ਮੈਂ ਜਦੋਂ ਵੀ ਪੇਕੇ ਜਾਂਦੀ ਹਾਂ, ਆਪਣੇ ਨੱਬੇ ਸਾਲਾਂ ਦੇ ਬਾਪੂ ਨੂੰ ਮਿਲ ਕੇ ਮਨ ਨੂੰ ਇਕ ਅਜੀਬ ਜਿਹਾ ਸਕੂਨ ਮਿਲਦਾ ਹੈ | ਭਰਾ-ਭਰਜਾਈ ਵੀ ਮੇਰਾ ਬਹੁਤ ਕਰਦੇ ਹਨ, ਪਰ ਪੇਕੇ ਤਾਂ ਬਾਪ ਦੇ ਸਿਰ 'ਤੇ ਹੀ ਹੁੰਦੇ ਹਨ | ਮੈਂ ਇਕ ਰਾਤ ਰਹਿ ਕੇ ਅਗਲੇ ਦਿਨ ਵਾਪਸ ਜਾਣ ਲਈ ਤਿਆਰ ਹੁੰਦੀ ਹਾਂ ਤਾਂ ਬਾਪੂ ਦੀਆਂ ਅੱਖਾਂ ਵਿਚ ਇਕ ਅਜੀਬ ਜਿਹੀ ਬੇਚੈਨੀ ਤੈਰਦੀ ਹੈ | ਮੈਂ ਤੁਰਨ ਲੱਗਦੀ ਹਾਂ ਤਾਂ ਉਹ ਗੇਟ ਤੱਕ ਮੇਰੇ ਮਗਰ ਆਉਂਦਾ ਹੈ | ਗੇਟ ਕੋਲ ਖੜ੍ਹ ਕੇ ਟਿਕਟਿਕੀ ਲਾ ਕੇ ਮੈਨੂੰ ਨਿਹਾਰਦਾ ਰਹਿੰਦਾ ਹੈ |
ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਉਹ ਉੱਥੇ ਹੀ ਖੜ੍ਹਾ ਹੁੰਦਾ ਹੈ |
ਮੈਂ ਕੁਝ ਹੋਰ ਅੱਗੇ ਜਾਂਦੀ ਹਾਂ | ਫਿਰ ਮੁੜ ਕੇ ਵੇਖਦੀ ਹਾਂ ਤਾਂ ਉਸ ਦੀਆਂ ਅੱਖਾਂ ਅਜੇ ਵੀ ਮੈਨੂੰ ਨਿਹਾਰ ਰਹੀਆਂ ਹੋਣ |
ਉਹ ਓਨਾ ਚਿਰ ਗੇਟ 'ਤੇ ਖੜ੍ਹਾ ਰਹਿੰਦਾ ਹੈ ਜਿੰਨਾ ਚਿਰ ਮੈਂ ਉਸ ਦੀਆਂ ਅੱਖਾਂ ਤੋਂ ਓਹਲੇ ਨਹੀਂ ਹੋ ਜਾਂਦੀ | ਮੈਨੂੰ ਅਕਸਰ ਲੱਗਦਾ ਹੈ ਕਿ ਉਸ ਦੀਆਂ ਨਜ਼ਰਾਂ ਮੇਰੇ ਘਰ ਪਹੁੰਚਣ ਤੱਕ ਮੇਰੇ ਨਾਲ-ਨਾਲ ਸਫਰ ਕਰਦੀਆਂ ਹਨ |
ਮੈਂ ਪੰਜਾਹਾਂ ਨੂੰ ਟੱਪ ਚੁੱਕੀ ਹਾਂ | ਮੇਰੇ ਆਪਣੇ ਬੱਚੇ ਹਨ | ਜ਼ਿੰਦਗੀ ਦੇ ਕਈ ਪੜਾਅ ਪਾਰ ਕਰ ਆਈ ਹਾਂ | ਪਰ ਬਾਪੂ ਦੀਆਂ ਅੱਖਾਂ ਵਿਚ ਆਪਣੇ ਲਈ ਉਹੀ ਨਿੱਕੀ ਜਿਹੀ ਧੀ ਬਣ ਜਾਂਦੀ ਹਾਂ, ਜਿਹੜੀ ਕਦੇ ਉਸ ਦੀ ਉਂਗਲ ਫੜ ਕੇ ਤੁਰਦੀ ਸੀ | ਕਈ ਵਾਰ ਸੋਚਦੀ ਹਾਂ ਕਿ ਜੇ ਬਾਪੂ ਦੁਨੀਆ ਤੋਂ ਤੁਰ ਗਿਆ ਤਾਂ? ਫਿਰ ਪੇਕਿਆਂ ਤੋਂ ਮੁੜਦਿਆਂ ਗੇਟ 'ਤੇ ਖੜ੍ਹ ਕੇ ਮੈਨੂੰ ਕੌਣ ਨਿਹਾਰੇਗਾ?
ਇਹ ਖਿਆਲ ਆਉਂਦਿਆਂ ਹੀ ਅੱਖਾਂ ਵਿਚੋਂ ਛਮ-ਛਮ ਪਾਣੀ ਵਗ ਪੈਂਦਾ ਹੈ | ਦਿਲ ਕਰਦਾ ਹੈ ਕਿ ਹੁਣੇ ਵਾਪਸ ਮੁੜ ਜਾਵਾਂ ਤੇ ਬਾਪੂ ਕੋਲ ਜਾ ਬੈਠਾਂ | ਉਸ ਦੇ ਕੋਲ ਬੈਠ ਕੇ ਉਸ ਦੀਆਂ ਅੱਖਾਂ ਵਿਚੋਂ ਆਪਣੇ ਲਈ ਉਡੀਕ ਪੜ੍ਹਾਂ, ਕਿਉਂਕਿ ਧੀ ਦੇ ਤੁਰ ਜਾਣ ਮਗਰੋਂ ਪਿਓ ਦੇ ਘਰ ਵਿਚ ਸਿਰਫ਼ ਚੁੱਪ ਨਹੀਂ ਪੈਂਦੀ, ਇਕ ਖਾਲੀਪਣ ਵੀ ਉਤਰ ਆਉਂਦਾ ਹੈ |
ਬਾਪੂ ਨੂੰ ਪਤਾ ਹੈ ਕਿ ਧੀ ਭਾਵੇਂ ਕਿੰਨੀ ਵੀ ਵੱਡੀ ਹੋ ਜਾਵੇ , ਪਿਓ ਲਈ ਉਹ ਹਮੇਸ਼ਾ ਨਿੱਕੀ ਹੀ ਹੁੰਦੀ ਹੈ | ਪਿਓ ਨੂੰ ਸਾਹ ਧੀ ਕਰਕੇ ਆਉਂਦੇ ਹਨ ਅਤੇ ਧੀ ਬਿਨਾਂ ਪਿਓ ਦੇ ਸਾਹ ਰੁਕ ਜਾਂਦੇ ਹਨ | ਮੈਨੂੰ ਵੀ ਪਤਾ ਹੈ ਕਿ ਮੈਂ ਜਦ ਵਾਪਸ ਪਰਤਦੀ ਹਾਂ ਤਾਂ ਪਿਓ ਦੀਆਂ ਅੱਖਾਂ ਸਦਾ ਮੇਰੇ ਨਾਲ - ਨਾਲ ਤੁਰਦੀਆਂ ਹਨ |
-ਪਿੰਡ ਤੇ ਡਾਕ: ਗੁਰਨੇ ਕਲਾਂ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ |
ਮੋਬਾਈਲ : 99156-21188