ਰਿੱਛਾਂ ਤੋਂ ਅੱਕੇ ਵਿਅਕਤੀ ਨੇ ਘਰ ਦੇ ਬਾਹਰ ਲਾਇਆ ਡਰਾਉਣਾ ਪੁਤਲਾ
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ’ਚ ਵੱਸਦੇ ਸ਼ਹਿਰ ਸਕੁਐਮਿਸ਼ ਦੇ ਇਲਾਕੇ ਵਿਚ ਕੂੜੇ ਦੇ ਡੱਬਿਆਂ ਨੂੰ ਵਾਰ-ਵਾਰ ਨੁਕਸਾਨ ਪਹੁੰਚਾ ਰਹੇ ਜੰਗਲੀ ਰਿੱਛਾਂ ਤੋਂ ਪ੍ਰੇਸ਼ਾਨ ਇਕ ਘਰ ਮਾਲਕ ਨੇ ਅਨੋਖਾ ਤਰੀਕਾ ਅਪਣਾਇਆ ਹੈ। ਉਸ ਨੇ ਕੂੜੇ ਦੇ ਡੱਬਿਆਂ ਉੱਪਰ ਹਿਲਜੁਲ ਮਹਿਸੂਸ ਹੁੰਦਿਆਂ ਹੀ ਅਚਾਨਕ ਉੱਠ ਕੇ ਡਰਾਉਣੀ ਆਵਾਜ਼ ਕੱਢਣ ਵਾਲਾ ਹੈਲੋਵੀਨ ਦਾ ਪੁਤਲਾ ਲਗਾ ਦਿੱਤਾ ਹੈ।
ਵੈਨਕੂਵਰ, 1 ਅਕਤੂਬਰ (ਮਲਕੀਤ ਸਿੰਘ)-ਬ੍ਰਿਟਿਸ਼ ਕੋਲੰਬੀਆ ਦੇ ਪਹਾੜਾਂ ’ਚ ਵੱਸਦੇ ਸ਼ਹਿਰ ਸਕੁਐਮਿਸ਼ ਦੇ ਇਲਾਕੇ ਵਿਚ ਕੂੜੇ ਦੇ ਡੱਬਿਆਂ ਨੂੰ ਵਾਰ-ਵਾਰ ਨੁਕਸਾਨ ਪਹੁੰਚਾ ਰਹੇ ਜੰਗਲੀ ਰਿੱਛਾਂ ਤੋਂ ਪ੍ਰੇਸ਼ਾਨ ਇਕ ਘਰ ਮਾਲਕ ਨੇ ਅਨੋਖਾ ਤਰੀਕਾ ਅਪਣਾਇਆ ਹੈ। ਉਸ ਨੇ ਕੂੜੇ ਦੇ ਡੱਬਿਆਂ ਉੱਪਰ ਹਿਲਜੁਲ ਮਹਿਸੂਸ ਹੁੰਦਿਆਂ ਹੀ ਅਚਾਨਕ ਉੱਠ ਕੇ ਡਰਾਉਣੀ ਆਵਾਜ਼ ਕੱਢਣ ਵਾਲਾ ਹੈਲੋਵੀਨ ਦਾ ਪੁਤਲਾ ਲਗਾ ਦਿੱਤਾ ਹੈ। ਸਕੁਐਮਿਸ਼ ਦੇ ਬ੍ਰੈਕਨਡੇਲ ਇਲਾਕੇ ਦੇ ਵਸਨੀਕ ਸਟੀਫਨ ਫਰਾਇਰ ਨੇ ਦੱਸਿਆ ਕਿ ਉਸ ਦੇ ਘਰ ਨੇੜੇ ਜੰਗਲੀ ਰਿੱਛ ਲਗਭਗ ਹਰ ਰੋਜ਼ ਆਉਂਦੇ ਹਨ। ਬ੍ਰੈਕਨਡੇਲ ਵੈਨਕੂਵਰ ਤੋਂ ਲਗਭਗ 50 ਕਿਲੋਮੀਟਰ ਉੱਤਰ ਵੱਲ ਹੈ। ਘਰ ਵਿੱਚ ਗੈਰਾਜ ਨਾ ਹੋਣ ਕਾਰਨ ਉਸ ਨੂੰ ਕੂੜੇ ਦੇ ਡੱਬੇ ਬਾਹਰ ਰੱਖਣੇ ਪੈਂਦੇ ਹਨ। ਰਿੱਛਾਂ ਨੇ ਡੱਬਿਆਂ ਦੇ ਕੁੰਡੇ ਵੀ ਚੱਬ ਦਿੱਤੇ ਸਨ ਅਤੇ ਢੱਕਣਾਂ ਨੂੰ ਵੀ ਨੁਕਸਾਨ ਪਹੁੰਚਾਇਆ। ਫਰਾਇਰ ਨੇ ਪਹਿਲਾਂ ਡੱਬਿਆਂ ਨੂੰ ਪੱਟੀ ਅਤੇ ਕੁੰਡੀ ਰਾਹੀਂ ਘਰ ਦੀ ਕੰਧ ਨਾਲ ਬੰਨ੍ਹ ਦਿੱਤਾ ਸੀ, ਪਰ ਇਕ ਰਿੱਛ ਨੇ ਕੰਧ ਵਿੱਚ ਲੱਗੀ ਕੁੰਡੀ ਹੀ ਖਿੱਚ ਕੇ ਬਾਹਰ ਕੱਢ ਦਿੱਤੀ। ਸਤੰਬਰ ਵਿੱਚ ਉਸ ਦੀ ਪਤਨੀ ਨੇ ਹੈਲੋਵੀਨ ਦੀ ਸਜਾਵਟ ਲਗਾਉਣ ਲਈ ਕਿਹਾ ਤਾਂ ਉਸਨੇ ਇੱਕ ਡਰਾਉਣਾ ਪੁਤਲਾ ਕੂੜੇ ਦੇ ਡੱਬਿਆਂ ਨੇੜੇ ਫਿੱਟ ਕਰ ਦਿੱਤਾ ਇਸ ਮਗਰੋਂ ਘਰ ਦੇ ਬਾਹਰ ਲੱਗੇ।ਨਿਗਰਾਨੀ ਕੈਮਰੇ ‘ਚ ਕੈਦ ਹੋਈਆ ਵੀਡੀਓ ਕਲਿੱਪਾਂ ‘ਚ ਉਨਾਂ ਵੇਖਿਆ ਕਿ ਇੱਕ ਜੰਗਲੀ ਰਿੱਛ ਡੱਬਿਆਂ ਕੋਲ ਸੁੰਘਦਾ ਦਿਖਾਈ ਦਿੰਦਾ ਹੈ। ਜਿਵੇਂ ਹੀ ਉਹ ਨੇੜੇ ਪਹੁੰਚਦਾ ਹੈ, ਹਿਲਜੁਲ ਨਾਲ ਚੱਲਣ ਵਾਲਾ ਪੁਤਲਾ ਅਚਾਨਕ ਉੱਪਰ ਉੱਠ ਕੇ ਚੀਕ ਵਰਗੀ ਆਵਾਜ਼ ਕੱਢਦਾ ਹੈ ਅਤੇ ਰਿੱਛ ਘਬਰਾ ਕੇ ਪਿੱਛੇ ਹਟ ਜਾਂਦਾ ਹੈ। ਫਰਾਇਰ ਅਨੁਸਾਰ ਪੁਤਲਾ ਲਗਾਉਣ ਵਾਲਾ ਇਹ ਤਰੀਕਾ ਰਿੱਛਾਂ ਨੂੰ ਡੱਬਿਆਂ ਤੋਂ ਦੂਰ ਰੱਖਣ ਵਿੱਚ ਕਾਰਗਰ ਰਿਹਾ ਹੈ।ਅਧਿਕਾਰੀਆਂ ਮੁਤਾਬਕ ਇਸ ਸਾਲ ਸੋਕੇ ਅਤੇ ਜੰਗਲੀ ਅੱਗਾਂ ਕਾਰਨ ਉੱਚੇ ਪਹਾੜੀ ਅਤੇ ਜੰਗਲੀ ਇਲਾਕਿਆਂ ਵਿੱਚ ਰਿੱਛਾਂ ਲਈ ਕੁਦਰਤੀ ਖੁਰਾਕ ਵਿੱਚ ਆਈ ਕਮੀ ਕਾਰਨ ਵਧੇਰੇ ਰਿੱਛ ਖੁਰਾਕ ਦੀ ਭਾਲ ਵਿੱਚ ਰਿਹਾਇਸ਼ੀ ਇਲਾਕਿਆਂ ਵੱਲ ਆ ਰਹੇ ਹਨ। ਸਕੁਐਮਿਸ਼ ਵਿੱਚ ਜੰਗਲੀ ਜੀਵਾਂ ਨੂੰ ਆਕਰਸ਼ਿਤ ਕਰਨ ਵਾਲੀਆਂ ਚੀਜ਼ਾਂ ਸਬੰਧੀ ਨਿਯਮਾਂ ਦੀ ਉਲੰਘਣਾ ਲਈ 90 ਚਲਾਨ ਜਾਰੀ ਕੀਤੇ ਜਾ ਚੁੱਕੇ ਹਨ। ਬੀ.ਸੀ. ਦੇ ਸੰਰੱਖਿਆ ਅਧਿਕਾਰੀਆਂ ਕੋਲ ਜਨਵਰੀ ਤੋਂ ਜੁਲਾਈ 2026 ਤੱਕ ਕਾਲੇ ਰਿੱਛਾਂ ਸਬੰਧੀ 13,672 ਸੂਚਨਾਵਾਂ ਆਈਆਂ। ਇਸੇ ਸਮੇਂ ਦੌਰਾਨ ਘੱਟੋ-ਘੱਟ 33 ਕਾਲੇ ਰਿੱਛ ਮਾਰੇ ਗਏ, ਜਦਕਿ ਪੂਰੇ 2025 ਦੌਰਾਨ ਵੀ 33 ਕਾਲੇ ਰਿੱਛ ਮਾਰੇ ਗਏ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਕੂੜਾ ਅਤੇ ਦਰੱਖਤਾਂ ਹੇਠ ਡਿੱਗੇ ਫਲ ਵਰਗੀਆਂ ਰਿੱਛਾਂ ਨੂੰ ਖਿੱਚਣ ਵਾਲੀਆਂ ਚੀਜ਼ਾਂ ਸੁਰੱਖਿਅਤ ਢੰਗ ਨਾਲ ਸੰਭਾਲਣ ਦੀ ਅਪੀਲ ਕੀਤੀ ਹੈ।