰ ਪੈਨਸਿਲਵੇਨੀਆ ਦੀ ਐਲਨਵੁੱਡ ਸੰਘੀ ਜੇਲ੍ਹ ਵਿਚ ਬਹਿਨਾਸਵੀ ਨੇ ਆਪਣੀ ਕੋਠੜੀ ਵਿਚ ਰੱਖੇ ਸਟੀਲ ਦੇ ਮੇਜ਼ ਤੋਂ ਬਣਾਏ ਹਥਿਆਰ ਨਾਲ ਦੋ ਜੇਲ੍ਹ ਅਧਿਕਾਰੀਆਂ ਉਤੇ ਹਮਲਾ ਕੀਤਾ ਸੀ। ਉਸ ਨੇ ਪਹਿਲੇ ਅਧਿਕਾਰੀ ਦੇ ਸਿਰ ਅਤੇ ਚਿਹਰੇ ਉਤੇ ਵਾਰ ਕੀਤੇ, ਜਿਸ ਕਾਰਨ ਉਸ ਦੀ ਸੱਜੀ ਅੱਖ ਹਮੇਸ਼ਾ ਲਈ ਖਰਾਬ ਹੋ ਗਈ। ਜਦੋਂ ਇਕ ਮਹਿਲਾ ਅਧਿਕਾਰੀ ਉਸ ਨੂੰ ਬਚਾਉਣ ਲਈ ਪਹੁੰਚੀ ਤਾਂ ਹਮਲਾਵਰ ਨੇ ਉਸ ਦੇ ਹੱਥ ਉਤੇ ਵੀ ਵਾਰ ਕਰ ਦਿੱਤਾ।ਹਮਲਾਵਰ ਨੂੰ ਕਾਬੂ ਕਰਨ ਤੋਂ ਬਾਅਦ ਉਸ ਦੀ ਜੁਰਾਬ ਵਿਚੋਂ ਇਕ ਪਰਚੀ ਮਿਲੀ, ਜਿਸ ਉਤੇ ਲਿਖਿਆ ਸੀ ਕਿ ਇਹ ਹਮਲਾ ਇਸਲਾਮਿਕ ਸਟੇਟ ਦੇ ਨਾਂਅ ਉਤੇ ਕੀਤਾ ਗਿਆ ਹੈ। ਉਸ ਦੀ ਕੋਠੜੀ ਵਿਚੋਂ ਅੱਤਵਾਦੀ ਸੰਗਠਨ ਪ੍ਰਤੀ ਵਫ਼ਾਦਾਰੀ ਦਾ ਲਿਖਤੀ ਐਲਾਨ ਵੀ ਮਿਲਿਆ। ਬਹਿਨਾਸਵੀ ਨੇ ਨਵੰਬਰ 2025 ਵਿਚ ਜੇਲ੍ਹ ਅਧਿਕਾਰੀਆਂ ਉਤੇ ਹਮਲੇ, ਕਤਲ ਦੀ ਨੀਅਤ ਨਾਲ ਹਮਲਾ ਕਰਨ ਅਤੇ ਆਈ.ਐਸ.ਆਈ.ਐਸ. ਨੂੰ ਸਹਾਇਤਾ ਦੇਣ ਸਮੇਤ ਕਈ ਦੋਸ਼ ਕਬੂਲ ਕਰ ਲਏ ਸਨ।ਇਸ ਤੋਂ ਪਹਿਲਾਂ ਬਹਿਨਾਸਵੀ ਨੇ 2016 ਵਿਚ ਆਪਣੇ ਦੋ ਸਾਥੀਆਂ ਤਲਹਾ ਹਾਰੂਨ ਅਤੇ ਰਸਲ ਸਾਲਿਕ ਨਾਲ ਮਿਲ ਕੇ ਰਮਜ਼ਾਨ ਦੌਰਾਨ ਨਿਊਯਾਰਕ ਦੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿਚ ਬੰਬ ਧਮਾਕੇ ਅਤੇ ਗੋਲੀਬਾਰੀ ਕਰਨ ਦੀ ਸਾਜ਼ਿਸ਼ ਰਚੀ ਸੀ। ਐੱਫ.ਬੀ.ਆਈ. ਦੇ ਇਕ ਗੁਪਤ ਏਜੰਟ ਨੇ ਇਸ ਯੋਜਨਾ ਦਾ ਪਰਦਾਫਾਸ਼ ਕੀਤਾ ਅਤੇ ਮਈ 2016 ਵਿਚ ਬਹਿਨਾਸਵੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।