ਪੰਜਾਬ ਨੂੰ ਸਿਰਫ਼ ਪੰਜ ਦਰਿਆਵਾਂ ਦੀ ਧਰਤੀ ਕਹਿਣਾ ਇਸ ਦੀ ਪੂਰੀ ਪਛਾਣ ਨਹੀਂ | ਇਹ ਮਾਵਾਂ ਦੀਆਂ ਦੁਆਵਾਂ, ਭੈਣਾਂ ਦੀਆਂ ਰੱਖੜੀਆਂ, ਪਿਉਆਂ ਦੀਆਂ ਉਮੀਦਾਂ ਅਤੇ ਪੁੱਤਾਂ ਦੇ ਸੁਪਨਿਆਂ ਦੀ ਧਰਤੀ ਹੈ | ਇਹ ਉਹ ਧਰਤੀ ਹੈ, ਜਿੱਥੇ ਮਾਂ ਆਪਣੇ ਪੁੱਤ ਨੂੰ ਪਾਲ ਕੇ ਇਕ ਦਿਨ ਉਸ ਦੇ ਸਿਰ 'ਤੇ ਸਿਹਰਾ ਸਜਾਉਣ ਦਾ ਸੁਪਨਾ ਦੇਖਦੀ ਹੈ ਤੇ ਭੈਣ ਆਪਣੇ ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਦੀ ਅਰਦਾਸ ਕਰਦੀ ਹੈ | ਪਰ ਅੱਜ ਨਸ਼ਿਆਂ ਦੀ ਮਾਰ ਕਾਰਨ ਪੰਜਾਬ ਦੇ ਬਹੁਤੇ ਘਰਾਂ 'ਚ ਇਹ ਸੁਪਨੇ ਚਕਨਾਚੂਰ ਹੋ ਗਏ ਹਨ | ਕਿਸੇ ਦੇ ਘਰ ਦਾ ਪੁੱਤ ਚਲਾ ਗਿਆ ਤੇ ਕਿਸੇ ਘਰ ਦਾ ਭਰਾ | ਕਿਸੇ ਮਾਂ ਦੀਆਂ ਅੱਖਾਂ ਪੁੱਤ ਦੀ ਉਡੀਕ ਕਰਦੀਆਂ-ਕਰਦੀਆਂ ਥੱਕ ਗਈਆਂ, ਕਿਸੇ ਭੈਣ ਦੀ ਰੱਖੜੀ ਹੱਥਾਂ 'ਚ ਫੜੀ ਰਹਿ ਗਈ ਤੇ ਕਿਸੇ ਪਿਉ ਦੀ ਉਹ ਆਸ ਟੁੱਟ ਗਈ ਕਿ ਬੁਢਾਪੇ 'ਚ ਉਸ ਦਾ ਪੁੱਤ ਉਸ ਦੀ ਲਾਠੀ ਬਣੇਗਾ |
ਇਹ ਸਿਰਫ਼ ਮੌਤਾਂ ਦੀਆਂ ਖ਼ਬਰਾਂ ਨਹੀਂ ਹਨ | ਹਰ ਅਜਿਹੀ ਖ਼ਬਰ ਦੇ ਪਿੱਛੇ ਇਕ ਅਜਿਹਾ ਪਰਿਵਾਰ ਹੁੰਦਾ ਹੈ, ਜਿਸ ਦੀ ਜ਼ਿੰਦਗੀ ਦਾ ਇਕ ਹਿੱਸਾ ਹਮੇਸ਼ਾ ਲਈ ਖ਼ਾਮੋਸ਼ ਹੋ ਜਾਂਦਾ ਹੈ | ਰੱਖੜੀ ਆਉਂਦੀ ਹੈ, ਪਰ ਉਨ੍ਹਾਂ ਭੈਣਾਂ ਬਾਰੇ ਕੌਣ ਸੋਚਦਾ ਹੈ, ਜਿਨ੍ਹਾਂ ਦਾ ਵੀਰ ਹੁਣ ਇਸ ਦੁਨੀਆ 'ਚ ਨਹੀਂ ਰਿਹਾ? ਕਈ ਭੈਣਾਂ ਰੱਖੜੀ ਵਾਲੇ ਦਿਨ ਆਪਣੇ ਵੀਰ ਦੀ ਤਸਵੀਰ ਅੱਗੇ ਬੈਠਦੀਆਂ ਹਨ | ਹੱਥਾਂ 'ਚ ਰੱਖੜੀ ਹੁੰਦੀ ਹੈ, ਪਰ ਸਾਹਮਣੇ ਉਹ ਗੁੱਟ ਨਹੀਂ ਹੁੰਦਾ ਜਿਸ 'ਤੇ ਰੱਖੜੀ ਬੰਨ੍ਹਣੀ ਸੀ | ਹਰ ਮਾਂ ਇਕ ਦਿਨ ਆਪਣੇ ਪੁੱਤ ਦੇ ਵਿਆਹ ਦਾ ਸੁਪਨਾ ਦੇਖਦੀ ਹੈ | ਘਰ ਵਿਚ ਰੌਣਕ ਹੋਵੇਗੀ, ਰਿਸ਼ਤੇਦਾਰ ਆਉਣਗੇ, ਢੋਲ ਵੱਜੇਗਾ, ਪੁੱਤ ਸਿਹਰਾ ਬੰਨ੍ਹੇਗਾ ਤੇ ਮਾਂ ਆਪਣੇ ਪੁੱਤ ਦੀ ਜੰਞ ਤੋਰੇਗੀ | ਜਿਨ੍ਹਾਂ ਮਾਵਾਂ ਨੇ ਪੁੱਤਾਂ ਦੇ ਸਿਰੋਂ ਪਾਣੀ ਵਾਰਨਾ ਸੀ, ਉਹ ਅੱਜ ਪੁੱਤਾਂ ਦੀਆਂ ਤਸਵੀਰਾਂ ਦੇਖ ਰਹੀਆਂ ਹਨ ਅਤੇ ਜਿਨ੍ਹਾਂ ਭੈਣਾਂ ਨੇ ਵੀਰਾਂ ਦੇ ਵਿਆਹ 'ਤੇ ਘੋੜੀਆਂ ਗਾਉਣੀਆਂ ਸਨ, ਉਹ ਉਨ੍ਹਾਂ ਦੀਆਂ ਯਾਦਾਂ ਨਾਲ ਜੀਅ ਰਹੀਆਂ ਹਨ | ਇਕ ਨੌਜਵਾਨ ਦੀ ਜ਼ਿੰਦਗੀ ਖ਼ਤਮ ਹੋਣ ਨਾਲ ਸਿਰਫ਼ ਇਕ ਸਾਹ ਨਹੀਂ ਰੁਕਦਾ, ਕਈ ਸੁਪਨੇ ਇਕੋ ਵਾਰ ਦਫ਼ਨ ਹੋ ਜਾਂਦੇ ਹਨ |
ਨਸ਼ਾ ਕਿੱਥੋਂ ਆ ਰਿਹਾ ਹੈ? ਕੌਣ ਵੇਚ ਰਿਹਾ ਹੈ? ਕੌਣ ਸਪਲਾਈ ਕਰ ਰਿਹਾ ਹੈ? ਕੌਣ ਇਸ ਤੋਂ ਮੁਨਾਫ਼ਾ ਕਮਾ ਰਿਹਾ ਹੈ? ਇਹ ਸਾਰੇ ਅਹਿਮ ਸਵਾਲ ਹਨ ਅਤੇ ਇਨ੍ਹਾਂ 'ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਪਰ ਇਸ ਦੇ ਨਾਲ ਇਕ ਹੋਰ ਸਵਾਲ ਪੁੱਛਣਾ ਪਵੇਗਾ, ਕਿਸੇ ਨੌਜਵਾਨ ਦੇ ਨਸ਼ਿਆਂ 'ਚ ਗ੍ਰਸਤ ਹੋਣ ਤੋਂ ਪਹਿਲਾਂ ਅਸੀਂ ਇਸ ਬਾਰੇ ਕਿਉਂ ਨਹੀਂ ਜਾਣ ਸਕਦੇ? ਜਦੋਂ ਉਸ ਦੀ ਸੰਗਤ ਬਦਲੀ, ਜਦੋਂ ਉਸ ਨੇ ਪਰਿਵਾਰ ਨਾਲ ਗੱਲ ਕਰਨੀ ਘਟਾ ਦਿੱਤੀ, ਜਦੋਂ ਉਸ ਦੀ ਪੜ੍ਹਾਈ ਜਾਂ ਕੰਮ 'ਚ ਦਿਲਚਸਪੀ ਘਟਣ ਲੱਗੀ, ਜਦੋਂ ਉਸ ਦੇ ਵਿਹਾਰ 'ਚ ਤਬਦੀਲੀ ਆਈ, ਕੀ ਕਿਸੇ ਨੇ ਉਸ ਨੂੰ ਬਿਠਾ ਕੇ ਪੁੱਛਿਆ ਕਿ ਪੁੱਤ ਤੈਨੂੰ ਕੀ ਹੋ ਰਿਹਾ ਹੈ? ਕਈ ਵਾਰ ਸਮੱਸਿਆ ਨਸ਼ਿਆਂ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ | ਇਕੱਲਾਪਣ, ਨਿਰਾਸ਼ਾ, ਗਲਤ ਸੰਗਤ, ਪਰਿਵਾਰਕ ਦੂਰੀ, ਬੇਰੁਜ਼ਗਾਰੀ ਜਾਂ ਹੋਰ ਸਮਾਜਿਕ-ਮਾਨਸਿਕ ਦਬਾਅ ਕਿਸੇ ਨੌਜਵਾਨ ਨੂੰ ਕਮਜ਼ੋਰ ਕਰ ਸਕਦੇ ਹਨ | ਹਰ ਮਾਮਲੇ ਦਾ ਕਾਰਨ ਇਕੋ ਨਹੀਂ ਹੁੰਦਾ, ਪਰ ਹਰ ਮਾਮਲੇ ਦੀ ਸਮੇਂ ਸਿਰ ਪਛਾਣ ਤੇ ਮਦਦ ਮਹੱਤਵਪੂਰਨ ਹੈ | ਪੰਜਾਬ ਨੂੰ ਨਸ਼ਿਆਂ ਵਿਰੁੱਧ ਮੁਹਿੰਮਾਂ ਦੇ ਨਾਲ-ਨਾਲ ਇਕ ਲਗਾਤਾਰ, ਮਾਪਣਯੋਗ ਅਤੇ ਜਵਾਬਦੇਹ ਪ੍ਰਣਾਲੀ ਦੀ ਲੋੜ ਹੈ | ਨਸ਼ੇ ਵੇਚਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇ, ਪਰ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਨਸ਼ਿਆਂ 'ਚ ਫਸੇ ਨੌਜਵਾਨਾਂ ਨੂੰ ਇਲਾਜ ਤੱਕ ਪਹੁੰਚ ਮਿਲੇ | ਪਰਿਵਾਰ ਨੂੰ ਇਹ ਜਾਣਕਾਰੀ ਮਿਲੇ ਕਿ ਕਿੱਥੋਂ ਮਦਦ ਲੈਣੀ ਹੈ | ਇਲਾਜ ਤੋਂ ਬਾਅਦ ਨੌਜਵਾਨ ਨੂੰ ਹੁਨਰ, ਰੁਜ਼ਗਾਰ, ਖੇਡਾਂ ਜਾਂ ਹੋਰ ਰਚਨਾਤਮਕ ਸਰਗਰਮੀਆਂ ਨਾਲ ਜੋੜਨ ਦੀ ਯੋਜਨਾ ਵੀ ਬਣਾਉਣੀ ਚਾਹੀਦੀ ਹੈ | ਹਰ ਜ਼ਿਲ੍ਹੇ 'ਚ ਪੁਲਿਸ, ਸਿਹਤ ਵਿਭਾਗ, ਸਿੱਖਿਆ ਵਿਭਾਗ, ਸਥਾਨਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਗਠਨਾਂ ਵਿਚਕਾਰ ਅਜਿਹਾ ਤਾਲਮੇਲ ਹੋਵੇ ਜਿਸ ਦਾ ਨਤੀਜਾ ਸਿਰਫ਼ ਕਾਗਜ਼ਾਂ 'ਤੇ ਹੀ ਨਹੀਂ, ਸਗੋਂ ਜ਼ਮੀਨੀ ਪੱਧਰ 'ਤੇ ਦਿਖਾਈ ਦੇਵੇ | ਸਕੂਲਾਂ-ਕਾਲਜਾਂ ਵਿਚ ਨਸ਼ਿਆਂ ਖ਼ਿਲਾਫ ਜਾਗਰੂਕਤਾ ਸਬੰਧੀ ਇਕ ਹਫ਼ਤਾਵਾਰੀ ਲੈਕਚਰ ਹੋਣਾ ਚਾਹੀਦਾ ਹੈ | ਵਿਦਿਆਰਥੀਆਂ ਲਈ ਕਾਊਾਸਲਿੰਗ ਦੀ ਵਿਵਸਥਾ ਹੋਵੇ ਤੇ ਮਾਪਿਆਂ ਨੂੰ ਵੀ ਇਹ ਸਮਝਾਇਆ ਜਾਵੇ ਕਿ ਬੱਚੇ ਦੇ ਵਿਹਾਰ 'ਚ ਗੰਭੀਰ ਤਬਦੀਲੀ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ |
ਇਹ ਲੜਾਈ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੇ ਇਕ ਦਿਨ ਅੰਕੜੇ ਘਟਾਉਣ ਦੀ ਨਹੀਂ ਹੈ | ਪੰਜਾਬ ਨੂੰ ਇਹ ਤੈਅ ਕਰਨਾ ਪਵੇਗਾ ਕਿ ਅਸੀਂ ਨਸ਼ਿਆਂ ਖ਼ਿਲਾਫ਼ ਲੜਾਈ ਨੂੰ ਸਿਰਫ਼ ਖ਼ਬਰਾਂ, ਬਿਆਨਾਂ ਤੇ ਮੁਹਿੰਮਾਂ ਤੱਕ ਰੱਖਣਾ ਹੈ ਜਾਂ ਇਸ ਨੂੰ ਕਾਨੂੰਨ, ਇਲਾਜ, ਰੁਜ਼ਗਾਰ, ਪਰਿਵਾਰ ਅਤੇ ਸਮਾਜ ਸਭ ਨੂੰ ਜੋੜ ਕੇ ਇਕ ਲਗਾਤਾਰ ਜਨਤਕ ਮੁਹਿੰਮ ਬਣਾਈ ਰੱਖਣਾ ਹੈ | ਅੱਜ ਪੰਜਾਬ ਨੂੰ ਉਹ ਤਸਵੀਰ ਚਾਹੀਦੀ ਹੈ ਜਿਸ ਵਿਚ ਮਾਂ ਆਪਣੇ ਪੁੱਤ ਦੇ ਸਿਰ 'ਤੇ ਸਿਹਰਾ ਸਜਾ ਰਹੀ ਹੋਵੇ | ਅਜਿਹਾ ਹੋਣ ਲਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਹੀ ਕਾਫ਼ੀ ਨਹੀਂ ਹੋਵੇਗੀ, ਸਗੋਂ ਹਰ ਉਸ ਪੰਜਾਬੀ ਨੂੰ ਨਸ਼ਿਆਂ ਖ਼ਿਲਾਫ਼ ਲੜਾਈ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਪਵੇਗਾ, ਜੋ ਪੰਜਾਬ ਨੂੰ ਖੁਸ਼ਹਾਲ ਦੇਖਣਾ ਲੋਚਦਾ ਹੈ |
ਪੱਤਰ ਪ੍ਰੇਰਕ, ਮਕਸੂਦਾਂ (ਜਲੰਧਰ) |
ਮੋਬਾਈਲ : 97803-89428