ਵੈਲਿੰਗਟਨ, 21 ਨਵੰਬਰ (ਪੀ.ਟੀ.ਆਈ.)-ਭਾਰਤ ਨੇ ਵੈਲਿੰਗਟਨ ਟੈਸਟ ਦੇ ਤੀਜੇ ਦਿਨ ਨਿਊਜ਼ੀਲੈਂਡ ’ਤੇ 118 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਦਿਨ ਦੀ ਖੇਡ ਸਮਾਪਤ ਹੋਣ ਤੱਕ ਭਾਰਤੀ ਟੀਮ ਨੇ 4 ਵਿਕਟਾਂ ਦੇ ਨੁਕਸਾਨ ’ਤੇ 486 ਦੌੜਾਂ ਬਣਾ ਲਈਆਂ ਸਨ। ਰਿਸ਼ਭ ਪੰਤ 55 ਦੌੜਾਂ ਬਣਾ ਕੇ ਨਾਬਾਦ ਵਾਪਸ ਪਰਤੇ। ਕਪਤਾਨ ਸ਼ੁਭਮਨ ਗਿੱਲ ਦਿਨ ਦੀ ਖੇਡ ਸਮਾਪਤ ਹੋਣ ਤੋਂ ਠੀਕ ਪਹਿਲਾਂ 98 ਦੌੜਾਂ ਬਣਾ ਕੇ ਆਉਟ ਹੋ ਗਏ। ਗਿੱਲ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਕੇ.ਐਲ. ਰਾਹੁਲ ਨੇ ਸ਼ਾਨਦਾਰ ਸੈਂਕੜਾ ਲਗਾਇਆ। ਸ਼ੁਭਮਨ ਗਿੱਲ ਅਤੇ ਦੇਵਦੱਤ ਪਡਿੱਕਲ ਸੈਂਕੜਾ ਲਗਾਉਣ ਤੋਂ ਰਹਿ ਗਏ, ਪਰ ਤਿੰਨਾਂ ਦੀ ਵਧੀਆ ਬੱਲੇਬਾਜ਼ੀ ਦੀ ਬਦੌਲਤ ਭਾਰਤ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ’ਚ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਭਾਰਤ ਨੇ ਨਿਊਜ਼ੀਲੈਂਡ ’ਤੇ 118 ਦੌੜਾਂ ਦੀ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ ਆਪਣੀ ਪਹਿਲੀ ਪਾਰੀ ’ਚ 368 ਦੌੜਾਂ ਬਣਾਈਆਂ ਸਨ। ਰਾਹੁਲ ਨੇ 290 ਗੇਂਦਾਂ ’ਚ 136 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ’ਚ 9 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਦੇਵਦੱਤ ਪਡਿੱਕਲ ਨੇ 175 ਗੇਂਦਾਂ ’ਚ 10 ਚੌਕਿਆਂ ਦੀ ਮਦਦ ਨਾਲ 80 ਦੌੜਾਂ ਬਣਾਈਆਂ। ਉੱਥੇ ਹੀ ਗਿੱਲ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਸਿਰਫ਼ ਦੋ ਗੇਂਦਾਂ ਪਹਿਲਾਂ 98 ਦੌੜਾਂ ਬਣਾ ਕੇ ਆਊਟ ਹੋ ਗਏ। ਉਨ੍ਹਾਂ ਨੇ ਆਪਣੀ 146 ਗੇਂਦਾਂ ਦੀ ਪਾਰੀ ’ਚ 9 ਚੌਕੇ ਅਤੇ 2 ਛੱਕੇ ਲਗਾਏ। ਜਦੋਂ ਦਿਨ ਦੀ ਖੇਡ ਖ਼ਤਮ ਹੋਈ ਤਾਂ ਰਿਸ਼ਭ ਪੰਤ 62 ਗੇਂਦਾਂ ’ਚ 55 ਦੌੜਾਂ ਬਣਾ ਕੇ ਖੇਡ ਰਹੇ ਸਨ। ਉਨ੍ਹਾਂ ਨੇ 5 ਚੌਕੇ ਤੇ 2 ਛੱਕੇ ਲਗਾਏ ਸਨ। ਦੂਜੇ ਪਾਸੇ ਅੰਸ਼ੁਲ ਕੰਬੋਜ ਨੇ ਅਜੇ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ ਸੀ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਦੂਜੇ ਦਿਨ 85 ਦੌੜਾਂ ਬਣਾਈਆਂ ਸਨ। ਭਾਰਤ ਦੇ ਟੈਸਟ ਕ੍ਰਿਕਟ ਇਤਿਹਾਸ ’ਚ ਇਹ ਪੰਜਵੀਂ ਵਾਰ ਹੈ ਜਦੋਂ ਟੀਮ ਦੇ ਪਹਿਲੇ 5 ਬੱਲੇਬਾਜ਼ਾਂ ਨੇ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ। ਵਿਦੇਸ਼ੀ ਧਰਤੀ ’ਤੇ ਭਾਰਤ ਨੇ ਪਹਿਲੀ ਵਾਰ ਇਹ ਕਾਰਨਾਮਾ ਕੀਤਾ ਹੈ। ਕੇ.ਐਲ. ਰਾਹੁਲ ਨੇ ਟੈਸਟ ਕ੍ਰਿਕਟ ’ਚ ਅਜਿਹਾ ਰਿਕਾਰਡ ਆਪਣੇ ਨਾਂਅ ਕਰ ਲਿਆ ਹੈ, ਜਿੱਥੇ ਤੱਕ ਭਾਰਤ ਦੇ ਸਾਬਕਾ ਕ੍ਰਿਕਟਰ ਸੁਨੀਲ ਗਾਵਸਕਰ ਤੇ ਵਰਿੰਦਰ ਸਹਿਵਾਗ ਵੀ ਨਹੀਂ ਪਹੁੰਚ ਸਕੇ। ਉਹ ਐਸ.ਈ.ਐਨ.ਏ. ਦੇਸ਼ਾਂ ਯਾਨੀ ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵਿਚ ਟੈਸਟ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਸਲਾਮੀ ਬੱਲੇਬਾਜ਼ ਬਣ ਗਏ ਹਨ।
ਖੇਡ ਸੰਸਾਰ
Free
ਭਾਰਤ ਨੇ 118 ਦੌੜਾਂ ਦੀ ਬੜਤ ਬਣਾਈ ਰਾਹੁਲ ਨੇ ਲਗਾਇਆ ਸੈਂਕੜਾ, ਗਿੱਲ ਖੁੰਝੇ
ਵੈਲਿੰਗਟਨ, 21 ਨਵੰਬਰ (ਪੀ. ਟੀ.
ਸੈਂਕੜਾ ਲਗਾਉਣ ਤੋਂ ਬਾਅਦ ਜਸ਼ਨ ਮਨਾਉਂਦਾ ਹੋਇਆ ਕੇ.ਐਲ. ਰਾਹੁਲ।
22-11-2026