28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਡੇਰਾ ਮੁਖੀ ਦੀ ਫਰਲੋ

ਡੇਰਾ ਮੁਖੀ ਦੀ ਫਰਲੋ

Ad Position 21
No active advertisement
ਅਜੀਤ ਡੈਸਕ 28-08-2026

ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ  ਪਿਛਲੇ ਦਿਨੀਂ ਇਕ ਵਾਰ ਫਿਰ ਮਿਲੀ ਫਰਲੋ ਦੀ ਵੱਡੀ ਪੱਧਰ 'ਤੇ ਚਰਚਾ ਹੋਈ ਹੈ | ਇਸ ਨੂੰ  ਵੱਖ-ਵੱਖ ਢੰਗ ਤਰੀਕਿਆਂ ਨਾਲ ਸਮਝਿਆ ਜਾ ਰਿਹਾ ਹੈ | ਚਰਚਾ ਦੇ ਨਾਲ-ਨਾਲ ਇਸ ਦੀ ਕਈ ਪੱਖਾਂ ਤੋਂ ਸਖ਼ਤ ਆਲੋਚਨਾ ਵੀ ਹੋਈ ਹੈ | ਡੇਰਾ ਮੁਖੀ ਨੂੰ  ਦੋ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਵਿਚ 28 ਅਗਸਤ, 2017 ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ 20 ਸਾਲ ਦੀ ਸਜ਼ਾ ਸੁਣਾਈ ਗਈ ਸੀ | ਇਸ ਦੇ ਨਾਲ-ਨਾਲ ਡੇਰਾ ਮੁਖੀ ਨੂੰ  ਦੋ ਹੋਰ ਗੰਭੀਰ ਜੁਰਮਾਂ ਤਹਿਤ ਦੋਵਾਂ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਸੀ | ਇਕ ਕੇਸ ਵਿਚ ਸਾਲ 2019 ਨੂੰ  ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਕਤਲ ਦੇ ਕੇਸ 'ਚ ਤੇ ਦੂਸਰੀ 2021 ਨੂੰ  ਸਿਰਸਾ ਡੇਰੇ ਦੇ ਹੀ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ 'ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ |
ਚਾਹੇ ਹੁਣ ਉਸ ਨੂੰ  ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਉਕਤ ਦੋਵਾਂ ਕੇਸਾਂ ਵਿਚ ਬਰੀ ਕਰ ਦਿੱਤਾ ਗਿਆ ਹੈ ਪਰ ਛਤਰਪਤੀ ਦੇ ਕਤਲ ਕੇਸ ਵਿਚ ਉਸ ਦੇ ਬੇਟੇ ਅੰਸ਼ੁਲ ਛਤਰਪਤੀ ਨੇ ਇਸ ਸੰਬੰਧੀ ਸੁਪਰੀਮ ਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਹੈ | ਡੇਰਾ ਮੁਖੀ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਅਜਿਹੀਆਂ ਪ੍ਰਕਿਰਿਆਵਾਂ ਸੰਬੰਧੀ ਪਹਿਲਾ ਸਵਾਲ ਕਾਨੂੰਨ ਅਤੇ ਨਿਆਂ ਬਾਰੇ ਇਹ ਉੱਠਦਾ ਹੈ ਕਿ, ਕੀ ਇਕ ਵੱਡੇ ਅਪਰਾਧਿਕ ਕੇਸ ਵਿਚ ਸਜ਼ਾ ਭੁਗਤ ਰਹੇ ਵਿਅਕਤੀ ਨੂੰ  ਵਾਰ-ਵਾਰ ਪੈਰੋਲ ਤੇ ਫਰਲੋ 'ਤੇ ਰਿਹਾਅ ਕਰਨਾ ਭਾਰਤੀ ਨਿਆਂ ਪ੍ਰਣਾਲੀ ਨਾਲ, ਸੰਬੰਧਿਤ ਸਰਕਾਰ ਵਲੋਂ ਕੀਤਾ ਜਾ ਰਿਹਾ ਇਕ ਕੋਝਾ ਮਜ਼ਾਕ ਨਹੀਂ ਹੈ? ਜਾਂ ਸਰਕਾਰ ਨੇ ਵਾਰ-ਵਾਰ ਅਜਿਹਾ ਕਰਕੇ ਕਾਨੂੰਨ ਦੇ ਸ਼ਾਸਨ ਨੂੰ  ਮਜ਼ਾਕ ਬਣਾ ਕੇ ਤਾਂ ਨਹੀਂ ਰੱਖ ਦਿੱਤਾ? ਉਦਾਹਰਨ ਲਈ ਡੇਰਾ ਮੁਖੀ ਨੂੰ  ਸਾਲ 2017 ਵਿਚ ਜਬਰ ਜਨਾਹ ਸੰਬੰਧੀ 20 ਸਾਲ ਦੀ ਕੈਦ ਸੁਣਾਈ ਗਈ ਸੀ | ਪਰ ਹੁਣ ਤੱਕ ਉਸ ਨੂੰ  17 ਵਾਰ ਜੇਲ੍ਹ 'ਚੋਂ ਪੈਰੋਲ ਜਾਂ ਫਰਲੋ ਦਿੱਤੀ ਗਈ ਹੈ | ਹਾਲਤ ਇਹ ਹੈ ਕਿ ਡੇਰਾ ਮੁਖੀ ਮਹੀਨੇ ਡੇਢ ਮਹੀਨੇ ਦੀ ਫਰਲੋ ਤੋਂ ਬਾਅਦ ਜਦੋਂ ਜੇਲ੍ਹ ਜਾਂਦਾ ਹੈ ਤਾਂ ਉਦੋਂ ਹੀ ਉਸ ਨੂੰ  ਮੁੜ ਪੈਰੋਲ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਂਦੀ ਹੈ | ਬਿਨਾਂ ਸ਼ੱਕ ਅੱਜ ਪੰਜਾਬ ਤੇ ਹਰਿਆਣਾ 'ਚ ਹੀ ਨਹੀਂ, ਸਗੋਂ ਦੇਸ਼ ਭਰ 'ਚ ਡੇਰਾਵਾਦ ਦਾ ਬੋਲਬਾਲਾ ਹੈ | ਛੋਟੇ ਵੱਡੇ ਹਜ਼ਾਰਾਂ ਹੀ ਡੇਰੇ ਆਪੋ-ਆਪਣੀ ਤੂਤੀ ਵਜਾ ਰਹੇ ਹਨ | ਇਨ੍ਹਾਂ ਵਿਚ ਹਜ਼ਾਰਾਂ ਤੇ ਲੱਖਾਂ ਸ਼ਰਧਾਲੂ ਨਿੱਤ ਦਿਨ ਹਾਜ਼ਰੀ ਭਰਦੇ ਹਨ | ਵੱਡੇ ਡੇਰਿਆਂ ਵਿਚ ਤਾਂ ਲੱਖਾਂ ਦੀ ਗਿਣਤੀ ਕਰੋੜਾਂ 'ਚ ਬਦਲ ਜਾਂਦੀ ਹੈ | ਬਿਨਾਂ ਸ਼ੱਕ ਬਣੇ ਅਜਿਹੇ ਦਿ੍ਸ਼ 'ਚ ਰਵਾਇਤੀ ਧਰਮਾਂ ਦੀ ਚਮਕ ਵੀ ਫਿੱਕੀ ਪੈਂਦੀ ਨਜ਼ਰ ਆ ਰਹੀ ਹੈ | ਇਨ੍ਹਾਂ ਡੇਰਿਆਂ ਦੇ ਵੱਡੇ ਪ੍ਰਭਾਵ ਕਾਰਨ ਹੀ ਹਰ ਤਰ੍ਹਾਂ ਦੇ ਸਿਆਸਤਦਾਨ ਇਨ੍ਹਾਂ ਦੀ ਡੰਡੌਤ ਕਰਦੇ ਦਿਖਾਈ ਦਿੰਦੇ ਹਨ | ਜੇ ਸਿਰਫ਼ ਪੰਜਾਬ ਦੀ ਹੀ ਗੱਲ ਲੈ ਲਈਏ ਤਾਂ ਅਸੀਂ ਦਾਅਵੇ ਨਾਲ ਆਖ ਸਕਦੇ ਹਾਂ ਕਿ ਇਥੋਂ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਹਰ ਪੱਧਰ ਦੇ ਆਗੂ ਲਗਾਤਾਰ ਇਨ੍ਹਾਂ ਡੇਰਿਆਂ ਦੇ ਬਾਬਿਆਂ ਦੀ ਹਾਜ਼ਰੀ ਭਰਦੇ ਨਜ਼ਰ ਆਉਂਦੇ ਹਨ |

ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕਿ ਸਿਆਸੀ ਆਗੂਆਂ ਦੀ ਇਨ੍ਹਾਂ ਡੇਰਿਆਂ ਪ੍ਰਤੀ ਆਪਣੀ ਆਸਥਾ ਵੀ ਹੋ ਸਕਦੀ ਹੈ | ਪਰ ਹਰ ਤਰ੍ਹਾਂ ਦੀਆਂ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂ ਇਨ੍ਹਾਂ ਸਥਾਨਾਂ ਦੇ ਵਧੇਰੇ ਚੱਕਰ ਲਾਉਂਦੇ ਨਜ਼ਰ ਆਉਂਦੇ ਹਨ | ਸਿਤਮਜ਼ਰੀਫੀ ਇਹ ਹੈ ਕਿ ਕਿਸੇ ਬਾਬੇ 'ਤੇ ਵੱਡੇ-ਵੱਡੇ ਦੋਸ਼ ਲੱਗਣ ਦੇ ਬਾਵਜੂਦ ਅੰਧ-ਵਿਸ਼ਵਾਸ ਵਿਚ ਘਿਰੇ ਸ਼ਰਧਾਲੂਆਂ ਦੀ ਆਸਥਾ ਫਿਰ ਵੀ ਉਸ ਪ੍ਰਤੀ ਬਣੀ ਰਹਿੰਦੀ ਹੈ | ਡੇਰਾ ਸੱਚਾ ਸੌਦਾ ਦੇ ਮੁਖੀ ਦਾ ਪ੍ਰਭਾਵ ਅੱਜ ਵੀ ਲੱਖਾਂ ਹੀ ਸ਼ਰਧਾਲੂਆਂ 'ਚ ਦੇਖਿਆ ਜਾ ਸਕਦਾ ਹੈ | ਸਿਆਸੀ ਪਾਰਟੀਆਂ ਤੇ ਸਰਕਾਰਾਂ ਇਸ ਤੱਥ ਤੋਂ ਅਨਜਾਣ ਨਹੀਂ ਹਨ | ਉਹ ਕੁਰਸੀ ਦੀ ਪ੍ਰਾਪਤੀ ਲਈ ਇਨ੍ਹਾਂ ਤੋਂ ਹਰ ਤਰ੍ਹਾਂ ਦਾ ਲਾਭ ਪ੍ਰਾਪਤ ਕਰਦੀਆਂ ਰਹੀਆਂ ਹਨ | ਅੱਜ ਵੀ ਇਸ ਸੰਬੰਧਿਤ ਡੇਰੇ ਦੇ ਵੱਡੇ ਪ੍ਰਭਾਵ ਨੂੰ  ਅਣਗੌਲਿਆਂ ਨਹੀਂ ਕੀਤਾ ਜਾ ਸਕਦਾ | ਇਸੇ ਕਰਕੇ ਹੀ ਡੇਰਾ ਮੁਖੀ ਨੂੰ  ਨਿਆਇਕ ਕਦਰਾਂ-ਕੀਮਤਾਂ ਨੂੰ  ਅਣਗੌਲਿਆਂ ਕਰਕੇ ਸੰਬੰਧਿਤ ਸਰਕਾਰ ਵਲੋਂ ਵਾਰ-ਵਾਰ ਪੈਰੋਲ ਤੇ ਫਰਲੋ ਦਿੱਤੀ ਜਾਂਦੀ ਰਹੀ ਹੈ | ਡੇਰਾ ਮੁਖੀ ਨੂੰ  ਦਿੱਤੀ ਜਾਂਦੀ ਵਾਰ-ਵਾਰ ਪੈਰੋਲ ਤੇ ਫਰਲੋ ਦੇ ਇਸ ਘਟਨਾਚੱਕਰ ਤੋਂ ਸਰਕਾਰ ਦੀ ਨਜ਼ਰ-ਏ-ਇਨਾਇਤ ਦੀ ਗੱਲ ਸਪੱਸ਼ਟ  ਹੋ ਜਾਂਦੀ ਹੈ | ਪਹਿਲੀ ਫਰਲੋ ਉਸ ਨੂੰ  24 ਅਕਤੂਬਰ, 2020 ਨੂੰ  ਬਿਮਾਰ ਮਾਂ ਨੂੰ  ਦੇਖਣ ਦੀ ਇਕ ਦਿਨ ਦੀ ਦਿੱਤੀ ਗਈ ਸੀ | ਦੂਸਰੀ 21 ਮਈ, 2021 ਨੂੰ  ਵੀ ਮਾਂ ਨੂੰ  ਮਿਲਣ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ | ਤੀਸਰੀ ਵਾਰ ਡੇਰਾ ਮੁਖੀ ਨੂੰ  7 ਫਰਵਰੀ, 2022 ਨੂੰ  21 ਦਿਨ ਲਈ ਰਿਹਾਅ ਕੀਤਾ ਗਿਆ ਸੀ | ਉਦੋਂ ਹੀ ਪੰਜਾਬ ਵਿਧਾਨ ਸਭਾ ਲਈ ਚੋਣਾਂ ਹੋਣ ਜਾ ਰਹੀਆਂ ਸਨ | ਡੇਰਾ ਮੁਖੀ ਰੋਹਤਕ (ਹਰਿਆਣਾ) ਦੀ ਸੋਨਾਰੀਆ ਜੇਲ੍ਹ ਵਿਚ ਬੰਦ ਹੈ | ਚੌਥੀ 30 ਦਿਨ ਦੀ ਛੁੱਟੀ ਉਸ ਨੂੰ  17 ਜੂਨ, 2022 ਨੂੰ  ਦਿੱਤੀ ਗਈ ਸੀ | ਉਸ ਸਮੇਂ ਹਰਿਆਣਾ 'ਚ ਸਥਾਨਕ ਨਗਰ ਪ੍ਰੀਸ਼ਦ ਅਤੇ ਨਗਰ ਪਾਲਿਕਾਵਾਂ ਦੀਆਂ ਚੋਣਾਂ ਸਨ | ਉਸ ਤੋਂ ਬਾਅਦ 40 ਦਿਨ ਦੀ ਛੁੱਟੀ ਉਸ ਨੂੰ  14 ਅਕਤੂਬਰ ਨੂੰ  ਦਿੱਤੀ ਗਈ ਸੀ, ਜਦੋਂ ਆਦਮਪੁਰ (ਹਰਿਆਣਾ) ਵਿਚ ਉੱਪ-ਚੋਣ ਹੋ ਰਹੀ ਸੀ | ਉਸ ਨੂੰ  21 ਦਿਨ ਦੀ ਛੁੱਟੀ 20 ਨਵੰਬਰ, 2023 ਵਿਚ ਉਸ ਸਮੇਂ ਦਿੱਤੀ ਗਈ ਸੀ ਜਦੋਂ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਸਨ | ਫਿਰ 50 ਦਿਨ ਦੀ ਛੁੱਟੀ 19 ਜਨਵਰੀ, 2024 ਨੂੰ  ਲੋਕ ਸਭਾ ਦੀਆਂ ਚੋਣਾਂ ਸਮੇਂ ਦਿੱਤੀ ਗਈ ਸੀ | ਇਸੇ ਹੀ ਤਰ੍ਹਾਂ 2 ਅਕਤੂਬਰ, 2024 ਨੂੰ  20 ਦਿਨ ਦੀ ਛੁੱਟੀ ਉਦੋਂ ਦਿੱਤੀ ਗਈ ਜਦੋਂ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਹੋ ਰਹੀਆਂ ਸਨ | 
ਹੁਣ 17ਵੀਂ ਵਾਰ 21 ਦਿਨ ਦੀ ਦਿੱਤੀ ਗਈ ਛੁੱਟੀ ਨੂੰ  ਪੰਜਾਬ ਵਿਚ ਕੁਝ ਮਹੀਨਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਸੰਦਰਭ ਵਿਚ ਦੇਖਿਆ ਜਾ ਰਿਹਾ ਹੈ | ਇਸ ਘਟਨਾਕ੍ਰਮ ਸੰਬੰਧੀ ਪੰਜਾਬ ਵਿਚ ਇਸ ਲਈ ਵੀ ਵੱਡਾ ਪ੍ਰਤੀਕਰਮ ਹੋਇਆ ਹੈ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੇਲ੍ਹਾਂ 'ਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ | ਇਹ ਇਸ ਲਈ ਵੀ ਹੈ ਕਿ ਬਹੁਤੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ | ਪਰ ਇਸ ਦੇ ਬਾਵਜੂਦ ਉਹ ਪਿਛਲੇ 30-35 ਸਾਲਾਂ ਤੋਂ ਜੇਲ੍ਹਾਂ ਵਿਚ ਬੰਦ ਹਨ | ਇਥੋਂ ਤੱਕ ਕਿ ਦਹਾਕਿਆਂ ਤੋਂ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ  ਆਪਣੀ ਬਿਮਾਰ ਮਾਤਾ ਨੂੰ  ਮਿਲਣ ਲਈ ਪੈਰੋਲ ਦੇਣ ਤੋਂ ਵੀ ਹੁਣ ਤੱਕ ਆਨਾਕਾਨੀ ਕੀਤੀ ਜਾ ਰਹੀ ਹੈ | ਸਰਕਾਰਾਂ ਦਾ ਇਹ ਵਤੀਰਾ ਜਿਥੇ ਉਨ੍ਹਾਂ ਵਲੋਂ ਕੀਤੀ ਜਾ ਰਹੀ ਵੱਡੀ ਬੇਇਨਸਾਫ਼ੀ ਕਿਹਾ ਜਾ ਸਕਦਾ ਹੈ, ਉਥੇ ਇਸ ਨਾਲ ਵੱਡਾ ਪ੍ਰਤੀਕਰਮ ਪੈਦਾ ਹੋਣਾ ਵੀ ਕੁਦਰਤੀ ਹੈ, ਜਿਸ ਨੂੰ  ਨਿਆਂ ਸੰਗਤ ਹੀ ਕਿਹਾ ਜਾ ਸਕਦਾ ਹੈ | ਸਜ਼ਾ ਭੁਗਤ ਰਿਹਾ ਡੇਰਾ ਮੁਖੀ ਇਸ ਵਾਰ ਫਿਰ ਜਦੋਂ ਤੱਕ ਜੇਲ੍ਹ 'ਚੋਂ ਬਾਹਰ ਰਹੇਗਾ, ਉਦੋਂ ਤੱਕ ਉਸ ਪ੍ਰਤੀ ਅਜਿਹਾ ਵੱਡਾ ਵਿਵਾਦ ਬਣਿਆ ਨਜ਼ਰ ਆਉਂਦਾ ਰਹੇਗਾ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ | ¸ਅਲਬਰਟ ਆਈਨਸਟਾ... ਅਗਲੀ ਖ਼ਬਰ ਜਾਰੀ ਹਨ ਅਕਾਲੀ-ਭਾਜਪਾ ਗੱਠਜੋੜ ਸੰਬੰਧੀ ਕਿਆਸ-ਅਰਾਈਆਂ
Ad Position 24