ਹਫ਼ਤਾ ਭਰ ਪਹਿਲਾਂ 26 ਅਗਸਤ ਨੂੰ ਤਿੱਬਤ ਵਿਚ ਇਕ ਗਲੇਸ਼ੀਅਰ ਦੇ ਟੁੱਟਣ ਸਦਕਾ ਨਿਪਾਲ ਵਿਚ ਆਏ ਹੜ੍ਹਾਂ ਨਾਲ ਇਕਦਮ ਵੱਡੀ ਤਬਾਹੀ ਦਾ ਮੰਜ਼ਰ ਬਣ ਗਿਆ ਸੀ | ਹਾਲੇ ਪੂਰੇ ਨੁਕਸਾਨ ਦਾ ਜਾਇਜ਼ਾ ਲਿਆ ਜਾਣਾ ਤਾਂ ਮੁਸ਼ਕਿਲ ਹੈ ਪਰ ਮਿਲੀਆਂ ਰਿਪੋਰਟਾਂ ਅਨੁਸਾਰ ਉਥੇ ਬਹੁਤ ਸਾਰੀਆਂ ਇਮਾਰਤਾਂ ਤੇ ਕਈ ਪੁਲ ਨਸ਼ਟ ਹੋ ਗਏ ਹਨ | ਪੁਲ ਸਖ਼ਤ ਹੜ੍ਹ ਵਿਚ ਵਹਿ ਗਏ ਹਨ | ਹੁਣ ਤੱਕ ਹਜ਼ਾਰਾਂ ਹੀ ਮੌਤਾਂ ਹੋਣ ਦੀਆਂ ਅਤੇ ਵੱਡੀ ਗਿਣਤੀ ਵਿਚ 4000 ਤੋਂ ਵੀ ਵਧੇਰੇ ਲੋਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਹਨ | ਘੱਟੋ ਘੱਟ 4-5 ਬਿਜਲੀ ਪ੍ਰਾਜੈਕਟਾਂ ਵਿਚ ਪਾਣੀ ਭਰ ਗਿਆ ਹੈ | ਸੈਂਕੜੇ ਹੀ ਕਰਮਚਾਰੀ ਸੁਰੰਗਾਂ ਵਿਚ ਫਸ ਗਏ ਹਨ ਜਾਂ ਮਰ ਜਾ ਚੁੱਕੇ ਹਨ |
ਇਕਦਮ ਏਡੀ ਤਬਾਹੀ ਹੋਣ ਕਾਰਨ ਵੱਡੇ ਤੋਂ ਵੱਡੇ ਰਾਹਤ ਕਾਰਜ ਵੀ ਛੋਟੇ ਜਾਪਣ ਲੱਗੇ ਹਨ | 26 ਅਗਸਤ ਨੂੰ ਇਸ ਤਬਾਹੀ ਦੀ ਖ਼ਬਰ ਸੁਣ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਹਮਰੁਤਬਾ ਬਾਲੇਨ ਸ਼ਾਹ ਨਾਲ ਗੱਲ ਕੀਤੀ ਸੀ ਅਤੇ ਉਸੇ ਹੀ ਸਮੇਂ ਵੱਡੀ ਰਾਹਤ ਸਮੱਗਰੀ ਅਤੇ ਦਵਾਈਆਂ ਦੀਆਂ ਖੇਪਾਂ ਭੇਜਣ ਦਾ ਕੰਮ ਆਰੰਭਿਆ ਗਿਆ ਜੋ ਹੁਣ ਤੱਕ ਜਾਰੀ ਹੈ | ਬੁੱਧਵਾਰ ਨੂੰ ਪੰਜਵੀਂ ਵਾਰ 5 ਟਨ ਦੇ ਕਰੀਬ ਦਵਾਈਆਂ ਭੇਜੀਆਂ ਗਈਆਂ ਹਨ ਅਤੇ 11 ਮੈਂਬਰਾਂ ਦੀ ਇਕ ਬਚਾਓ ਕਾਰਜਾਂ ਵਿਚ ਨਿਪੰੁਨ ਟੀਮ ਵੀ ਭੇਜੀ ਗਈ ਹੈ | ਭਾਰਤ ਵਲੋਂ ਲਗਾਤਾਰ ਇਹ ਸਿਲਸਿਲਾ ਜਾਰੀ ਹੈ | ਬਾਲੇਨ ਸ਼ਾਹ ਨੇ ਇਸ ਲਈ ਭਾਰਤ ਦਾ ਧੰਨਵਾਦ ਵੀ ਕੀਤਾ ਹੈ | ਇਸ ਦੇ ਨਾਲ-ਨਾਲ ਭਾਰਤ ਦੇ ਬਹੁਤ ਸਾਰੇ ਸੰਗਠਨਾਂ ਅਤੇ ਸੁਸਾਇਟੀਆਂ ਨੇ ਵੀ ਆਪੋ-ਆਪਣੇ ਢੰਗ ਨਾਲ ਰਾਹਤ ਲਈ ਕਾਰਜ ਆਰੰਭ ਕਰ ਦਿੱਤੇ ਹਨ | ਸ਼੍ਰੋਮਣੀ ਕਮੇਟੀ ਦੀ ਇਕ ਪ੍ਰਤੀਨਿਧ ਟੀਮ ਨੇ ਉਥੇ ਪੁੱਜ ਕੇ ਜਾਇਜ਼ਾ ਲੈਂਦਿਆਂ ਰਾਹਤ ਸਮੱਗਰੀ ਭੇਜਣ ਦਾ ਬੀੜਾ ਉਠਾਇਆ ਹੈ | ਏਨੀ ਭਿਆਨਕ ਤਬਾਹੀ ਦੇ ਮੱਦੇਨਜ਼ਰ ਨਿਪਾਲ ਦੀ ਸਰਕਾਰ ਨੇ ਵੀ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਹਾਇਤਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ | ਉਸ ਨੇ ਕਿਹਾ ਹੈ ਕਿ ਇਸ ਕੰਮ ਵਿਚ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਲਈ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ, ਕਿਉਂਕਿ ਬਹੁਤ ਸਾਰੇ ਦੇਸ਼ਾਂ ਵਿਚ ਲੱਗੀਆਂ ਸਨਅਤਾਂ ਤੋਂ ਉਠਦੀਆਂ ਗੈਸਾਂ ਨੇ ਵੀ ਦੁਨਿਆਵੀ ਤਪਸ਼ ਨੂੰ ਵਧਾਇਆ ਹੈ, ਜਿਸ ਕਾਰਨ ਗਲੇਸ਼ੀਅਰ ਪਿਘਲਣ ਲੱਗੇ ਹਨ, ਜਿਨ੍ਹਾਂ ਨੇ ਵਾਤਾਵਰਨ ਸੰਤੁਲਨ ਨੂੰ ਗੜਬੜਾ ਦਿੱਤਾ ਹੈ | ਬਿਨਾਂ ਸ਼ੱਕ ਅੱਜ ਵਧਦੀ ਆਲਮੀ ਤਪਸ਼ ਨੇ ਬਹੁਤੇ ਦੇਸ਼ਾਂ ਨੂੰ ਫ਼ਿਕਰਮੰਦ ਕਰ ਦਿੱਤਾ ਹੈ, ਲਗਾਤਾਰ ਵਧਦੀਆਂ ਗ੍ਰੀਨ ਹਾਊਸ ਗੈਸਾਂ ਨੇ ਸਮੁੱਚੇ ਵਾਤਾਵਰਨ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਉਸ ਨਾਲ ਪੈਣ ਵਾਲੇ ਅਸਰਾਂ ਨੇ ਦੁਨੀਆ ਭਰ ਵਿਚ ਚਿੰਤਾ ਪੈਦਾ ਕੀਤੀ ਹੈ | ਇਸ ਨਾਲ ਬਹੁਤੀਆਂ ਥਾਵਾਂ ਤੇ ਪਹਾੜੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਦਾ ਜੀਵਨ ਵੀ ਅਨਿਸਚਿਤ ਅਤੇ ਅਸੁਰੱਖਿਅਤ ਬਣਦਾ ਜਾ ਰਿਹਾ ਹੈ |
ਨਿਪਾਲ ਭਾਰਤ ਦਾ ਨੇੜਲਾ ਗੁਆਂਢੀ ਦੇਸ਼ ਹੈ | ਸਦੀਆਂ ਤੋਂ ਇਸ ਦੇ ਭਾਰਤ ਨਾਲ ਅਟੁੱਟ ਸੰਬੰਧ ਬਣੇ ਰਹੇ ਹਨ | ਅੱਜ ਲੱਖਾਂ ਹੀ ਨਿਪਾਲੀ ਅਤੇ ਭਾਰਤੀ ਇਕ-ਦੂਸਰੇ ਦੇ ਦੇਸ਼ਾਂ ਵਿਚ ਰਹਿ ਰਹੇ ਹਨ ਅਤੇ ਇਨ੍ਹਾਂ ਦੇਸ਼ਾਂ ਵਿਚ ਵਸੇ ਹੋਏ ਹਨ | ਦੋਵਾਂ ਦੇਸ਼ਾਂ ਦੀਆਂ ਬਹੁਤ ਸਾਰੀਆਂ ਯੋਜਨਾਵਾਂ ਵੀ ਸਾਂਝੀਆਂ ਹਨ | ਭਾਰਤ ਅੱਜ ਅਨੇਕਾਂ ਨਿਪਾਲੀ ਪ੍ਰਾਜੈਕਟਾਂ ਨੂੰ ਸਿਰੇ ਚਾੜ੍ਹਨ ਵਿਚ ਵੱਡੀ ਮਦਦ ਕਰ ਰਿਹਾ ਹੈ | ਅਜਿਹੀ ਸੂਰਤ ਵਿਚ ਭਾਰਤ ਵਰਗੇ ਵਿਸ਼ਾਲ ਦੇਸ਼ ਦਾ ਇਹ ਫ਼ਰਜ਼ ਬਣ ਜਾਂਦਾ ਹੈ ਕਿ ਉਹ ਆਪਣੇ ਨੇੜਲੇ ਗੁਆਂਢੀ ਦੀ ਹਰ ਤਰ੍ਹਾਂ ਨਾਲ ਪੂਰੀ ਤਰ੍ਹਾਂ ਸਾਰ ਲਵੇ, ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਸਦਭਾਵਨਾ ਹੋਰ ਵੀ ਗੂੜ੍ਹੀ ਹੋ ਸਕੇ | ਕੋਰੋਨਾ ਮਹਾਂਮਾਰੀ ਦੇ ਸਮੇਂ ਵੀ ਭਾਰਤ ਨੇ ਬਾਖੂਬੀ ਅਜਿਹਾ ਰੋਲ ਨਿਭਾਇਆ ਸੀ ਅਤੇ ਵੱਡੀ ਮਾਤਰਾ ਵਿਚ ਕੋਰੋਨਾ ਦੇ ਟੀਕੇ ਅਤੇ ਦਵਾਈਆਂ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਨੂੰ ਭੇਜੀਆਂ ਸਨ, ਜਿਨ੍ਹਾਂ ਨੇ ਭਾਰਤ ਦੇ ਸੁਹਿਰਦ ਹੋਣ ਦੇ ਪ੍ਰਭਾਵ ਨੂੰ ਵਧਾਇਆ ਸੀ ਅਤੇ ਕੌਮਾਂਤਰੀ ਮੰਚ 'ਤੇ ਦੇਸ਼ ਦਾ ਕੱਦ-ਬੁੱਤ ਵੀ ਇਸ ਨਾਲ ਹੋਰ ਉੱਚਾ ਹੋਇਆ ਸੀ | ਅਜਿਹੀ ਸਦਭਾਵਨਾ ਦੀ ਕੜੀ ਦਾ ਲਗਾਤਾਰ ਬਣੇ ਰਹਿਣਾ ਜ਼ਰੂਰੀ ਹੈ, ਤਾਂ ਜੋ ਦੇਸ਼ ਦੀਆਂ ਕਦਰਾਂ-ਕੀਮਤਾਂ ਦੀ ਪਹਿਚਾਣ ਦੁਨੀਆ ਭਰ ਵਿਚ ਬਣ ਸਕੇ | ਜਿਥੋਂ ਤੱਕ ਨਿਪਾਲ ਦਾ ਸੰਬੰਧ ਹੈ, ਇਸ ਨਾਲ ਹਮੇਸ਼ਾ ਹੀ ਭਾਰਤ ਦੇ ਸੰਬੰਧ ਭਰਾਵਾਂ ਵਰਗੇ ਬਣੇ ਰਹੇ ਹਨ | ਅਜਿਹੇ ਮੁਸੀਬਤ ਦੇ ਸਮੇਂ ਇਸ ਕੜੀ ਦਾ ਹੋਰ ਵੀ ਮਜ਼ਬੂਤ ਹੋਣਾ ਬੇਹੱਦ ਜ਼ਰੂਰੀ ਹੈ |
-ਬਰਜਿੰਦਰ ਸਿੰਘ ਹਮਦਰਦ