29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-10-2026

ਮਨੁੱਖ ਦੀ ਨਵੀਂ ਜੀਵਨ-ਰੇਖਾ ਬਣ ਗਿਆ ਹੈ ਇੰਟਰਨੈੱਟ

ਮਨੁੱਖ ਦੀ ਨਵੀਂ ਜੀਵਨ-ਰੇਖਾ ਬਣ ਗਿਆ ਹੈ ਇੰਟਰਨੈੱਟ

Ad Position 21
No active advertisement
ਅਜੀਤ ਡੈਸਕ 29-10-2026

ਅਜੋਕਾ ਯੁੱਗ ਵਿਗਿਆਨ ਤੇ ਤਕਨੀਕ ਦੀ ਬੇਮਿਸਾਲ ਤਰੱਕੀ ਦਾ ਯੁੱਗ ਹੈ | ਇੰਟਰਨੈੱਟ ਨੇ ਮਨੁੱਖੀ ਜੀਵਨ ਨੂੰ  ਅਜਿਹੀ ਰਫ਼ਤਾਰ ਤੇ ਸਹੂਲਤ ਦਿੱਤੀ ਹੈ, ਜਿਸ ਦੀ ਕੁਝ ਦਹਾਕੇ ਪਹਿਲਾਂ ਕਲਪਨਾ ਕਰਨੀ ਵੀ ਮੁਸ਼ਕਿਲ ਸੀ | ਸੂਰਜ ਚੜ੍ਹਨ ਤੋਂ ਲੈ ਕੇ ਰਾਤ ਤੱਕ ਸਾਡੀ ਰੋਜ਼ਾਨਾ ਜ਼ਿੰਦਗੀ ਦਾ ਹਰ ਪਹਿਲੂ ਸਿੱਖਿਆ, ਕਾਰੋਬਾਰ, ਬੈਂਕਿੰਗ, ਮਨੋਰੰਜਨ ਤੇ ਆਪਸੀ ਸੰਚਾਰ ਡਿਜੀਟਲ ਤਾਣੇ-ਬਾਣੇ ਨਾਲ ਜੁੜਿਆ ਹੋਇਆ ਹੈ | ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਤੱਕ ਜਿਸ ਇੰਟਰਨੈੱਟ ਨੂੰ  ਕੇਵਲ ਜਾਣਕਾਰੀ ਪ੍ਰਾਪਤ ਕਰਨ ਜਾਂ ਸੰਚਾਰ ਦਾ ਇਕ ਸਾਧਨ ਮੰਨਿਆ ਜਾਂਦਾ ਸੀ, ਉਹ ਹੁਣ ਸਾਡੇ ਸਾਹ ਲੈਣ ਜਿੰਨਾ ਹੀ ਜ਼ਰੂਰੀ ਤੇ ਅਟੁੱਟ ਅੰਗ ਬਣ ਗਿਆ ਹੈ | ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਮÏਜੂਦਾ ਸਮੇਂ ਇੰਟਰਨੈੱਟ ਆਧੁਨਿਕ ਮਨੁੱਖ ਦੀ ਨਵੀਂ ਜੀਵਨ-ਰੇਖਾ ਬਣ ਚੁੱਕਾ ਹੈ | ਇਕ ਸਮਾਂ ਸੀ ਜਦੋਂ ਮਨੁੱਖ ਦੀ ਸਵੇਰ ਕੁਦਰਤ ਦੇ ਨਿਯਮਾਂ ਅਨੁਸਾਰ ਹੁੰਦੀ ਸੀ ਪੰਛੀਆਂ ਦੇ ਚਹਿਕਣ, ਸੂਰਜ ਦੀ ਪਹਿਲੀ ਕਿਰਨ ਜਾਂ ਕਿਸੇ ਪਰਿਵਾਰਕ ਮੈਂਬਰਾਂ ਦੀ ਆਵਾਜ਼ ਨਾਲ ਦਿਨ ਦੀ ਸ਼ੁਰੂਆਤ ਹੁੰਦੀ ਸੀ | ਪਰ ਅੱਜ ਜ਼ਿਆਦਾਤਰ ਲੋਕਾਂ ਦੀ ਅੱਖ ਸਮਾਰਟ ਫ਼ੋਨ ਦੇ ਅਲਾਰਮ ਨਾਲ ਖੁੱਲ੍ਹਦੀ ਹੈ | ਅਲਾਰਮ ਬੰਦ ਕਰਨ ਦੇ ਨਾਲ ਹੀ ਹੱਥ ਆਪਣੇ-ਆਪ ਵਟਸਐਪ, ਇੰਸਟਾਗ੍ਰਾਮ, ਫੇਸਬੁਕ ਜਾਂ ਈਮੇਲ ਨੋਟੀਫਿਕੇਸ਼ਨਾਂ ਵੱਲ ਵਧ ਜਾਂਦਾ ਹੈ |

ਸਿੱਖਿਆ ਆਨਲਾਈਨ ਕਲਾਸਾਂ, ਡਿਜੀਟਲ ਲਾਇਬ੍ਰੇਰੀਆਂ ਤੇ ਖੋਜ ਸਰੋਤਾਂ ਰਾਹੀਂ ਬਦਲ ਗਈ ਹੈ, ਜਿਸ ਨਾਲ ਕਿਤੇ ਵੀ, ਕਦੇ ਵੀ ਸਿੱਖਣਾ ਸੰਭਵ ਹੋ ਗਿਆ ਹੈ | ਕੰਮਕਾਜ਼ੀ ਜੀਵਨ 'ਚ ਇੰਟਰਨੈੱਟ ਰਿਮੋਟ ਵਰਕ ਤੇ ਵਰਚੁਅਲ ਮੀਟਿੰਗਾਂ ਦੀ ਸਹੂਲਤ ਦਿੰਦਾ ਹੈ | ਵਪਾਰੀ ਇਸ ਨੂੰ  ਈ-ਕਾਮਰਸ, ਮਾਰਕੀਟਿੰਗ ਤੇ ਕੰਮਕਾਜ ਸੰਭਾਲਣ ਲਈ ਵਰਤਦੇ ਹਨ | ਬੈਂਕਿੰਗ, ਖਰੀਦਦਾਰੀ ਤੇ ਸਰਕਾਰੀ ਸੇਵਾਵਾਂ ਹੁਣ ਸਿਰਫ਼ ਇਕ ਕਲਿਕ 'ਤੇ ਉਪਲਬਧ ਹਨ | ਸੋਸ਼ਲ ਮੀਡੀਆ ਰਾਹੀਂ ਸਮਾਜਿਕ ਤÏਰ 'ਤੇ ਇੰਟਰਨੈੱਟ ਸਾਨੂੰ ਆਪਣੇ ਦੋਸਤਾਂ-ਮਿੱਤਰਾਂ ਤੇ ਹੋਰ ਦੁਨੀਆ ਨਾਲ ਜੋੜੀ ਰੱਖਦਾ ਹੈ ਤੇ ਇਹ ਮਨੋਰੰਜਨ ਦਾ ਸਰੋਤ ਵੀ ਹੈ, ਰਚਨਾਤਮਕ ਸਮੱਗਰੀ ਵੀ ਉਪਲਬਧ ਕਰਾਉਂਦਾ ਹੈ | ਸਿਹਤ ਖੇਤਰ 'ਚ ਵੀ ਟੈਲੀਮੈਡੀਸਨ, ਆਨਲਾਈਨ ਸਲਾਹ ਤੇ ਡਿਜੀਟਲ ਹੈਲਥ ਰਿਕਾਰਡਜ਼ ਦੀ ਸਹੂਲਤ ਸਾਡੇ ਤੱਕ ਪਹੁੰਚ ਚੁੱਕੀ ਹੈ | 'ਇੰਟਰਨੈੱਟ ਆਫ ਥਿੰਗਸ' ਇੰਟਰਨੈੱਟ ਨੂੰ  ਨਵੇਂ ਮੁਕਾਮ ਪ੍ਰਦਾਨ ਕਰ ਰਿਹਾ ਹੈ | ਸੌਖੇ ਸ਼ਬਦਾਂ 'ਚ ਇਹ ਅਸਲ 'ਚ ਕਿਸੇ ਵੀ ਉਪਕਰਨ ਨੂੰ  ਇੰਟਰਨੈੱਟ ਰਾਹੀਂ ਚਾਲੂ ਤੇ ਬੰਦ ਕਰਨ ਨਾਲ ਜੋੜਨ ਦਾ ਸੰਕਲਪ ਹੈ | ਇਸ 'ਚ ਮੋਬਾਈਲ, ਕੈਮਰੇ, ਸੈਂਸਰ, ਅਲਾਰਮ, ਲਾਈਟਾਂ ਜਾਂ ਹੋਰ ਸਮਾਰਟ ਡਿਵਾਈਸਜ਼ ਜੋੜੇ ਜਾ ਸਕਦੇ ਹਨ | ਇੰਟਰਨੈੱਟ ਦੁਨੀਆ ਭਰ ਦੇ ਕਰੋੜਾਂ ਕੰਪਿਊਟਰਾਂ ਤੇ ਡਿਵਾਈਸਜ਼ ਨੂੰ  ਤਾਰਾਂ, ਸੈਟੇਲਾਈਟ ਤੇ ਵਾਇਰਲੈਸ ਸਿਗਨਲਾਂ ਰਾਹੀਂ ਜੋੜਦਾ ਹੈ | ਇਸ ਨੂੰ  ਮਨੁੱਖੀ ਇਤਿਹਾਸ ਦੀ ਸਭ ਤੋਂ ਅਹਿਮ ਕਾਢ ਵੀ ਮੰਨਿਆ ਜਾ ਰਿਹਾ ਹੈ |
29 ਅਕਤੂਬਰ, 1969 ਦੀ ਰਾਤ 10:30 ਵਜੇ ਡਿਜੀਟਲ ਸੰਚਾਰ ਦੇ ਇਤਿਹਾਸ 'ਚ ਇਕ ਨਵਾਂ ਅਧਿਆਏ ਲਿਖਿਆ ਗਿਆ | ਅਰਪਾਨੈੱਟ ਪ੍ਰੋਜੈਕਟ ਰਾਹੀਂ ਪਹਿਲਾ ਸੁਨੇਹਾ ਲਾਸ ਏਾਜਲਸ ਦੀ ਕੈਲੀਫੋਰਨੀਆ ਯੂਨੀਵਰਸਿਟੀ 'ਚ ਸਥਿਤ ਪ੍ਰੋਫੈਸਰ ਲਿਓਨਾਰਡ ਕਲੈਨਰੌਕ ਦੇ ਕੰਪਿਊਟਰ ਤੋਂ ਵਿਦਿਆਰਥੀ ਪ੍ਰੋਗਰਾਮਰ ਚਾਰਲੀ ਕਲਾਈਨ ਦੁਆਰਾ ਭੇਜਿਆ ਗਿਆ ਸੀ | ਇਹ ਸੁਨੇਹਾ ਮੇਨਲੋ ਪਾਰਕ, ਕੈਲੀਫੋਰਨੀਆ ਸਥਿਤ 'ਸਟੈਨਫੋਰਡ ਰਿਸਰਚ ਇੰਸਟੀਚਿਊਟ' ਦੇ ਦੂਜੇ ਨੋਡ (ਕੰਪਿਊਟਰ) ਵੱਲ ਭੇਜਿਆ ਗਿਆ ਸੀ | ਹਾਲਾਂਕਿ ਇਹ ਇਤਿਹਾਸਕ ਸੁਨੇਹਾ ਪੂਰਾ ਨਾ ਭੇਜਿਆ ਜਾ ਸਕਿਆ ਤੇ ਨਿਰਧਾਰਤ ਸ਼ਬਦ 'ਲਾਗਇਨ' (login) ਦੀ ਥਾਂ ਸਿਰਫ਼ 'ਲਾ' (Lo) ਹੀ ਆਪਣੀ ਮੰਜ਼ਿਲ 'ਤੇ ਪੁੱਜਾ | ਲਗਪਗ ਇਕ ਘੰਟੇ ਬਾਅਦ ਤਕਨੀਕੀ ਖਰਾਬੀ ਸੁਧਾਰਨ ਉਪਰੰਤ ਲਾਗਇਨ ਪ੍ਰਕਿਰਿਆ ਸਫਲਤਾਪੂਰਵਕ ਨੇਪਰੇ ਚੜ੍ਹੀ | ਇਸ ਸੁਨੇਹੇ ਨੇ ਹੀ ਇੰਟਰਨੈੱਟ ਦੇ ਅਜੋਕੇ ਰੂਪ ਦੀ ਸੁਨਹਿਰੀ ਨੀਂਹ ਰੱਖੀ ਸੀ | ਇਸ ਘਟਨਾ ਨੂੰ  ਯਾਦ ਕਰਨ ਲਈ 29 ਅਕਤੂਬਰ, 2005 ਨੂੰ  ਪਹਿਲੀ ਵਾਰ ਕੌਮਾਂਤਰੀ ਇੰਟਰਨੈੱਟ ਦਿਵਸ ਮਨਾਇਆ ਗਿਆ ਸੀ | ਇਕ ਰਿਪੋਰਟ ਅਨੁਸਾਰ ਅਪ੍ਰੈਲ 2026 ਤੱਕ ਦੁਨੀਆ ਭਰ 'ਚ ਕੁੱਲ 6.12 ਅਰਬ ਲੋਕ ਇੰਟਰਨੈੱਟ ਦੀ ਵਰਤੋਂ ਕਰ ਰਹੇ ਸਨ, ਜੋ ਦੁਨੀਆ ਦੀ ਕੁੱਲ ਆਬਾਦੀ ਦਾ 73.8 ਫ਼ੀਸਦੀ ਹੈ |
ਪਰ ਇਸ ਬਦਲਾਅ ਨੇ ਸਾਡੇ ਪਾਰੰਪਰਿਕ ਸਮਾਜਿਕ ਤਾਣੇ-ਬਾਣੇ ਨੂੰ  ਡੂੰਘੀ ਸੱਟ ਵੀ ਮਾਰੀ ਹੈ | ਬੱਚੇ ਜੋ ਕਦੇ ਬਾਹਰ ਮੈਦਾਨਾਂ 'ਚ ਖੇਡਦੇ ਸਨ, ਹੁਣ ਵੀਡੀਓ ਗੇਮਾਂ ਅਤੇ ਯੂਟਿਊਬ ਦੇ ਬੰਦੀ ਬਣ ਚੁੱਕੇ ਹਨ | ਬਜ਼ੁਰਗ ਜੋ ਘਰਾਂ 'ਚ ਗੱਲਬਾਤ ਦੇ ਕੇਂਦਰ ਹੁੰਦੇ ਸਨ, ਅੱਜ ਇਕੱਲਾਪਣ ਮਹਿਸੂਸ ਕਰ ਰਹੇ ਹਨ | ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਜਦੋਂ ਰਾਤ ਨੂੰ  ਮਨੁੱਖ ਨੂੰ  ਸਰੀਰਕ ਤੇ ਮਾਨਸਿਕ ਆਰਾਮ ਦੀ ਲੋੜ ਹੁੰਦੀ ਹੈ, ਉਦੋਂ ਵੀ ਇੰਟਰਨੈੱਟ ਉਸ ਦਾ ਪਿੱਛਾ ਨਹੀਂ ਛੱਡਦਾ | 'ਬੱਸ ਦਸ ਮਿੰਟ ਫ਼ੋਨ ਦੇਖ ਕੇ ਸੌਂ ਜਾਵਾਂਗਾ', ਇਹ ਜੁਮਲਾ ਅੱਜ ਦੇ ਹਰ ਦੂਜੇ ਵਿਅਕਤੀ ਦਾ ਹੈ ਤੇ ਇਹ ਦਸ ਮਿੰਟ ਕਦੋਂ ਇਕ-ਦੋ ਘੰਟਿਆਂ 'ਚ ਬਦਲ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ | ਦਫ਼ਤਰਾਂ 'ਚ ਕੰਮ ਕਰਨ ਵਾਲਿਆਂ ਲਈ ਇੰਟਰਨੈੱਟ ਤੋਂ ਬਿਨਾਂ ਕੰਮ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਜਿੱਥੇ ਇੰਟਰਨੈੱਟ ਬਹੁਪੱਖੀ ਸੇਵਾਵਾਂ ਪ੍ਰਦਾਨ ਕਰਦਾ ਹੈ, ਉੱਥੇ ਹੀ ਮੌਜੂਦਾ ਸਮੇਂ ਸਾਈਬਰ ਧੋਖਾਧੜੀ, ਪ੍ਰੋਨੋਗ੍ਰਾਫੀ, ਗ਼ੈਰ-ਕਾਨੂੰਨੀ ਲੈਣ-ਦੇਣ, ਪਾਇਰੇਸੀ, ਹੈਕਿੰਗ, ਨਾਜਾਇਜ਼ ਹਥਿਆਰਾਂ, ਨਸ਼ਾ ਤੇ ਮਨੁੱਖੀ ਤਸਕਰੀ ਵਰਗੇ ਗ਼ੈਰ-ਕਾਨੂੰਨੀ ਕੰਮਾਂ ਲਈ ਵੀ ਇਸ ਦੀ ਵਰਤੋਂ ਵੱਖ-ਵੱਖ ਦੇਸ਼ਾਂ ਲਈ ਵੱਡੀ ਚੁਣੌਤੀ ਬਣ ਗਈ ਹੈ | ਇਕ ਦੇਸ਼ ਦੇ ਖੁਫ਼ੀਆ ਵਿਭਾਗ ਵਲੋਂ ਦੂਜੇ ਦੇਸ਼ ਦੀ ਸੁਰੱਖਿਆ ਤੋੜਨ ਲਈ ਉਸ ਦੇਸ਼ ਦੇ ਖੁਫ਼ੀਆ ਵਿਭਾਗ ਦੇ ਸਰਵਰ 'ਤੇ ਸਾਈਬਰ ਹਮਲਿਆਂ ਦੀ ਕੋਸ਼ਿਸ਼ ਹੁੰਦੀ ਰਹਿੰਦੀ ਹੈ |
ਜ਼ਿਕਰਯੋਗ ਹੈ ਕਿ ਇੰਟਰਨੈੱਟ ਦੇ ਜਿਸ ਰੂਪ ਦੀ ਵਰਤੋ ਆਮ ਵਰਤੋਕਾਰ ਕਰਦਾ ਹੈ, ਉਸ ਨੂੰ  ਸਰਫੇਸ ਇੰਟਰਨੈੱਟ (ਵਿਜ਼ਿਬਲ ਵੈੱਬ) ਕਹਿੰਦੇ ਹਨ | ਇਹ ਜਾਣ ਕੇ ਹੈਰਾਨੀ ਹੁੰਦੀ ਹੈ ਕਿ ਇਹ ਪੂਰੇ ਇੰਟਰਨੈੱਟ ਜਗਤ ਦਾ ਸਿਫ਼ਰ 5 ਫ਼ੀਸਦੀ ਹਿੱਸਾ ਹੈ | ਇਸ ਦੇ ਦੋ ਵੱਡੇ ਰੂਪ ਡੀਪ ਵੈੱਬ (ਲੁਕਿਆ ਹੋਇਆ ਇੰਟਰਨੈੱਟ) ਤੇ ਡਾਰਕ ਵੈੱਬ (ਅਦਿੱਸ ਇੰਟਰਨੈੱਟ) ਹਨ | ਇਹ ਵਰਲਡ ਵਾਈਡ ਵੈੱਬ (ਡਬਲਿਊ ਡਬਲਿਊ ਡਬਲਿਊ) ਦੇ ਉਹ ਹਿੱਸੇ ਹਨ, ਜਿਨ੍ਹਾਂ ਦੀ ਸਮੱਗਰੀ ਨੂੰ  ਸਟੈਂਡਰਡ ਵੈੱਬ ਸਰਚ ਇੰਜਨਾਂ ਦੁਆਰਾ ਇੰਡੈਕਸ ਨਹੀਂ ਕੀਤਾ ਜਾਂਦਾ | ਡਾਰਕ ਵੈੱਬ ਐਨਕ੍ਰਿਪਟਡ ਆਨਲਾਈਨ ਸਮੱਗਰੀ ਦਾ ਉਹ ਵੱਡਾ ਭਾਗ ਹੈ, ਜੋ ਰਵਾਇਤੀ ਸਰਚ ਇੰਜਨਾਂ ਦੁਆਰਾ ਸੂਚੀਬੱਧ ਨਹੀਂ ਹੁੰਦਾ | ਇਸ ਨੂੰ  ਡਾਰਕਨੈੱਟ ਵਜੋਂ ਜਾਣਿਆ ਜਾਂਦਾ ਹੈ | 'ਟੌਰ' ਵਰਗੇ ਖ਼ਾਸ ਬ੍ਰਾਊਜ਼ਰ ਦੀ ਵਰਤੋ ਕਰਕੇ ਡਾਰਕ ਵੈੱਬਸਾਈਟਾਂ ਤੱਕ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ, ਜਿਸ 'ਚ ਗ਼ੈਰ-ਕਾਨੂੰਨੀ ਲੈਣ-ਦੇਣ, ਨਸ਼ਿਆਂ ਲਈ ਆਨਲਾਈਨ ਮਾਰਕਿਟ ਪਲੇਸ, ਚੋਰੀ ਹੋਏ ਵਿੱਤੀ ਤੇ ਪ੍ਰਾਈਵੇਟ ਡਾਟੇ ਦਾ ਆਦਾਨ-ਪ੍ਰਦਾਨ ਅਤੇ ਹੋਰ ਗ਼ੈਰ-ਕਾਨੂੰਨੀ ਸਮੱਗਰੀ ਸ਼ਾਮਿਲ ਹੁੰਦੀ ਹੈ | ਇੰਟਰਨੈੱਟ 'ਤੇ ਮਿਲਦੀ ਜਾਣਕਾਰੀ ਹਮੇਸ਼ਾ ਸੱਚ ਵੀ ਨਹੀਂ ਹੁੰਦੀ, ਅਫਵਾਹਾਂ, ਝੂਠੀਆਂ ਖ਼ਬਰਾਂ, ਹੈਕਿੰਗ ਮੌਜੂਦਾ ਸਮੇਂ ਸਭ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ |
ਇਸ ਸਭ ਦੇ ਬਾਵਜੂਦ ਇੰਟਰਨੈੱਟ ਸੂਚਨਾ ਵਹਾਅ ਦਾ ਧੁਰਾ ਬਣਿਆ ਹੋਇਆ ਹੈ | ਇੰਟਰਨੈੱਟਬੰਦੀ ਹਮੇਸ਼ਾ ਮਨੁੱਖੀ ਅਧਿਕਾਰਾਂ 'ਤੇ ਹਮਲਾ ਹੁੰਦੀ ਹੈ | ਜਦੋਂ ਲੋਕਾਂ ਦਾ ਸੰਪਰਕ ਟੁੱਟ ਜਾਂਦਾ ਹੈ, ਤਾਂ ਇਹ ਜੀਵਨ ਦੇ ਹਰ ਪੱਖ ਨੂੰ  ਪ੍ਰਭਾਵਿਤ ਕਰਦਾ ਹੈ, ਕੰਮ ਤੇ ਪੜ੍ਹਾਈ ਤੋਂ ਲੈ ਕੇ ਡਾਕਟਰੀ ਦੇਖਭਾਲ ਤੇ ਬੈਂਕਿੰਗ ਤੱਕ | ਇੰਟਰਨੈੱਟਬੰਦੀ ਪੱਤਰਕਾਰੀ ਨੂੰ  ਰੋਕਦੀ ਹੈ, ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਅਤੇ ਭਾਈਚਾਰਕ ਇਕੱਠਾਂ ਨੂੰ  ਸੀਮਤ ਕਰਦੀ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦਸਤਾਵੇਜ਼ੀਕਰਨ ਨੂੰ  ਰੋਕਦੀ ਹੈ | ਸੰਘਰਸ਼ ਤੇ ਸੰਕਟ ਦੇ ਸਮੇਂ ਇਹ ਲੋਕਾਂ ਨੂੰ  ਜਾਨ ਬਚਾਉਣ ਵਾਲੀ ਜਾਣਕਾਰੀ ਅਤੇ ਮਾਨਵਤਾਵਾਦੀ ਸਹਾਇਤਾ ਪ੍ਰਾਪਤ ਕਰਨ ਤੋਂ ਰੋਕਦੀ ਹੈ, ਜਦਕਿ ਸਰਕਾਰਾਂ ਇੰਟਰਨੈੱਟਬੰਦੀ ਨੂੰ  ਵਿਰੋਧ ਪ੍ਰਦਰਸ਼ਨਾਂ ਦੌਰਾਨ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਦੱਸਦੀਆਂ ਹਨ | ਅੰਤ 'ਚ ਇਹੀ ਕਿਹਾ ਜਾ ਸਕਦਾ ਹੈ ਕਿ ਇੰਟਰਨੈੱਟ ਹੁਣ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਰਿਹਾ, ਇਹ ਆਧੁਨਿਕ ਸਮਾਜ ਦੀ ਰੀੜ੍ਹ ਦੀ ਹੱਡੀ ਬਣ ਚੁੱਕਾ ਹੈ, ਜਿਸ ਤੋਂ ਬਿਨਾਂ ਵਿਕਾਸ ਦੀ ਕਲਪਨਾ ਕਰਨੀ ਵੀ ਮੁਸ਼ਕਿਲ ਹੈ |

-ਕੰਪਿਊਟਰ ਅਧਿਆਪਕ, ਸ.ਹ.ਸ. ਲਕਸੀਹਾਂ, ਹੁਸ਼ਿਆਰਪੁਰ |
ਮੋਬਾਈਲ : 94655-76022

Ad Position 22
No active advertisement
ਪਿਛਲੀ ਖ਼ਬਰ ਦਰਿਆਈ ਪਾਣੀਆਂ ਸੰਬੰਧੀ ਇਨਸਾਫ਼ ਲਈ ਲੜਨਾ ਪਵੇਗਾ ਅਗਲੀ ਖ਼ਬਰ ਸ੍ਰੀਮਤੀ ਜੀ ਪ੍ਰਾ0!
Ad Position 24