ਰੱਬ ਦੀ ਡਾਂਗ
ਪਿੰਡਾਂ ਵਿਚਦੀ ਜਾਂਦੀ ਬੱਸ 'ਚ ਬੈਠੀ ਇਕ ਪੇਂਡੂ ਮਾਈ ਨੇ ਜਦੋਂ ਪੈਸੇ ਦੇਣ ਉਪਰੰਤ ਕੰਡਕਟਰ ਤੋਂ ਟਿਕਟ ਮੰਗੀ ਤਾਂ ਉਹ ਮਾਈ ਨੂੰ ਟੁੱਟ ਕੇ ਪਿਆ, 'ਨ੍ਹਾ ਤੂੰ ਟਿਕਟ 'ਤੇ ਚੜ੍ਹ ਕੇ ਜਾਣਾ? ਅਖੇ ਟਿਕਟ ਦੇ ਭਾਈ... ਤੂੰ ਟਿਕਟ ਦਾ ਆਚਾਰ ਪਾਉਣਾ?... ਜ੍ਹਾ ਨੲੀਂ ਦਿੰਦਾ ਟਿਕਟ... ਜਾਣਾ ਜਾਹ ਨੲੀਂ ਭੁੰਜੇ ਉੱਤਰ... |'

ਮਾਈ ਫੇਰ ਵੀ ਅੱਗਿਓਾ ਨਿਮਰਤਾ ਨਾਲ ਬੋਲੀ, 'ਚੱਲ ਪੁੱਤ ਕੋਈ ਨਾ... ਏਨਾ ਗੁੱਸਾ ਨੲੀਂ ਕਰੀਦਾ... ਮਖਿਆ ਕੋਈ ਚੜ੍ਹਾ-ਚੈੱਕਰ ਨਾ ਚੜ੍ਹ ਜਾਵੇ... ਐਵੇਂ ਤੇਰੀ-ਮੇਰੀ ਲਾਹ-ਪਾਹ ਕਰੂਗਾ... |'
'... ਬਹਿਜਾ ਮਾਈ ਚੁੱਪ ਕਰਕੇ... ਲੋਕੀਂ ਤਾਂ ਹੁਣ ਰੱਬ ਤੋਂ ਨਹੀਂ ਡਰਦੇ.... ਤੂੰ ਚੈੱਕਰਾਂ ਤੋਂ ਡਰੀ ਜਾਨੀ ਆਂ |' ਕੰਡਕਟਰ ਆਪਣੇ ਚਿੱਤੋਂ ਵੱਡੀ ਗੱਲ ਕਰ ਗਿਆ... |'
'ਨਾ ਮੇਰਾ ਪੁੱਤ! ਹੋਰ ਭਾਵੇਂ ਕਿਸੇ ਤੋਂ ਨਾ ਡਰੋ, ਪਰ ਰੱਬ ਤੋਂ ਜ਼ਰੂਰ ਡਰੋ | ਉਹਦੀ ਡਾਂਗ ਬੜੀ ਡਾਹਢੀ ਆ | 'ਵਾਜ਼ ਭਾਵੇਂ ਨੲੀਂ ਕਰਦੀ ਪਰ ਵੱਜਦੀ ਬਹੁਤ ਜ਼ੋਰ ਦੀ ਆ', ਮਾਈ ਨੇ ਆਪਣੇ ਸੁਭਾਅ ਮੁਤਾਬਿਕ ਗੱਲ ਕੀਤੀ |
ਰੱਬ ਦੀ ਡਾਂਗ ਵਾਲੀ ਗੱਲ ਸੁਣ ਕੇ ਉਪਰੋਂ-ਉਪਰੋਂ ਤਾਂ ਕੰਡਕਟਰ ਨੇ ਪ੍ਰਵਾਹ ਨਾ ਕਰਨ ਦਾ ਦਿਖਾਵਾ ਜਿਹਾ ਕੀਤਾ ਪਰ ਉਹਦੇ ਚਿਹਰੇ 'ਤੇ ਗੰਭੀਰਤਾ ਜ਼ਰੂਰ ਕੁਝ ਦਰਸਾ ਰਹੀ ਸੀ | ਕੁਝ ਕੁ ਸਕਿੰਟਾਂ ਬਾਅਦ ਹੀ ਔਖਾ ਭਾਰਾ ਹੁੰਦਾ ਉਹ ਬੋਲਿਆ, 'ਆਹ ਫੜ ਮਾਈ ਆਪਣੀ ਟਿਕਟ |'
-ਮੋਬਾਈਲ : 98155-05287