ਯੂਕਰੇਨ ਨੂੰ ਬਰਤਾਨਵੀ ਡਰੋਨ ਦੇਣ ’ਤੇ ਰੂਸ ਵੱਲੋਂ ‘ਨਤੀਜੇ ਭੁਗਤਣ’ ਦੀ ਧਮਕੀ
— ਬਰਤਾਨੀਆ ਮਦਦ ਕਰਦਾ ਰਹੇਗਾ-ਐਂਡੀ ਬਰਨਹਮ
ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅੱਜ ਮੰਗਲਵਾਰ ਨੂੰ ਰੂਸ ਦੀਆਂ ਧਮਕੀਆਂ ਦਾ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਯੂ. ਕੇ.
ਲੰਡਨ, 18 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆਂ ਦੇ ਪ੍ਰਧਾਨ ਮੰਤਰੀ ਐਂਡੀ ਬਰਨਹਮ ਨੇ ਅੱਜ ਮੰਗਲਵਾਰ ਨੂੰ ਰੂਸ ਦੀਆਂ ਧਮਕੀਆਂ ਦਾ ਸਖ਼ਤ ਜਵਾਬ ਦਿੰਦਿਆਂ ਕਿਹਾ ਕਿ ਯੂ.ਕੇ. ਯੂਕਰੇਨ ਦੀ ਹਮਾਇਤ ਜਾਰੀ ਰੱਖੇਗਾ। ਰੂਸ ਨੇ ਮਾਸਕੋ ’ਤੇ ਹਮਲਿਆਂ ਲਈ ਯੂਕਰੇਨ ਵੱਲੋਂ ਬਰਤਾਨੀਆਂ ਦੇ ਬਣੇ ਡਰੋਨਾਂ ਦੀ ਕਥਿਤ ਵਰਤੋਂ ਨੂੰ ਲੈ ਕੇ ਬ੍ਰਿਟੇਨ ਨੂੰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਲੰਡਨ ਸਥਿਤ ਰੂਸੀ ਦੂਤਾਵਾਸ ਨੇ ਆਪਣੇ ਸੋਸ਼ਲ ਮੀਡੀਆ ਚੈਨਲਾਂ ’ਤੇ ਜਾਰੀ ਬਿਆਨ ਵਿਚ ਦੋਸ਼ ਲਾਇਆ ਕਿ ਯੂ.ਕੇ. ਇਸ ਟਕਰਾਅ ਵਿਚ ਸਹਿਯੋਗੀ ਅਤੇ ਸਹਿ-ਅਪਰਾਧੀ ਵਜੋਂ ਕੰਮ ਕਰ ਰਿਹਾ ਹੈ। ਰੂਸ ਨੇ ਯੂਕਰੇਨ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਹਮਲਿਆਂ ਨੂੰ ਅੱਤਵਾਦੀ ਹਮਲੇ ਕਰਾਰ ਦਿੱਤਾ ਹੈ। ਬਰਨਹਮ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਮਲਾਵਰ ਕਾਰਵਾਈ ਦੇ ਸਾਹਮਣੇ ਆਪਣੀ ਰੱਖਿਆ ਕਰਨ ਲਈ ਯੂਕਰੇਨ ਨੂੰ ਬ੍ਰਿਟੇਨ ਦੀ 100 ਫੀਸਦੀ ਹਮਾਇਤ ਦੁਹਰਾਈ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਸਿਰਫ਼ ਚੰਗੇ ਸਮੇਂ ਦਾ ਦੋਸਤ ਨਹੀਂ ਹੈ ਅਤੇ ਯੂਕਰੇਨ ਦੀ ਲੋੜ ਦੀ ਘੜੀ ਵਿਚ ਉਸ ਦੇ ਨਾਲ ਖੜ੍ਹਾ ਰਹੇਗਾ। ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਇਹ ਪੁਸ਼ਟੀ ਨਹੀਂ ਕੀਤੀ ਕਿ ਰੂਸ ’ਤੇ ਹਮਲਿਆਂ ਵਿਚ ਬ੍ਰਿਟਿਸ਼ ਡਰੋਨ ਵਰਤੇ ਗਏ ਸਨ। ਹਾਲਾਂਕਿ, ਬ੍ਰਿਟੇਨ ਨੇ 2026 ਦੇ ਅੰਤ ਤੱਕ ਯੂਕਰੇਨ ਨੂੰ 1.5 ਲੱਖ ਡਰੋਨ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਕੀਤੀ ਹੋਈ ਹੈ।