18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਗੱਲਾਂ ਵਿਚੋਂ ਗੱਲ ਸੁਣੀਂਦੀ

ਗੱਲਾਂ ਵਿਚੋਂ ਗੱਲ ਸੁਣੀਂਦੀ

Ad Position 21
No active advertisement
ਅਜੀਤ ਡੈਸਕ 18-10-2026

ਵਕਤ ਬੜਾ ਬਲਵਾਨ

ਕੈਨੇਡਾ ਦੇ ਸ਼ਹਿਰ ਵਿਨੀਪੈੱਗ ਦੇ ਇਕ ਕਮਿਊਨਿਟੀ ਸੈਂਟਰ ਦੀਆਂ ਕੁਰਸੀਆਂ 'ਤੇ ਬੈਠੇ ਬਜ਼ੁਰਗਾਂ ਦੀ ਗੱਲਬਾਤ ਇਕ ਵਾਰ ਇਤਿਹਾਸ ਵਾਲੇ ਪਾਸੇ ਮੁੜ ਪਈ | ਇਕ ਆਖਣ ਲੱਗਾ, 'ਪੁਰਾਣੇ ਵਕਤਾਂ 'ਚ ਆਪਣੀ ਦਿੱਲੀ ਦੀ ਸਲਤਨਤ ਵੀ ਕਈ ਵੰਸ਼ਾਂ ਦੇ ਹੱਥਾਂ 'ਚ ਚੜ੍ਹੀ ਰਹੀ | ਗੁਲਾਮ ਜਾਂ ਦਾਸ, ਖਲਜੀ ਜਾਂ ਖਿਲਜੀ, ਤੁਗਲਕ, ਸੱਯਦ ਤੇ ਲੋਧੀ ਵੰਸ਼ਾਂ ਦੇ ਕਈ ਰਾਜੇ ਰਾਜ ਕਮਾ ਕੇ ਔਹ ਗਏ | ਕੁਤੁਬਦੀਨ ਐਬਕ ਤੋਂ ਲੈ ਕੇ ਖੁਸਰੋਸ਼ਾਹ ਤੱਕ 320 ਸਾਲ ਹੁਕਮ ਚਲਾਇਆ, ਅਗਲਿਆਂ ਨੇ.... ਪਰ ਆਪਸ 'ਚ ਮਰਨ-ਮਰਾਉਣਾ ਬਹੁਤਾ ਰਿਹਾ |... ਜੇ 'ਕੱਲੇ ਦਾਸ ਵੰਸ਼ ਨੂੰ  ਈ ਵੇਖੀਏ ਤਾਂ ਕੁਤੁਬਦੀਨ ਐਬਕ ਤਾਂ ਘੋੜੇ ਤੋਂ ਡਿੱਗ ਕੇ ਈ ਮਰ ਗਿਆ ਸੀ... ਅੱਗੋਂ ਉਹਦਾ ਮੁੰਡਾ ਆਰਾਮ ਸ਼ਾਹ ਗੱਦੀ 'ਤੇ ਬਹਿ ਤਾਂ ਗਿਆ ਪਰ ਨਿਕਲਿਆ ਨਲੈਕ... | ਉਹ ਆਪਣੇ ਹੀ ਜੀਜੇ ਸ਼ਮਸ਼ਉਦੀਨ ਇਲਤੁਤਮਿਸ਼ ਨਾਲ ਲਾਏ ਯੁੱਧ 'ਚ ਹੀ ਮਾਰਿਆ ਗਿਆ... ਥੋਨੂੰ ਪਤਾ ਈ ਹੋਣੈ... ਇਲਤੁਤਮਿਸ਼ ਨੇ 40 ਤੁਰਕ ਅਮੀਰਾਂ ਦੀ ਇਕ ਸਭਾ ਬਣਾਈ ਸੀ, ਜੀਹਦਾ ਨਾਂਅ ਚਹਲਗਾਨੀ ਸੀ |'


ਅਗਲਾ ਬਜ਼ੁਰਗ ਬੋਲਿਆ, 'ਆਹੋ ਜੀ! ਰਾਜੇ ਆਪਣੇ ਨਾਲ ਚਾਰ ਕੁ ਬੰਦੇ ਤਾਂ ਚੱਜਦੇ ਰੱਖਦੇ ਈ ਹੁੰਦੇ ਆ... ਤਾਂ ਹੀ ਕੰਮ ਚਲਦੈ |'
ਇਤਿਹਾਸ 'ਚ ਰੁਚੀ ਰੱਖਣ ਵਾਲਾ ਇਕ ਹੋਰ ਸਿਆਣਾ ਸੱਜਣ ਬੋਲਿਆ, 'ਏਨਾ ਕੁ ਤਾਂ ਮੈਨੂੰ ਵੀ ਪਤੈ... ਜਦੋਂ ਇਲਤੁਤਮਿਸ਼ ਤੁਰ ਗਿਆ ਤਾਂ ਉਹਦੀ ਕੁੜੀ ਰਜ਼ੀਆ ਸੁਲਤਾਨਾ ਤਖ਼ਤ 'ਤੇ ਬੈਠੀ... ਰਾਜ ਤਾਂ ਵਿਚਾਰੀ ਨੇ ਚਾਰ ਕੁ ਸਾਲ ਈ ਕੀਤਾ... ਉਂਜ ਸਿਗੀ ਬੜੀ ਵਿਦਵਾਨ... ਪਰ ਮਾੜੀ ਕਿਸਮਤ... ਉਹਦੀ ਨੇੜਤਾ ਇਕ ਯਾਕੂਬ ਨਾਂਅ ਦੇ ਹਬਸ਼ੀ ਨਾਲ ਹੋ ਗਈ... ਤੇ ਫਿਰ ਕਿਸੇ ਨੇ ਰਜ਼ੀਆ ਵੀ ਪਾਰ ਬੁਲਾ 'ਤੀ... |'
ਥੋੜ੍ਹਾ ਜਿਹਾ ਚੁੱਪ ਰਹਿ ਕੇ ਉਸ ਨੇ ਫਿਰ ਗੱਲ ਸ਼ੁਰੂ ਕੀਤੀ, 'ਰਜੀਆ ਤੋਂ ਬਾਅਦ ਆਏ ਗਿਆਸੂਦੀਨ ਬਲਬਨ ਨੇ ਤਾਂ ਪਹਿਲਾਂ ਚਹਿਲਕਦਮੀ ਖ਼ਤਮ ਕੀਤੀ ਤੇ ਫਿਰ ਖੂਹ ਤੋਂ ਪਾਣੀ ਭਰਨ ਆਈਆਂ ਕੁੜੀਆਂ ਨੂੰ  ਚੁੱਕ ਕੇ ਲੈ ਜਾਣ ਵਾਲੇ ਮੇਵਾਤੀਆਂ ਨੂੰ  ਵੱਟੇ ਵੱਟ ਪਾਇਆ | ਉਂਜ ਤਾਂ ਬਲਬਨ ਤੋਂ ਪਹਿਲਾਂ ਵੀ ਤਿੰਨ ਕੁ ਜਣੇ ਦਿੱਲੀ ਦੇ ਸੁਲਤਾਨ ਰਹੇ | ਫੇਰ ਆਉਂਦੈ ਖਲਜੀ ਵੰਸ਼ ਦਾ ਰਾਜ... ਥੋਨੂੰ ਪਤੈ... ਜਲਾਲਉਦੀਨ ਫਿਰੋਜ਼ ਖਲਜੀ ਨੇ ਬਲਬਨ ਦੇ ਮਗਰਲੇ ਰਾਜੇ ਕੈਕੂਬਾਦ ਨੂੰ  ਕਤਲ ਕਰਕੇ ਗੁਲਾਮ ਵੰਸ਼ ਦਾ ਰਾਜ ਖ਼ਤਮ ਕੀਤਾ ਸੀ |'
ਆਰੰਭ ਤੋਂ ਸੁਣਦਾ ਆ ਰਿਹਾ ਇਕ ਹੋਰ ਬਾਬਾ ਗੱਲ ਮੁਕਾਉਣ ਦੇ ਅੰਦਾਜ਼ ਵਿਚ ਗੱਲ ਸਿਰੇ ਹੀ ਲਾ ਗਿਆ, 'ਚਲੋ ਛੱਡੋ ਪਰ੍ਹਾਂ ਇਨ੍ਹਾਂ ਰਾਜਿਆਂ ਦੀਆਂ ਗੱਲਾਂ ਯਾਰ... | ਗੱਦੀ ਲਈ ਤਾਂ ਇਨ੍ਹਾਂ ਲੋਕਾਂ ਨੇ ਹਰ ਹੀਲਾ ਵਰਤਿਆ... ਪਰ ਖੱਟਿਆ ਕੀ...? ਚਾਰ ਦਿਹਾੜੇ ਸ਼ੌਕ ਦੇ, ਮੁੜ ਉਹੀ ਕੁੱਤੇ ਭੌਂਕਦੇ... ਅੰਤ ਨੂੰ  ਕੋਈ ਵਕਤੋਂ ਪਹਿਲਾਂ ਮਰ ਗਿਆ ਜਾਂ ਮਾਰ ਦਿੱਤਾ ਗਿਆ... ਕੋਈ ਵਕਤ ਬਰਬਾਦ ਕਰਦਾ ਮਰ ਗਿਆ... ਕੋਈ ਵਕਤ ਨੂੰ  ਧੱਕਾ ਦਿੰਦਾ ਮਰ ਗਿਆ ਤੇ ਕਿਸੇ ਨੂੰ  ਵਕਤ ਨੇ ਹੀ ਬਰਬਾਦ ਕਰ ਦਿੱਤਾ... ਸੱਚੀਂ ਵਕਤ ਬੜਾ ਬਲਵਾਨ ਹੁੰਦੈ ਭਾਈ... ਡਰਨਾ ਚਾਹੀਦੈ ਵਕਤ ਤੋਂ... |'
ਨਿਰਸੰਦੇਹ ਅੱਜ ਬਾਬਿਆਂ ਦੀ ਗੱਲਬਾਤ ਖਾਸੀ ਗੰਭੀਰ ਹੋ ਗਈ ਸੀ |

-ਮੋਬਾਈਲ : 98155-05287

Ad Position 22
No active advertisement
ਪਿਛਲੀ ਖ਼ਬਰ ਮੁਫ਼ਤ ਦੀ ਲਾਲਸਾ ਅਗਲੀ ਖ਼ਬਰ ਹਿੰਸਕ ਘਟਨਾਵਾਂ ਕਾਰਨ ਲੋਕ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ-ਸਚਿਨ ਪਾਇਲਟ
Ad Position 24