![]()
ਉੱਤਰੀ ਕੋਲਕਾਤਾ ਦੀ 51 ਅਹਿਰੀਟੋਲਾ ਸਟ੍ਰੀਟ ਵਿਚ ਸਥਿਤ ਆਪਣੇ ਭਰਾ ਦੇ ਮਕਾਨ 'ਤੇ ਚਪਾਲਾ ਦੇਵੀ ਨੇ 3 ਸਤੰਬਰ, 1926 ਨੂੰ ਇਕ ਬੇਟੇ ਨੂੰ ਜਨਮ ਦਿੱਤਾ | ਬੱਚੇ ਦੇ ਨਾਨਾ ਨੇ ਉਸ ਦਾ ਨਾਂਅ ਉੱਤਮ ਰੱਖਿਆ, ਪਰ ਇਹ ਨਾਂਅ ਬੱਚੇ ਦੀ ਮਾਂ ਨੂੰ ਪਸੰਦ ਨਹੀਂ ਆਇਆ | ਇਸ ਲਈ ਨਾਂਅ ਬਦਲ ਕੇ ਅਰੁਣ ਕੁਮਾਰ ਚਟੋਪਾਧਿਆਏ ਰੱਖ ਦਿੱਤਾ ਗਿਆ, ਜੋ ਕਿ ਬੱਚੇ ਦੇ ਪਿਤਾ ਸੱਤਕਾਰੀ ਚਟੋਪਾਧਿਆਏ ਨੂੰ ਵੀ ਪਸੰਦ ਆਇਆ, ਜਿਨ੍ਹਾਂ ਦਾ ਸੰਬੰਧ ਜ਼ਿਲ੍ਹਾ ਹੁਗਲੀ ਦੇ ਇਕ ਬ੍ਰਾਹਮਣ ਪਰਿਵਾਰ ਨਾਲ ਸੀ | ਫਿਲਹਾਲ, ਨਾਨਾ ਦੇ ਪਰਿਵਾਰ ਦੇ ਅਧਿਆਤਮਿਕ ਗੁਰੂ ਸ੍ਰੀਪੂਰਨਾ ਸੰਨਿਆਸੀ ਨੇ ਬੱਚੇ ਦੀ ਮੁਸਕਾਨ ਨੂੰ ਦੇਖਦੇ ਹੋਏ ਭਵਿੱਖਬਾਣੀ ਕੀਤੀ ਕਿ ਪੂਰਾ ਦੇਸ਼ ਉਸ ਨੂੰ ਉੱਤਮ ਦੇ ਨਾਂਅ ਨਾਲ ਪਛਾਣੇਗਾ | ਇਹੀ ਹੋਇਆ 1950 ਤੋਂ 1980 ਤੱਕ ਬੰਗਾਲੀ ਸਿਨੇਮਾ ਵਿਚ ਆਪਣੀ ਵਿਸ਼ੇਸ਼ ਛਾਪ ਛੱਡਣ ਕਾਰਨ ਉੱਤਮ ਕੁਮਾਰ ਨੂੰ 'ਮਹਾਨਾਇਕ' ਕਿਹਾ ਜਾਣ ਲੱਗਿਆ, ਵਿਸ਼ੇਸ਼ ਕਰਕੇ ਇਸ ਲਈ ਵੀ ਕਿ ਉਸ ਨੂੰ ਪੰਜ ਰਾਸ਼ਟਰੀ ਪੁਰਸਕਾਰਾਂ ਤੇ ਚਾਰ ਫ਼ਿਲਮ ਫੇਅਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਉੱਤਮ ਕੁਮਾਰ ਸਿਰਫ਼ ਐਕਟਰ ਹੀ ਨਹੀਂ ਸੀ, ਸਗੋਂ ਉਹ ਨਿਰਦੇਸ਼ਕ, ਨਿਰਮਾਤਾ, ਪਟਕਥਾ ਲੇਖਕ, ਸੰਗੀਤਕਾਰ ਤੇ ਪਿੱਠਵਰਤੀ ਗਾਇਕ ਵੀ ਸੀ | ਇਸ ਲਈ ਇਹ ਹੈਰਾਨੀ ਨਹੀਂ ਹੈ ਕਿ ਉਹ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਸਭ ਤੋਂ ਮਹਾਨ ਤੇ ਸਭ ਤੋਂ ਸਫ਼ਲ ਅਦਾਕਾਰਾਂ ਵਿਚ ਸ਼ਾਮਿਲ ਕੀਤੇ ਜਾਂਦੇ ਹਨ | ਫਿਲਹਾਲ, ਹਿੰਦੀ ਸਿਨੇਮਾ ਦੇ ਦਰਸ਼ਕਾਂ ਦੇ ਸਾਹਮਣੇ ਜਦੋਂ ਵੀ ਉੱਤਮ ਕੁਮਾਰ ਦਾ ਨਾਂਅ ਲਿਆ ਜਾਂਦਾ ਹੈ ਤਾਂ 'ਦਿਲ ਐਸਾ ਕਿਸੀ ਨੇ ਮੇਰਾ ਤੋੜਾ' ਗੀਤ ਯਾਦ ਆ ਜਾਂਦਾ ਹੈ, ਜੋ ਕਿ 1975 ਵਿਚ ਆਈ ਉਸ ਦੀ ਫ਼ਿਲਮ 'ਅਮਾਨੁਸ਼' ਦਾ ਗੀਤ ਹੈ, ਜਿਸ ਨੂੰ ਇੰਦੀਵਰ ਨੇ ਲਿਖਿਆ, ਕਿਸ਼ੋਰ ਕੁਮਾਰ ਨੇ ਆਪਣੀ ਦਰਦ ਭਰੀ ਆਵਾਜ਼ ਵਿਚ ਗਾਇਆ ਅਤੇ ਸੰਗੀਤ ਦਿੱਤਾ ਸੀ | ਇਸ ਸਫ਼ਲ ਤੇ ਕਾਮਯਾਬ ਫ਼ਿਲਮ ਦੀ ਅਭਿਨੇਤਰੀ ਸ਼ਰਮੀਲਾ ਟੈਗੋਰ ਸੀ |ਵਿਸ਼ਾਲ ਮੱਧਵਰਗੀ ਪਰਿਵਾਰ ਨਾਲ ਸੰਬੰਧਿਤ ਉੱਤਮ ਕੁਮਾਰ ਦੇ ਪਿਤਾ ਮੈਟਰੋ ਸਿਨੇਮਾ ਵਿਚ ਪ੍ਰੋਜੈਕਟਰ ਆਪਰੇਟਰ ਕਰਦੇ ਸਨ | ਉੱਤਮ ਕੁਮਾਰ ਦੇ ਦੋ ਭਰਾ-ਬਰੁਣ ਤੇ ਤਰੁਣ ਸਨ, ਜਿਨ੍ਹਾਂ ਵਿਚੋਂ ਤਰੁਣ ਵੀ ਐਕਟਰ ਬਣੇ | ਉੱਤਮ ਦਾ ਪਿਤਾ-ਪੁਰਖੀ ਘਰ ਭਾਬਾਨੀਪੁਰ ਵਿਚ ਸੀ, ਜਿਥੇ ਜਾਤਰਾ ਰਿਹਰਸਲ ਤੇ ਆਪਣੇ ਪਿਤਾ ਤੇ ਚਾਚਾ ਵਲੋਂ ਸਥਾਪਿਤ ਸੁਹਿਰਦ ਸਮਾਜ ਦੇ ਪਰਫਾਰਮੈਂਸ ਦੇਖ ਕੇ ਉਸ ਦੀ ਦਿਲਚਸਪੀ ਐਕਟਿੰਗ ਵਿਚ ਹੋਈ | ਉੱਤਮ ਦੀ ਸ਼ੁਰੂਆਤੀ ਸਿੱਖਿਆ ਚਕਰਾਬੇਰੀਆ ਹਾਈ ਸਕੂਲ ਵਿਚ ਹੋਈ, ਜਿਥੇ ਉਨ੍ਹਾਂ ਨੂੰ ਪੰਜ ਸਾਲ ਦੀ ਉਮਰ ਵਿਚ ਐਕਟਿੰਗ ਕਰਨ ਦਾ ਪਹਿਲਾ ਮੌਕਾ ਮਿਲਿਆ 'ਗਯਾਸੁਰ' ਨਾਟਕ ਵਿਚ | ਬਾਲ ਗਯਾਸੁਰ ਦੀ ਭੂਮਿਕਾ ਅਦਾ ਕਰਨ ਲਈ ਉਨ੍ਹਾਂ ਨੂੰ ਮੈਡਲ ਨਾਲ ਸਨਮਾਨਿਤ ਕੀਤਾ ਗਿਆ | ਸੰਨ 1936 ਵਿਚ ਭਾਵ ਸਿਰਫ਼ 10 ਸਾਲ ਦੀ ਉਮਰ ਵਿਚ ਉੱਤਮ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਲੂਨਰ ਕਲੱਬ ਨਾਮੀ ਇਕ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ, ਜਿਸ ਦਾ ਪਹਿਲਾ ਪ੍ਰੋਡਕਸ਼ਨ ਰਬਿੰਦਰਨਾਥ ਟੈਗੋਰ ਦਾ ਨਾਟਕ 'ਮੁਕੁਟ' ਸੀ | ਇਹ ਏਨਾ ਸਫ਼ਲ ਹੋਇਆ ਕਿ ਉਨ੍ਹਾਂ ਦੇ ਗੁਆਂਢੀ ਨੇ ਆਪਣੇ ਘਰ ਦਾ ਇਕ ਕਮਰਾ ਨਾਟਕ ਦੀ ਰਿਹਰਸਲ ਲਈ ਦੇ ਦਿੱਤਾ | ਫਿਰ ਸੁਹਿਰਦ ਸਮਾਜ ਨੇ ਉਨ੍ਹਾਂ ਨੂੰ ਆਪਣੇ ਇਕ ਨਾਟਕ ਵਿਚ ਬਲਰਾਮ ਦੀ ਭੂਮਿਕਾ ਦਿੱਤੀ |
ਉੱਤਮ ਕੁਮਾਰ 1943 ਵਿਚ ਬੀ.ਕਾਮ ਪਾਸ ਕਰਨ ਤੋਂ ਬਾਅਦ ਕਲਕੱਤਾ ਪੋਰਟ ਟਰੱਸਟ ਵਿਚ 275 ਰੁਪਏ ਮਹੀਨਾ ਤਨਖ਼ਾਹ 'ਤੇ ਕਲਰਕ ਲਗ ਗਿਆ ਅਤੇ ਉਸੇ ਸਾਲ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਆਰਮੀ ਦੇ ਫੰਡ ਵਿਚ 1,700 ਰੁਪਏ ਦਾਨ ਕੀਤੇ, ਜੋ ਲੂਨਰ ਕਲੱਬ ਨੇ 'ਆਨੰਦਮਠ' ਦਾ ਵਿਸ਼ੇਸ਼ ਮੰਚਨ ਕਰਕੇ ਕਮਾਏ ਸਨ | ਚੇਤੇ ਰਹੇ ਕਿ ਉੱਤਮ ਨੇ ਨਿਦਾਨਬੰਧੂ ਬੈਨਰਜੀ ਤੋਂ ਸ਼ਾਸਤਰੀ ਸੰਗੀਤ ਦੀ ਵੀ ਸਿੱਖਿਆ ਲਈ ਸੀ | ਉਹ ਤੈਰਾਕ ਵੀ ਸਨ ਅਤੇ ਭਾਬਾਨੀਪੁਰ ਸਵੀਮਿੰਗ ਐਸੋਸੀਏਸ਼ਨ ਦੇ ਲਗਾਤਾਰ ਤਿੰਨ ਸਾਲ ਤੱਕ 100 ਮੀਟਰ ਫ੍ਰੀਸਟਾਈਲ ਚੈਂਪੀਅਨ ਰਹੇ | ਉਨ੍ਹਾਂ ਨੇ ਯੋਗ, ਕੁਸ਼ਤੀ ਤੇ ਲਾਠੀ ਖੇਲਾ (ਬੰਗਾਲੀ ਮਾਰਸ਼ਲ ਆਰਟਸ) ਦੀ ਵੀ ਸਿੱਖਿਆ ਲਈ | ਜੀਵਨ ਭਰ ਮੋਹਨ ਬਗਾਨ ਦੇ ਪ੍ਰਸੰਸਕ ਰਹੇ, ਉੱਤਮ ਚੰਗੇ ਫੁੱਟਬਾਲਰ ਵੀ ਸਨ ਤੇ ਰਾਈਟ-ਬੈਕ ਪੁਜ਼ੀਸ਼ਨ 'ਤੇ ਖੇਡਦੇ ਸਨ | ਉਹ ਵਾਲੀਬਾਲ ਤੇ ਕ੍ਰਿਕਟ ਵੀ ਖੇਡਦੇ ਸਨ |
(ਬਾਕੀ ਅਗਲੇ ਬੁੱਧਵਾਰ ਦੇ ਅੰਕ 'ਚ)