ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ-ਪੀਟਰ ਵਿਰਦੀ
ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ.
ਲੰਡਨ, 9 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਮੁਖੀ ਮੋਹਨ ਭਾਗਵਤ ਦੇ ਖ਼ਾਲਸਾ ਜਥਾ ਗੁਰਦੁਆਰਾ ਲੰਡਨ ਵਿਖੇ ਨਤਮਸਤਕ ਹੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਬਰਤਾਨਵੀ ਸਿੱਖ ਕਾਰੋਬਾਰੀ ਪੀਟਰ ਵਿਰਦੀ ਨੇ ਸੋਸ਼ਲ ਮੀਡੀਆ ਰਾਹੀਂ ਆਪਣਾ ਪੱਖ ਰੱਖਦਿਆਂ ਕਿਹਾ ਹੈ ਕਿ ਗੁਰੂ ਦਾ ਦਰ ਸਭ ਲਈ ਖੁੱਲ੍ਹਾ ਹੈ ਅਤੇ ਕਿਸੇ ਇੰਸਟਾਗ੍ਰਾਮ ਪੇਜ ਨੂੰ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ।ਵਿਰਦੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਮੋਹਨ ਭਾਗਵਤ ਖ਼ਾਲਸਾ ਜਥਾ ਗੁਰਦੁਆਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਸਤਿਕਾਰ ਭੇਟ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਪ੍ਰਾਹੁਣਚਾਰੀ ਦਾ ਅਰਥ ਕਿਸੇ ਦਾ ਸਮਰਥਨ ਕਰਨਾ ਨਹੀਂ ਅਤੇ ਗੱਲਬਾਤ ਦਾ ਅਰਥ ਆਤਮ-ਸਮਰਪਣ ਨਹੀਂ ਹੁੰਦਾ।ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਬਣੀਆਂ ਕੁਝ ਸੰਸਥਾਵਾਂ ਅਤੇ ਆਪਣੇ ਆਪ ਨੂੰ ਸਿੱਖ ਭਾਈਚਾਰੇ ਦਾ ਨੁਮਾਇੰਦਾ ਦੱਸਣ ਵਾਲਿਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਕੇਵਲ ਸੋਸ਼ਲ ਮੀਡੀਆ ਪੇਜ ਬਣਾਉਣ ਨਾਲ ਕਿਸੇ ਨੂੰ ਸਿੱਖੀ, ਸੰਗਤ ਜਾਂ ਗੁਰੂ ਘਰ ਉਤੇ ਅਧਿਕਾਰ ਨਹੀਂ ਮਿਲ ਜਾਂਦਾ। ਉਨ੍ਹਾਂ ਮੁਤਾਬਕ ਮਾੜੀ ਭਾਸ਼ਾ, ਨਿੱਜੀ ਦੁਰਵਿਵਹਾਰ ਅਤੇ ਘੇਰ ਕੇ ਸਵਾਲ ਕਰਨ ਵਰਗੇ ਤਰੀਕੇ ਨਾ ਤਾਂ ਹਿੰਮਤ ਦੀ ਨਿਸ਼ਾਨੀ ਹਨ ਅਤੇ ਨਾ ਹੀ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਦਰਸਾਉਂਦੇ ਹਨ।ਪੀਟਰ ਵਿਰਦੀ ਨੇ ਕਿਹਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ, ਵਿਧੀਵਤ ਗੁਰਦੁਆਰਾ ਪ੍ਰਬੰਧਕਾਂ, ਭਰੋਸੇਯੋਗ ਪੱਤਰਕਾਰਾਂ ਅਤੇ ਨੇਕ ਨੀਅਤ ਨਾਲ ਗੱਲਬਾਤ ਕਰਨ ਵਾਲੇ ਸੰਗਤ ਦੇ ਕਿਸੇ ਵੀ ਮੈਂਬਰ ਨਾਲ ਸਤਿਕਾਰਪੂਰਵਕ ਸੰਵਾਦ ਲਈ ਤਿਆਰ ਹਨ। ਉਨ੍ਹਾਂ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਉਹ ਗੁਮਨਾਮ ਸੋਸ਼ਲ ਮੀਡੀਆ ਖਾਤਿਆਂ ਵਲੋਂ ਚਲਾਏ ਜਾਣ ਵਾਲੇ ਕਥਿਤ ‘ਟਰਾਈਲ’ ਜਾਂ ਉਨ੍ਹਾਂ ਦੇ ਸ਼ਬਦਾਂ ਵਿਚ ‘ਬਣਾਵਟੀ ਰੋਸ’ ਦਾ ਜਵਾਬ ਨਹੀਂ ਦੇਣਗੇ।