27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਦਿਲ ਮਿਲੇ ਯਾ ਨਾ ਮਿਲੇ ਹਾਥ ਮਿਲਾਤੇ ਰਹੀਏ

ਦਿਲ ਮਿਲੇ ਯਾ ਨਾ ਮਿਲੇ ਹਾਥ ਮਿਲਾਤੇ ਰਹੀਏ

Ad Position 21
No active advertisement
ਅਜੀਤ ਡੈਸਕ 27-09-2026

ਪਿਛਲੇ ਦਿਨੀਂ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅਮਰੀਕਾ ਦੀ ਯਾਤਰਾ ਦੀ ਦੁਨੀਆ ਭਰ ਵਿਚ ਚਰਚਾ ਰਹੀ ਹੈ | ਇਸ ਲਈ ਵੀ ਕਿ ਸ਼ੀ ਜਿਨਪਿੰਗ 11 ਸਾਲਾਂ ਬਾਅਦ ਅਮਰੀਕਾ ਗਏ ਹਨ, ਇਸ ਲਈ ਵੀ ਕਿ ਅੱਜ ਦੋਵੇਂ ਦੇਸ਼ ਦੁਨੀਆ ਦੀ ਵੱਡੀ ਅਰਥ ਵਿਵਸਥਾ ਹਨ, ਇਸ ਲਈ ਵੀ ਕਿ ਟਰੰਪ ਨੇ ਪਿਛਲੇ ਸਾਲ 90 ਦੇਸ਼ਾਂ 'ਤੇ ਟੈਰਿਫ ਲਗਾਇਆ, ਜਿਸ ਵਿਚ ਭਾਰਤ ਅਤੇ ਚੀਨ ਵੀ ਸ਼ਾਮਿਲ ਸਨ | ਚੀਨ ਨੇ ਵੀ ਜਵਾਬ ਵਿਚ ਟੈਰਿਫ਼ ਲਗਾਏ, ਇਸ ਲੜਾਈ ਵਿਚ ਦੋਹਾਂ ਦੇਸ਼ਾਂ ਦਾ ਹੀ ਵੱਡਾ ਨੁਕਸਾਨ ਹੋਇਆ | ਚਾਹੇ ਬਾਅਦ ਵਿਚ ਟਰੰਪ ਨੇ ਆਪਣੇ ਲਗਾਏ ਟੈਰਿਫ਼ਾਂ ਵਿਚ ਸੁਧਾਈ ਕਰ ਲਈ ਸੀ, ਪਰ ਪਿਛਲੇ ਦਿਨੀਂ ਉਨ੍ਹਾਂ ਨੇ ਅਮਰੀਕੀ ਸੰਸਦ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਟੈਰਿਫ਼ ਲਗਾਉਣ ਦੇ ਅਧਿਕਾਰ ਮੁੜ ਹਾਸਿਲ ਕਰ ਲਏ ਹਨ |

ਦੋਵੇਂ ਦੇਸ਼ ਅਕਸਰ ਇਕ-ਦੂਸਰੇ ਨਾਲ ਟਕਰਾਅ ਦੀ ਸਥਿਤੀ ਵਿਚ ਰਹਿੰਦੇ ਹਨ ਪਰ ਦੋਹਾਂ ਦੇਸ਼ਾਂ ਦੇ ਇਸ ਸੰਮੇਲਨ ਤੋਂ ਬਾਅਦ ਟਕਰਾਅ ਦੀ ਸਥਿਤੀ ਹਾਲ ਦੀ ਘੜੀ ਟਲ ਜਾਣ ਦੀ ਸੰਭਾਵਨਾ ਬਣੀ ਨਜ਼ਰ ਆਉਂਦੀ ਹੈ | ਦੋਹਾਂ ਹੀ ਰਾਸ਼ਟਰਪਤੀਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਹ ਬਹੁਤੇ ਖੇਤਰਾਂ ਵਿਚ ਇਕ-ਦੂਸਰੇ ਨਾਲ ਟਕਰਾਅ ਦੀ ਬਜਾਏ ਉਸਾਰੂ ਮੁਕਾਬਲੇਬਾਜ਼ੀ ਦੀ ਭਾਵਨਾ ਨਾਲ ਅੱਗੇ ਵਧਣਗੇ | ਅਮਰੀਕਾ ਨੂੰ  ਚੀਨ ਤੋਂ ਦੁਰਲੱਭ ਖਣਿਜਾਂ ਦੀ ਜ਼ਰੂਰਤ ਹੈ | ਆਪਣੀਆਂ ਕਾਰਾਂ, ਹਥਿਆਰ, ਹਵਾਬਾਜ਼ੀ ਅਤੇ ਇਲੈੱਕਟ੍ਰੋਨਿਕ ਵਸਤਾਂ ਦੇ ਉਤਪਾਦਨ ਵਿਚ ਇਨ੍ਹਾਂ ਦੁਰਲਭ ਖਣਿਜਾਂ ਦੀ ਵੱਡੀ ਜ਼ਰੂਰਤ ਹੈ | ਅਮਰੀਕਾ 70 ਫ਼ੀਸਦੀ ਦੇ ਲਗਭਗ ਅਜਿਹੇ ਦੁਰਲੱਭ ਖਣਿਜ ਚੀਨ ਤੋਂ ਮੰਗਵਾਉਂਦਾ ਹੈ | ਦੋਹਾਂ ਦੇਸ਼ਾਂ ਦਾ ਵਪਾਰ ਤਕਰੀਬਨ 30 ਅਰਬ ਡਾਲਰ ਦਾ ਹੈ | ਜੇਕਰ ਦੋਹਾਂ ਵਿਚ ਸਦਭਾਵਨਾ ਜਾਰੀ ਰਹਿੰਦੀ ਹੈ ਤਾਂ ਇਨ੍ਹਾਂ ਦੇ ਆਪਸੀ ਵਪਾਰ ਵਿਚ ਵੀ ਵੱਡਾ ਵਾਧਾ ਹੋਣ ਦੀ ਸੰਭਾਵਨਾ ਹੈ | ਚਾਹੇ ਇਸ ਯਾਤਰਾ ਦੌਰਾਨ ਚੀਨੀ ਰਾਸ਼ਟਰਪਤੀ ਦੀ ਬੇਹੱਦ ਆਓ-ਭਗਤ ਕੀਤੀ ਗਈ | ਟਰੰਪ ਆਪ ਉਨ੍ਹਾਂ ਨੂੰ  ਲੈਣ ਲਈ ਹਵਾਈ ਅੱਡੇ 'ਤੇ ਪਹੁੰਚੇ ਅਤੇ ਉਨ੍ਹਾਂ ਦੇ ਮਾਣ ਵਿਚ ਸ਼ਾਹੀ ਦਾਅਵਤਾਂ ਦਾ ਪ੍ਰਬੰਧ ਵੀ ਕੀਤਾ ਗਿਆ, ਪਰ ਅਜਿਹਾ ਸਭ ਕੁਝ ਹੋਣ ਦੇ ਬਾਵਜੂਦ ਦੋਹਾਂ ਦੇਸ਼ਾਂ ਵਿਚ ਅਮਲੀ ਰੂਪ ਵਿਚ ਕੋਈ ਆਪਸੀ ਵੱਡੇ ਸਮਝੌਤੇ ਨਹੀਂ ਹੋਏ | ਪਰ ਉਸਾਰੂ ਮਿਲਵਰਤਣ ਨਾਲ ਜਿਥੇ ਦੋਹਾਂ ਦੇ ਵਪਾਰ ਵਿਚ ਵਾਧਾ ਹੋ ਸਕਦਾ ਹੈ, ਉੱਥੇ ਤਕਨੀਕੀ ਆਦਾਨ-ਪ੍ਰਦਾਨ ਵੀ ਵਧ ਸਕਦਾ ਹੈ | ਚੀਨ, ਅਮਰੀਕਾ-ਈਰਾਨ ਯੁੱਧ ਵਿਚ ਵੀ ਕੋਈ ਚੰਗਾ ਰੋਲ ਅਦਾ ਕਰ ਸਕਦਾ ਹੈ | ਪਰ ਚੀਨ ਹਮੇਸ਼ਾ ਇਹ ਚਾਹੁੰਦਾ ਰਿਹਾ ਹੈ ਕਿ ਅਮਰੀਕਾ ਤਾਈਵਾਨ ਨੂੰ  ਫ਼ੌਜੀ ਮਦਦ ਦੇਣੀ ਬੰਦ ਕਰੇ, ਕਿਉਂਕਿ ਉਹ ਤਾਈਵਾਨ ਨੂੰ  ਆਪਣਾ ਹਿੱਸਾ ਸਮਝਦਾ ਹੈ | ਜਦੋਂ ਕਿ ਤਾਈਵਾਨ ਆਪਣੀ ਆਜ਼ਾਦ ਹਸਤੀ ਬਣਾਈ ਰੱਖਣ ਦਾ ਚਾਹਵਾਨ ਹੈ | ਇਸੇ ਲਈ ਅਮਰੀਕਾ ਉਸ ਨੂੰ  ਅਰਬਾਂ-ਖਰਬਾਂ ਡਾਲਰਾਂ ਦੇ ਹਥਿਆਰ ਵੇਚਦਾ ਰਿਹਾ ਹੈ | ਪਰ ਦੋਹਾਂ ਦੇਸ਼ਾਂ ਵਿਚਕਾਰ ਇਸ ਗੱਲ ਦਾ ਵੀ ਸਮਝੌਤਾ ਨਹੀਂ ਹੋ ਸਕਿਆ ਕਿ ਉਨ੍ਹਾਂ ਵਿਚਲੀ ਟੈਰਿਫ਼ ਦੀ ਲੜਾਈ ਕਿਸ ਤਰ੍ਹਾਂ ਖ਼ਤਮ ਹੋ ਸਕੇਗੀ | ਜੇਕਰ ਆਉਂਦੇ ਸਮੇਂ ਵਿਚ ਅਮਰੀਕਾ ਦੁਬਾਰਾ ਇਹ ਹਥਿਆਰ ਵਰਤਣ ਦਾ ਯਤਨ ਕਰਦਾ ਹੈ, ਤਾਂ ਇਸ ਟਕਰਾਅ ਦੇ ਦੁਬਾਰਾ ਸ਼ੁਰੂ ਹੋਣ ਦੀ ਸੰਭਾਵਨਾ ਹੈ |
ਮਸਨੂਈ ਬੁੱਧੀ ਦੇ ਖੇਤਰ ਵਿਚ ਦੋਵੇਂ ਹੀ ਦੇਸ਼ ਬੜੀ ਤੇਜ਼ੀ ਨਾਲ ਕੰਮ ਕਰ ਰਹੇ ਹਨ, ਪਰ ਇਹ ਸਮਝ ਅਜੇ ਉਤਪੰਨ ਹੋਣੀ ਬਾਕੀ ਹੈ ਕਿ ਇਸ ਨਵੀਂ ਤਕਨੀਕ ਦਾ ਇਸਤੇਮਾਲ ਕੌਮਾਂਤਰੀ ਪੱਧਰ 'ਤੇ ਮਨੁੱਖੀ ਸਮਾਜ ਦੀ ਬਿਹਤਰੀ ਲਈ ਕਿਵੇਂ ਕਰਨਾ ਹੈ? ਅਮਰੀਕੀ ਰਾਸ਼ਟਰਪਤੀ ਲਈ ਇਸ ਸਮੇਂ ਚੀਨ ਨਾਲ ਬਿਹਤਰ ਸੰਬੰਧ ਬਣਾਉਣੇ ਇਸ ਲਈ ਵੀ ਜ਼ਰੂਰੀ ਹਨ, ਕਿਉਂਕਿ ਆਉਂਦੇ ਨਵੰਬਰ ਵਿਚ ਅਮਰੀਕਾ ਵਿਚ ਮੱਧਕਾਲੀ ਚੋਣਾਂ ਹੋਣ ਜਾ ਰਹੀਆਂ ਹਨ | ਜੇਕਰ ਈਰਾਨ ਨਾਲ ਉਸ ਦੀ ਲੜਾਈ ਘਟਦੀ ਹੈ, ਆਪਸੀ ਸਹਿਯੋਗ ਨਾਲ ਅਮਰੀਕਾ ਵਿਚ ਜ਼ਰੂਰੀ ਵਸਤਾਂ ਦੀਆਂ ਬੇਹੱਦ ਵਧੀਆਂ ਕੀਮਤਾਂ ਵਿਚ ਕਮੀ ਆਉਂਦੀ ਹੈ ਅਤੇ ਅਮਰੀਕੀ ਕੰਪਨੀਆਂ ਮੁੜ ਚੀਨ ਵਿਚ ਆਪਣਾ ਸਰਮਾਇਆ ਲਗਵਾਉਣ ਵਿਚ ਸਫ਼ਲ ਹੁੰਦੀਆਂ ਹਨ, ਤਾਂ ਇਨ੍ਹਾਂ ਗੱਲਾਂ ਦਾ ਆਉਂਦੀਆਂ ਚੋਣਾਂ ਵਿਚ ਅਮਰੀਕੀ ਵੋਟਰਾਂ 'ਤੇ ਵੱਡਾ ਅਸਰ ਪੈਣ ਦੀ ਸੰਭਾਵਨਾ ਜ਼ਰੂਰ ਬਣ ਜਾਏਗੀ, ਪਰ ਕੀ ਇਸ ਦੇ ਬਾਵਜੂਦ ਦੋਵੇਂ ਦੇਸ਼ ਚਿਰਾਂ ਤੋਂ ਸਾਹਮਣੇ ਖੜ੍ਹੇ ਆਪਸੀ ਮਸਲਿਆਂ ਦਾ ਨੇੜ ਭਵਿੱਖ ਵਿਚ ਕੋਈ ਸੁਖਾਵਾਂ ਹੱਲ ਕੱਢਣ ਵਿਚ ਸਫ਼ਲ ਹੋ ਸਕਣਗੇ, ਇਸ ਬਾਰੇ ਸੰਸ਼ਿਆਂ ਦੇ ਅਜੇ ਵੀ ਰਹਿਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਝੂਠੇ ਵੀਜ਼ੇ ਅਤੇ ਨਕਲੀ ਆਫ਼ਰ ਲੈਟਰ ਦੇਣ ਵਾਲਿਆਂ ਦੀ ਦਿਓ ਜਾਣਕਾਰੀ- ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਭਗਤਾ ਭਾਈਕਾ ਵਿਖੇ ਜਨਤ... ਅਗਲੀ ਖ਼ਬਰ ਬੇਹੱਦ ਜ਼ਰੂਰੀ ਹੈ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਬਹਾਲ ਕਰਨਾ
Ad Position 24