23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਲੋਕਾਂ ਦੀ ਖੁਸ਼ੀ ਤੇ ਸੰਤੁਸ਼ਟੀ ਹੀ ਗ਼ਰੀਬੀ ਘਟਣ ਦੀ ਗਵਾਹ ਬਣੇਗੀ

ਲੋਕਾਂ ਦੀ ਖੁਸ਼ੀ ਤੇ ਸੰਤੁਸ਼ਟੀ ਹੀ ਗ਼ਰੀਬੀ ਘਟਣ ਦੀ ਗਵਾਹ ਬਣੇਗੀ

Ad Position 21
No active advertisement
ਅਜੀਤ ਡੈਸਕ 24-11-2026

ਜੇਕਰ ਪ੍ਰਧਾਨ ਮੰਤਰੀ ਦੀ ਗੱਲ ਮੰਨੀਏ ਤਾਂ ਹੁਣ ਦੇਸ਼ 'ਚ ਕੋਈ ਵੀ ਗਰੀਬ ਨਹੀਂ ਹੈ | ਉਹ ਵਿਸ਼ਵ ਬੈਂਕ ਦੀ ਇਕ ਰਿਪੋਰਟ ਦਾ ਹਵਾਲਾ ਦਿੰਦੇ ਹਨ, ਜੋ ਦਰਸਾਉਂਦੀ ਹੈ ਕਿ 2011 ਤੇ 2023 ਦੇ ਵਿਚਕਾਰ 50 ਕਰੋੜ   ਲੋਕਾਂ ਨੂੰ  ਗਰੀਬੀ ਰੇਖਾ ਤੋਂ ਉੱਪਰ ਲਿਆਂਦਾ ਗਿਆ ਹੈ | ਕੋਈ ਵੀ ਸਰਕਾਰ ਹੁੰਦੀ ਉਸ ਨੇ ਇਸ ਗੱਲ ਦਾ ਢੋਲ ਵਜਾਉਣਾ ਹੀ ਸੀ, ਫਿਰ ਮੋਦੀ ਸਰਕਾਰ ਤਾਂ ਵੈਸੇ ਵੀ ਅਜਿਹੇ ਮਾਮਲਿਆਂ ਦਾ ਪ੍ਰਚਾਰ ਕਰਨ 'ਚ ਹੋਰਾਂ ਤੋਂ ਕਿਤੇ ਅੱਗੇ ਹੈ | ਪ੍ਰਧਾਨ ਮੰਤਰੀ ਹਰ ਪਲੇਟਫਾਰਮ ਤੋਂ ਇਸ ਦਾ ਜ਼ਿਕਰ ਕਰਨਾ ਕਦੇ ਨਹੀਂ ਭੁੱਲਦੇ | ਜੇਕਰ ਇਹ ਹਕੀਕਤ ਹੁੰਦੀ, ਜਿਵੇਂ ਪ੍ਰਧਾਨ ਮੰਤਰੀ ਜਾਂ ਜੋ ਵਿਸ਼ਵ ਬੈਂਕ ਦੀ ਰਿਪੋਰਟ ਕਹਿ ਰਹੀ ਹੈ ਤਾਂ ਸਾਡੇ ਦੇਸ਼ 'ਚ ਦੁੱਧ ਦੀਆਂ ਨਦੀਆਂ ਵਗ ਰਹੀਆਂ ਹੁੰਦੀਆਂ | ਕਿਤੇ ਵੀ ਗਰੀਬਾਂ ਦੀਆਂ ਬਸਤੀਆਂ ਤੇ ਝੁੱਗੀਆਂ-ਝੌਂਪੜੀਆਂ ਨਾ ਹੁੰਦੀਆਂ ਅਤੇ ਬੱਚੇ ਗਲੀਆਂ-ਚੌਰਾਹਿਆਂ 'ਤੇ ਭੀਖ ਨਾ ਮੰਗਦੇ ਹੁੰਦੇ | ਜੇਕਰ ਕੋਈ ਗਰੀਬ ਨਾ ਹੁੰਦਾ ਤਾਂ ਸਰਕਾਰ 80 ਕਰੋੜ ਲੋਕਾਂ ਨੂੰ  ਮੁਫ਼ਤ ਭੋਜਨ ਮੁਹੱਈਆ ਕਰਵਾਉਣ ਦੇ ਦਾਅਵੇ ਨਾ ਕਰਦੀ | ਦੱਸਣਯੋਗ ਹੈ ਕਿ ਸਾਡੇ ਦੇਸ਼ 'ਚ ਗਰੀਬੀ ਹਟਾਉਣ ਦਾ ਦਾਅਵਾ ਕੋਈ ਪਹਿਲੀ ਵਾਰ ਨਹੀਂ ਕੀਤਾ ਗਿਆ | ਇਸ ਤੋਂ ਪਹਿਲਾਂ ਮਨਮੋਹਨ ਸਿੰਘ ਸਰਕਾਰ ਦੌਰਾਨ 27 ਕਰੋੜ ਲੋਕਾਂ ਨੂੰ  ਗਰੀਬੀ ਰੇਖਾ ਤੋਂ ਬਾਹਰ ਲਿਆਉਣ  ਦਾ ਦਾਅਵਾ ਕੀਤਾ ਗਿਆ ਸੀ ਤੇ ਨੀਤੀ ਆਯੋਗ ਦੀ ਰਿਪੋਰਟ 'ਚ 2005/06 ਤੋਂ 2015/16 ਦੇ ਵਿਚਕਾਰ 26.93 ਕਰੋੜ ਲੋਕਾਂ ਨੂੰ  ਗਰੀਬੀ ਰੇਖਾ ਤੋਂ ਉੱਪਰ ਲਿਆਉਣ ਬਾਰੇ ਕਿਹਾ ਗਿਆ ਸੀ | ਆਕਸਫੋਰਡ ਦੀ ਗਰੀਬੀ ਤੇ ਮਨੁੱਖੀ ਵਿਕਾਸ ਪਹਿਲਕਦਮੀ ਰਿਪੋਰਟ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਭਾਰਤ 'ਚ ਗਰੀਬੀ ਘੱਟ ਰਹੀ ਹੈ | ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 1991 ਦੇ ਆਰਥਿਕ ਸੁਧਾਰਾਂ ਤੋਂ ਬਾਅਦ ਆਮ ਲੋਕਾਂ ਦੀਆਂ ਆਰਥਿਕ ਸਥਿਤੀਆਂ 'ਚ ਸੁਧਾਰ ਹੋਇਆ ਹੈ ਤੇ ਭਾਰਤ ਦੀ ਅਰਥਵਿਵਸਥਾ ਦੇ ਗਤੀ ਫੜਨ ਨਾਲ ਇਸ ਦਾ ਆਕਾਰ ਵੀ ਵਧਿਆ ਹੈ | ਜਦੋਂ ਮਨਮੋਹਨ ਸਿੰਘ ਨੇ 2004 'ਚ ਦੇਸ਼ ਦੀ ਵਾਗਡੋਰ ਸੰਭਾਲੀ ਸੀ ਤਾਂ ਅਰਥਵਿਵਸਥਾ ਦਾ ਆਕਾਰ 704 ਅਰਬ (70,400 ਹਜ਼ਾਰ ਕਰੋੜ) ਡਾਲਰ ਸੀ, ਜੋ 2014 'ਚ 2.04 ਟਿ੍ਲੀਅਨ (2 ਲੱਖ 4 ਹਜ਼ਾਰ ਕਰੋੜ) ਡਾਲਰ ਹੋ ਗਿਆ ਸੀ | ਮਤਲਬ  ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ ਦੇ ਆਕਾਰ  'ਚ 185 ਫ਼ੀਸਦੀ ਦਾ ਵਾਧਾ ਹੋਇਆ ਸੀ | 

ਮੋਦੀ ਜੀ  ਦੇ 12 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤੀ ਅਰਥਵਿਵਸਥਾ ਲਗਭਗ 4.15 ਟਿ੍ਲੀਅਨ (4 ਲੱਖ 15 ਹਜ਼ਾਰ ਕਰੋੜ) ਡਾਲਰ ਤੱਕ ਪਹੁੰਚ ਗਈ ਹੈ | ਇਸ ਦਾ ਮਤਲਬ ਹੈ ਕਿ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ ਅਰਥਵਿਵਸਥਾ 'ਚ ਕਾਫ਼ੀ ਸੁਧਾਰ ਹੋਣ ਨਾਲ ਆਮ ਲੋਕਾਂ ਨੂੰ  ਇਸ ਦਾ ਫਾਇਦਾ ਹੋਇਆ | ਇਸ ਸੰਦਰਭ ਵਿਚ ਉਸ ਸਮੇਂ ਦਾ 27 ਕਰੋੜ ਦਾ ਅੰਕੜਾ ਹੈਰਾਨ ਨਹੀਂ ਸੀ ਕਰਦਾ | ਪਰ ਜਦੋਂ ਪ੍ਰਧਾਨ ਮੰਤਰੀ 50 ਕਰੋੜ ਦਾ ਦਾਅਵਾ ਕਰਦੇ ਹਨ ਤਾਂ ਇਕ ਗੱਲ ਛੁਪਾ ਲਈ ਜਾਂਦੀ ਹੈ ਕਿ ਇਹ ਅੰਕੜਾ 2011 ਤੋਂ 2023 ਤੱਕ ਦਾ ਹੈ | ਇਨ੍ਹਾਂ 12 ਸਾਲਾਂ 'ਚੋਂ 2011 ਤੋਂ 2014 ਤੱਕ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ | ਮਤਲਬ  ਮਨਮੋਹਨ ਸਿੰਘ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੇ ਦਾਅਵਿਆਂ 'ਚੋਂ ਇਕ ਤਿਹਾਈ ਦਾ ਯੋਗਦਾਨ ਪਾਇਆ ਹੈ | ਇਹ ਤੱਥ ਲੋਕਾਂ ਨੂੰ  ਨਹੀਂ ਦੱਸਿਆ ਜਾਂਦਾ ਤੇ ਸਾਰਾ ਸਿਹਰਾ ਭਾਜਪਾ ਸਰਕਾਰ ਤੇ ਪ੍ਰਧਾਨ ਮੰਤਰੀ ਖ਼ੁਦ ਲੈ ਲੈਂਦੇ ਹਨ | ਦੂਜੀ ਗੱਲ ਵਿਸ਼ਵ ਬੈਂਕ ਦਾ ਵਿਸ਼ਲੇਸ਼ਣ ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ 'ਤੇ ਨਿਰਭਰ ਕਰਦਾ ਹੈ ਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਅਰਥਵਿਵਸਥਾ ਦੇ ਅੰਕੜਿਆਂ ਨੂੰ  ਅੰਤਰਰਾਸ਼ਟਰੀ ਮੁਦਰਾ ਕੋਸ਼ (ਆਈ.ਐਮ.ਐਫ.) ਨੇ 'ਸੀ' ਸ਼੍ਰੇਣੀ 'ਚ ਪਾਇਆ ਹੋਇਆ ਹੈ | ਮਤਲਬ ਸਾਡੇ ਅੰਕੜਿਆਂ ਦੀ ਭਰੋਸੇਯੋਗਤਾ ਸ਼ੱਕੀ ਹੈ | ਇਹੀ ਗੱਲ ਸਰਕਾਰ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਨ ਵੀ ਕਈ ਵਾਰ ਕਹਿ ਚੁੱਕੇ ਹਨ | ਪਿਛਲੀ ਵਾਰ ਜਦੋਂ ਸਰਕਾਰ ਨੇ ਪਿਛਲੀ ਤਿਮਾਹੀ ਦੀ ਜੀ.ਡੀ.ਪੀ. ਵਿਕਾਸ ਦਰ 7.8 ਫ਼ੀਸਦੀ ਹੋਣ ਦਾ ਐਲਾਨ ਕੀਤਾ ਸੀ ਤਾਂ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਨੇ ਇਨ੍ਹਾਂ ਅੰਕੜਿਆਂ ਦਾ ਖੰਡਨ ਕਰਦਿਆਂ ਦਾਅਵਾ ਕੀਤਾ ਸੀ ਕਿ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਜੀ.ਡੀ.ਪੀ. ਵਾਧਾ ਲਗਭਗ 2.6 ਫ਼ੀਸਦੀ ਹੈ | ਇਸ ਨਾਲ ਕਾਫ਼ੀ ਵਿਵਾਦ ਹੋਣ 'ਤੇ ਸਰਕਾਰ ਨੂੰ  ਸਫਾਈ ਦੇਣੀ ਪਈ ਸੀ |  ਗਰਗ ਤੇ ਸੁਬਰਾਮਨੀਅਮ ਦੋਵੇਂ ਹੀ ਮੋਦੀ ਨਾਲ ਕੰਮ ਕਰ ਚੁੱਕੇ ਹਨ |
ਅਸਲੀਅਤ 'ਚ ਸਾਰੇ ਵੱਡੇ ਦਾਅਵਿਆਂ ਦੇ ਬਾਵਜੂਦ ਭਾਰਤ ਦੀ ਅਰਥਵਿਵਸਥਾ ਦੀ ਹਾਲਤ ਬਹੁਤੀ ਠੀਕ ਨਹੀਂ ਹੈ | ਇਕ ਸਮਾਂ ਸੀ ਜਦੋਂ ਸਰਕਾਰ ਦਾਅਵਾ ਕਰਦੀ ਸੀ ਕਿ ਭਾਰਤ ਬਹੁਤ ਜਲਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ, ਪਰ ਹੁਣ ਉਸ ਨੇ ਇਹ ਕਹਿਣਾ ਬੰਦ ਕਰ ਦਿੱਤਾ ਹੈ, ਕਿਉਂਕਿ ਅਰਥਵਿਵਸਥਾ ਦੇ ਆਕਾਰ ਦੇ ਮਾਮਲੇ ਵਿਚ ਇਹ ਚੌਥੇ ਸਥਾਨ ਤੋਂ ਖਿਸਕ ਕੇ ਛੇਵੇਂ ਸਥਾਨ 'ਤੇ ਆ ਗਈ ਹੈ | ਇਸ ਦੇ ਨਾਲ ਹੀ ਸ਼ੇਅਰ ਬਾਜ਼ਾਰ ਵੀ ਸੁੰਗੜ ਕੇ 7ਵੇਂ ਸਥਾਨ 'ਤੇ ਪਹੁੰਚ ਗਿਆ ਹੈ ਅਤੇ ਪਿਛਲੇ ਇਕ ਸਾਲ ਦੌਰਾਨ ਇਸ 'ਚੋਂ 30 ਲੱਖ ਕਰੋੜ ਰੁਪਏ ਕੱਢੇ ਜਾ ਚੁੱਕੇ ਹਨ | ਭਾਰਤ 'ਚੋਂ ਲਗਭਗ 30 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਬਾਹਰ ਚਲਾ ਗਿਆ ਹੈ | ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤੀ ਅਰਥਵਿਵਸਥਾ 'ਚ ਭਰੋਸਾ ਘਟਣ ਕਰਕੇ ਹੀ  30 ਅਰਬ ਡਾਲਰ ਭਾਰਤ ਤੋਂ ਬਾਹਰ ਚਲੇ ਗਏ ਸਨ | ਅੰਤਰਰਾਸ਼ਟਰੀ ਘਟਨਾਕ੍ਰਮ ਦੇ ਚੱਲਦਿਆਂ ਅਮਰੀਕਾ 'ਚ ਰਿਪਬਲਿਕਨ ਪਾਰਟੀ ਦੀ ਹਾਰ ਅਤੇ ਐਨਵੀਡੀਆ ਕੰਪਨੀ ਦੇ ਸੰਕਟ ਤੋਂ ਬਾਅਦ 10 ਅਰਬ ਡਾਲਰ ਦਾ ਵਿਦੇਸ਼ੀ ਨਿਵੇਸ਼ ਭਾਰਤੀ ਬਾਜ਼ਾਰ 'ਚ ਵਾਪਸ ਆਇਆ ਹੈ, ਪਰ ਇਹ ਭਾਰਤ ਸਰਕਾਰ ਦੇ ਯਤਨਾਂ ਕਾਰਨ ਨਹੀਂ ਹੋਇਆ | ਭਾਰਤ ਵਿਚ ਇਸ ਸਮੇਂ ਬੇਰੁਜ਼ਗਾਰੀ ਤੇ ਮਹਿੰਗਾਈ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ | ਨੀਤੀ ਆਯੋਗ ਦੀ ਰਿਪੋਰਟ ਦੇ ਅਨੁਸਾਰ 8.7 ਕਰੋੜ ਨੌਜਵਾਨ ਨਾ ਪੜ੍ਹ ਰਹੇ ਹਨ, ਨਾ ਹੀ ਨੌਕਰੀ ਕਰ ਰਹੇ ਹਨ ਅਤੇ ਨਾ ਹੀ ਕੋਈ ਹੁਨਰ ਸਿਖਲਾਈ ਪ੍ਰਾਪਤ ਕਰ ਰਹੇ ਹਨ | ਸਿਰਫ 8.25 ਫ਼ੀਸਦੀ ਗ੍ਰੈਜੂਏਟਾਂ ਨੂੰ  ਉਨ੍ਹਾਂ ਦੀ ਯੋਗਤਾ ਅਨੁਸਾਰ ਨੌਕਰੀਆਂ ਮਿਲ ਰਹੀਆਂ ਹਨ |  ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਦੇ ਇਕ ਅਧਿਐਨ ਦੇ ਅਨੁਸਾਰ 15 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ 'ਚ ਬੇਰੁਜ਼ਗਾਰੀ ਦਰ 40 ਫ਼ੀਸਦੀ ਹੈ ਤੇ ਸਿਰਫ਼ 7 ਫ਼ੀਸਦੀ ਗ੍ਰੈਜੂਏਟਾਂ ਨੂੰ  ਇਕ ਸਾਲ ਦੇ ਅੰਦਰ ਨੌਕਰੀਆਂ ਮਿਲਦੀਆਂ ਹਨ | 
ਇਹ ਅੰਕੜੇ ਚਿੰਤਾਜਨਕ ਤੇ ਬਿਨਾਂ ਵਜ੍ਹਾ ਨਹੀਂ ਹਨ | ਜੁਲਾਈ ਮਹੀਨੇ ਵੱਡੀ ਗਿਣਤੀ 'ਚ ਨੌਜਵਾਨਾਂ ਤੇ ਵਿਦਿਆਰਥੀਆਂ ਦੇੇ ਜੰਤਰ-ਮੰਤਰ 'ਤੇ ਇਕੱਠੇ ਹੋਣ ਨਾਲ ਸਰਕਾਰ ਨੂੰ  ਆਪਣੇ ਸਿੱਖਿਆ ਮੰਤਰੀ ਦਾ ਅਸਤੀਫਾ ਲੈਣ ਲਈ ਮਜਬੂਰ ਹੋਣਾ ਪਿਆ | ਮਹਿੰਗਾਈ ਦੇ ਚੱਲਦਿਆਂ ਥੋਕ ਮੁੱਲ ਸੂਚਕਾਂਕ 12.29 ਫ਼ੀਸਦੀ  ਤੇ ਪ੍ਰਚੂਨ ਮੁੱਲ ਸੂਚਕਾਂਕ 6.09 ਫ਼ੀਸਦੀ ਤੱਕ ਪਹੁੰਚ ਗਿਆ ਹੈ, ਜੋ ਭਾਰਤੀ ਰਿਜ਼ਰਵ ਬੈਂਕ ਦੁਆਰਾ ਨਿਰਧਾਰਤ ਸੀਮਾਵਾਂ ਤੋਂ ਕਿਤੇ ਵੱਧ ਹੈ | ਖੁਰਾਕ ਮੁਦਰਾ ਸਫੀਤੀ 8.3 ਫ਼ੀਸਦੀ ਹੋ ਗਈ ਹੈ | ਇਹ ਅੰਕੜੇ ਸਰਕਾਰ ਦੀਆਂ ਕਮੀਆਂ ਨੂੰ  ਬੇਨਕਾਬ ਕਰਦੇ ਹਨ | ਸਰਕਾਰ ਦੇ ਦਾਅਵੇ ਮੁਤਾਬਿਕ ਜੇਕਰ ਸਭ ਕੁਝ ਠੀਕ ਹੈ  ਤਾਂ ਸਵਾਲ ਉੱਠਦਾ ਹੈ: ਲੋਕ ਖੁਸ਼ ਕਿਉਂ ਨਹੀਂ ਹਨ? ਲੋਕ ਮਹਿੰਗਾਈ ਤੋਂ ਕਿਉਂ ਪ੍ਰੇਸ਼ਾਨ ਹਨ? ਬੇਰੁਜ਼ਗਾਰ ਨੌਜਵਾਨ ਸੜਕਾਂ 'ਤੇ ਪ੍ਰਦਰਸ਼ਨ ਕਿਉਂ ਕਰ ਰਹੇ ਹਨ? ਸਰਕਾਰ ਇਨ੍ਹਾਂ ਸਵਾਲਾਂ ਨੂੰ  ਟਾਲ ਕੇ ਵਿਰੋਧੀ ਧਿਰ ਨੂੰ  i]ੱਦਾਰ ਤੇ ਅਰਾਜਕਤਾਵਾਦੀ ਕਿਉਂ ਕਹਿੰਦੀ ਹੈ? ਜੇਕਰ ਸਭ ਕੁਝ ਠੀਕ ਹੈ ਤਾਂ ਪ੍ਰਧਾਨ ਮੰਤਰੀ 'ਫਿੱਕੀ' ਦੀ ਸਾਲਾਨਾ ਮੀਟਿੰਗ 'ਚ ਕਾਰਪੋਰੇਟ ਜਗਤ ਨੂੰ  ਇਹ ਕਹਿ ਕੇ ਕਿਉਂ ਝਿੜਕਦੇ ਹਨ ਕਿ ਸਰਕਾਰ ਤਾਂ ਉਨ੍ਹਾਂ ਦੀਆਂ ਜੇਬਾਂ ਭਰਦੀ ਜਾ ਰਹੀ ਹੈ, ਪਰ ਉਹ ਨਾ ਤਾਂ ਕਰਮਚਾਰੀਆਂ ਦੀ ਆਮਦਨ ਵਧਾਉਂਦੇ ਹਨ ਨਾ ਨੌਕਰੀਆਂ ਪੈਦਾ ਕਰਦੇ ਹਨ, ਨਾ ਹੀ ਚੰਗੇ ਉਤਪਾਦ ਪੈਦਾ ਕਰਦੇ ਹਨ? ਪ੍ਰਧਾਨ ਮੰਤਰੀ ਦਾ ਗੁੱਸਾ ਜਾਇਜ਼ ਹੋ ਸਕਦਾ ਹੈ, ਜੇਕਰ ਕਾਰਪੋਰੇਟ ਜਗਤ 'ਚ ਗਤੀ ਨਹੀਂ ਹੈ ਤੇ  ਉਹ ਆਪਣਾ ਕੰਮ ਨਹੀਂ ਕਰ ਰਹੇ  ਤਾਂ ਸਰਕਾਰ ਪਿਛਲੇ 12 ਸਾਲਾਂ ਤੋਂ ਵਿਹਲੀ ਕਿਉਂ ਬੈਠੀ ਹੈ? ਮੋਦੀ ਸਰਕਾਰ ਨੂੰ  ਕਾਰਪੋਰੇਟ ਪੱਖੀ ਕਿਹਾ ਜਾਂਦਾ ਹੈ, ਕਿਉਂਕਿ  ਉਨ੍ਹਾਂ ਦੇ ਕਾਰਜਕਾਲ 'ਚ ਅਡਾਨੀ ਤੇ ਅੰਬਾਨੀ ਦੇ ਸਾਮਰਾਜ ਵਧੇ-ਫੁੱਲੇ ਹਨ |
ਭਾਰਤ ਦੇ ਬਾਰੇ ਮਸ਼ਹੂਰ ਹੈ ਕਿ ਇੱਥੇ ਬਰਾਬਰ ਵਿਕਾਸ ਨਹੀਂ ਹੋ ਰਿਹਾ | ਇਹ ਵਿਕਾਸ 'ਕੇ' ਆਕਾਰ ਦਾ ਹੈ, ਭਾਵ ਅਮੀਰ ਹੋਰ ਅਮੀਰ ਤੇ ਗਰੀਬ ਹੋਰ ਗਰੀਬ ਹੋ ਰਹੇ ਹਨ | ਮੌਜੂਦਾ ਅੰਕੜਿਆਂ ਅਨੁਸਾਰ ਆਬਾਦੀ ਦੇ ਉੱਪਰਲੇ 1 ਫ਼ੀਸਦੀ ਲੋਕਾਂ ਕੋਲ ਦੇਸ਼ ਦੀ 40.1 ਫ਼ੀਸਦੀ ਦੌਲਤ ਹੈ, ਜੋ ਮਨਮੋਹਨ ਸਿੰਘ ਦੇ ਕਾਰਜਕਾਲ ਦੌਰਾਨ 31.6 ਫ਼ੀਸਦੀ ਸੀ, ਜੋ ਸਪੱਸ਼ਟ ਕਰਦਾ ਹੈ ਕਿ ਮੋਦੀ ਸਰਕਾਰ ਕਾਰਪੋਰੇਟਾਂ ਦਾ ਪੱਖ ਲੈ ਰਹੀ ਹੈ ਤੇ ਮੋਦੀ ਦੇ ਕਾਰਜਕਾਲ ਦੌਰਾਨ ਕਾਰਪੋਰੇਟਾਂ ਨੂੰ  ਸਭ ਤੋਂ ਵੱਧ ਲਾਭ ਹੋਇਆ ਹੈ | ਜੇ ਯਕੀਨ ਨਹੀਂ ਹੈ ਤਾਂ ਅਡਾਨੀ ਦੇ ਵਿਕਾਸ ਦੇ ਅੰਕੜਿਆਂ 'ਤੇ ਨਜ਼ਰ ਮਾਰ ਸਕਦੇ ਹੋ | ਅੱਜ ਸਰਕਾਰ ਨੂੰ  ਉਨ੍ਹਾਂ ਤਬਕਿਆਂ ਬਾਰੇ ਸੋਚਣ ਦੀ ਜ਼ਰੂਰਤ ਹੈ, ਜਿਨ੍ਹਾਂ ਦੀਆਂ ਵੋਟਾਂ ਨਾਲ ਉਹ ਸੱਤਾ 'ਚ ਹੈ | ਭਵਿੱਖ 'ਚ ਬਹੁਤ ਮੁਸ਼ਕਿਲ ਆ ਸਕਦੀ ਹੈ, ਗਰੀਬ ਸੱਚਮੁੱਚ ਬਹੁਤ ਦੁਖੀ ਹਨ | ਹੁਣ ਅੰਕੜਿਆਂ ਦੇ ਜੋੜ-ਤੋੜ ਨਾਲ ਕੰਮ ਨਹੀਂ ਚੱਲੇਗਾ |
 

ashutosh83b@gmail.com

Ad Position 22
No active advertisement
ਪਿਛਲੀ ਖ਼ਬਰ ਭਾਰਤ-ਨਿਪਾਲ ਦੋਸਤੀ ਅਗਲੀ ਖ਼ਬਰ ਮਨੁੱਖਤਾ, ਬਰਾਬਰੀ ਤੇ ਸੱਚ ਦੇ ਰਹਿਬਰ : ਗੁਰੂ ਨਾਨਕ ਦੇਵ ਜੀ
Ad Position 24