18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਭਾਰਤ-ਬੰਗਲਾਦੇਸ਼ ਵਿਚ ਵਧਦੀ ਕੁੜੱਤਣ

ਭਾਰਤ-ਬੰਗਲਾਦੇਸ਼ ਵਿਚ ਵਧਦੀ ਕੁੜੱਤਣ

Ad Position 21
No active advertisement
ਅਜੀਤ ਡੈਸਕ 18-08-2026

ਦੱਖਣੀ ਏਸ਼ੀਆ ਦੇ ਇਸ ਖਿੱਤੇ ਵਿਚ ਜੋ ਬਹੁਤ ਅਜੀਬ ਇਤਫ਼ਾਕ ਵਾਪਰਦੇ ਰਹੇ ਹਨ, ਉਨ੍ਹਾਂ ਵਿਚ ਭਾਰਤ-ਬੰਗਲਾਦੇਸ਼ ਦੇ ਸੰਬੰਧ ਵੀ ਸ਼ਾਮਿਲ ਹਨ | ਸਾਲ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਨਵੇਂ ਬਣੇ ਪਾਕਿਸਤਾਨ ਵਿਚ ਅੱਜ ਦਾ ਬੰਗਲਾਦੇਸ਼ ਵੀ ਸ਼ਾਮਿਲ ਸੀ, ਜਿਸ ਨੂੰ  ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ | ਇਸ ਦੀ ਉਸ ਸਮੇਂ ਪੱਛਮੀ ਪਾਕਿਸਤਾਨ ਤੋਂ ਲੰਮਾ ਸਮੁੰਦਰੀ ਰਸਤਾ ਹੋਣ ਕਰਕੇ ਆਪਣੀ ਵੱਖਰੀ ਹੋਂਦ ਸੀ | ਸਮੇਂ ਨੇ ਇਹ ਸਾਬਿਤ ਕਰ ਦਿੱਤਾ ਕਿ ਅੰਗਰੇਜ਼ਾਂ ਵਲੋਂ ਬਦਨੀਤੀ ਕਰਕੇ ਮੁਹੰਮਦ ਅਲੀ ਜਿਨਾਹ ਅਤੇ ਮੁਸਲਿਮ ਲੀਗ ਨੂੰ  ਦਿੱਤੇ ਗਏ ਉਤਸ਼ਾਹ ਦੇ ਸਿੱਟੇ ਵਜੋਂ ਹੀ ਦੇਸ਼ ਦੀ ਇਹ ਖੂਨੀ ਵੰਡ ਹੋਈ ਸੀ, ਪਰ ਸਮੇਂ ਨੇ ਇਹ ਜ਼ਰੂਰ ਸਾਬਿਤ ਕਰ ਦਿੱਤਾ ਕਿ ਧਰਮ ਦੇ ਆਧਾਰ 'ਤੇ ਇਹ ਵੰਡ ਅੱਧੀ-ਅਧੂਰੀ ਹੀ ਰਹੀ, ਕਿਉਂਕਿ ਉਸ ਵੰਡ ਤੋਂ ਬਾਅਦ ਵੀ ਭਾਰਤ ਵਿਚ ਪਾਕਿਸਤਾਨ ਤੋਂ ਵਧੇਰੇ ਮੁਸਲਿਮ ਲੋਕ ਰਹਿ ਰਹੇ ਹਨ | 
ਸਾਲ 1971 ਵਿਚ ਇਸ ਮਸਨੂਈ ਵੰਡ ਦਾ ਪਾਜ ਉਸ ਸਮੇਂ ਉਘੜ ਗਿਆ, ਜਦੋਂ ਪੂਰਬੀ ਪਾਕਿਸਤਾਨ ਵਿਚ ਬਗ਼ਾਵਤ ਹੋ ਗਈ ਅਤੇ ਉਥੋਂ ਦੇ ਕਰੋੜਾਂ ਲੋਕਾਂ ਨੇ ਪਾਕਿਸਤਾਨ ਤੋਂ ਖਹਿੜਾ ਛੁਡਵਾਉਣ ਲਈ ਆਜ਼ਾਦੀ ਦਾ ਐਲਾਨ ਕਰ ਦਿੱਤਾ | ਉਸ ਸਮੇਂ ਪਾਕਿਸਤਾਨੀ ਫ਼ੌਜ ਵਲੋਂ ਲੱਖਾਂ ਹੀ ਬੰਗਲਾਦੇਸ਼ੀਆਂ ਨੂੰ  ਬਰਬਰਤਾ ਭਰਪੂਰ ਤਰੀਕੇ ਨਾਲ ਮਾਰ ਦਿੱਤਾ ਗਿਆ ਸੀ | ਭਾਰਤ ਨੇ ਇਸ ਲੜਾਈ ਵਿਚ ਬੰਗਲਾਦੇਸ਼ੀਆਂ ਦਾ ਸਾਥ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਨੂੰ  ਪੱਛਮੀ ਪਾਕਿਸਤਾਨ ਤੋਂ ਨਿਜਾਤ ਮਿਲ ਗਈ ਸੀ ਅਤੇ ਵੱਖਰਾ ਦੇਸ਼ ਬੰਗਲਾਦੇਸ਼ ਹੋਂਦ ਵਿਚ ਆ ਗਿਆ ਸੀ | ਸ਼ੇਖ਼ ਮੁਜੀਬੁਰ-ਰਹਿਮਾਨ ਇਸ ਨਵੇਂ ਦੇਸ਼ ਦੇ ਆਗੂ ਵਜੋਂ ਉੱਭਰੇ, ਜਿਨ੍ਹਾਂ ਨੂੰ  'ਬੰਗਬੰਧੂ' ਦੇ ਨਾਂਅ ਨਾਲ ਅੱਜ ਵੀ ਯਾਦ ਕੀਤਾ ਜਾਂਦਾ ਹੈ, ਪਰ ਕੁਝ ਹੀ ਵਰਿ੍ਹਆਂ ਵਿਚ ਵਿਦਰੋਹੀ ਫ਼ੌਜੀਆਂ ਵਲੋਂ ਉਨ੍ਹਾਂ ਸਮੇਤ ਉਨ੍ਹਾਂ ਦੇ ਪਰਿਵਾਰ ਦੇ ਬਹੁਤੇ ਜੀਆਂ ਨੂੰ  ਕਤਲ ਕਰ ਦਿੱਤਾ ਗਿਆ ਅਤੇ ਇਸ ਤੋਂ ਬਾਅਦ ਇਸ ਨਵੇਂ ਦੇਸ਼ ਵਿਚ ਅਕਸਰ ਗੜਬੜ ਹੀ ਬਣੀ ਰਹੀ ਅਤੇ ਸਿਆਸੀ ਤੌਰ 'ਤੇ ਇਹ ਸਥਿਰ ਨਾ ਹੋ ਸਕਿਆ | 'ਬੰਗਬੰਧੂ' ਦੀ ਬੇਟੀ ਉਸ ਸਮੇਂ ਸ਼ੇਖ ਹਸੀਨਾ ਵਿਦੇਸ਼ ਵਿਚ ਹੋਣ ਕਾਰਨ ਬਚ ਗਈ ਸੀ, ਜਿਸ ਨੇ ਬਾਅਦ ਵਿਚ ਇਸ ਨਵੇਂ ਦੇਸ਼ ਦੀ ਸਿਆਸਤ ਨੂੰ  ਪ੍ਰਭਾਵਿਤ ਕੀਤਾ | ਉਸ ਨੇ ਲੰਮੇ ਸਮੇਂ ਤੱਕ ਆਵਾਮੀ ਲੀਗ ਪਾਰਟੀ ਦੀ ਮੁਖੀ ਹੋਣ ਕਾਰਨ ਮੁਲਕ ਅਤੇ ਪ੍ਰਸ਼ਾਸਨ ਚਲਾਇਆ ਤੇ ਦੂਸਰੀ ਵੱਡੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਨਾਲ ਉਸ ਦਾ ਟਕਰਾਅ ਵੀ ਬਣਿਆ ਰਿਹਾ | ਦੇਸ਼ ਦੇ ਅਸਥਿਰ ਹਾਲਤ ਹੋਣ ਕਾਰਨ ਸ਼ੇਖ ਹਸੀਨਾ ਨੇ ਸਖ਼ਤੀ ਨਾਲ ਪ੍ਰਸ਼ਾਸਨ ਚਲਾਇਆ, ਜਿਸ ਕਾਰਨ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦਾ ਹੋਰ ਵੀ ਵਧੇਰੇ ਉਭਾਰ ਹੋਇਆ |
 14 ਸਾਲ ਦੇ ਲੰਮੇ ਅਰਸੇ ਤੱਕ ਹਕੂਮਤ ਕਰਨ ਤੋਂ ਬਾਅਦ ਸ਼ੇਖ ਹਸੀਨਾ ਵਿਰੁੱਧ 2 ਸਾਲ ਪਹਿਲਾਂ ਭੜਕੀ ਬਗ਼ਾਵਤ ਕਾਰਨ ਉਸ ਨੂੰ  ਦੇਸ਼ ਛੱਡ ਕੇ ਭਾਰਤ ਵਿਚ ਸ਼ਰਨ ਲੈਣ ਲਈ ਮਜਬੂਰ ਹੋਣਾ ਪਿਆ | ਸ਼ੇਖ ਹਸੀਨਾ ਦੇ ਪ੍ਰਸ਼ਾਸਨ ਸਮੇਂ ਭਾਰਤ ਤੇ ਬੰਗਲਾਦੇਸ਼ ਦੋਵਾਂ ਦੇ ਗੂੜ੍ਹੇ ਅਤੇ ਆਪਸੀ ਸਹਿਯੋਗ ਵਾਲੇ ਸੰਬੰਧ ਬਣੇ ਰਹੇ ਸਨ | ਅਜਿਹੇ ਗੜਬੜ ਵਾਲੇ ਹਾਲਾਤ ਵਿਚ ਅਸਥਿਰ ਪ੍ਰਸ਼ਾਸਨ ਦੇ ਚਲਦਿਆਂ ਇਸ ਸਾਲ ਫਰਵਰੀ ਦੇ ਮਹੀਨੇ ਵਿਚ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਆਗੂ ਤਾਰਿਕ ਰਹਿਮਾਨ  ਪ੍ਰਧਾਨ ਮੰਤਰੀ ਬਣੇ, ਪਰ ਸ਼ੇਖ ਹਸੀਨਾ ਅਤੇ ਉਸ ਦੀ ਪਾਰਟੀ ਦੇ ਕਈ ਵੱਡੇ ਆਗੂਆਂ ਦੇ ਭਾਰਤ ਵਿਚ ਹੋਣ ਕਾਰਨ, ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਖਟਾਸ ਬਣੀ ਰਹੀ, ਜੋ ਹੁਣ ਹੋਰ ਵੀ ਵਧਦੀ ਨਜ਼ਰ ਆ ਰਹੀ ਹੈ | ਆਉਂਦੇ ਮਹੀਨੇ ਭਾਰਤ ਵਿਚ 'ਬਿ੍ਕਸ' ਸੰਮੇਲਨ ਹੋ ਰਿਹਾ ਹੈ | ਬੰਗਲਾਦੇਸ਼ ਇਸ ਦਾ ਮੈਂਬਰ ਹੈ ਪਰ ਤਾਰਿਕ ਰਹਿਮਾਨ ਸਰਕਾਰ ਵਲੋਂ ਸ਼ੇਖ ਹਸੀਨਾ ਦੀ ਹਵਾਲਗੀ ਦੀ ਸ਼ਰਤ ਰੱਖੀ ਗਈ ਹੈ, ਜਿਸ ਨੂੰ  ਅਜਿਹੇ ਹਾਲਾਤ ਵਿਚ ਮੰਨ ਸਕਣਾ ਭਾਰਤ ਲਈ ਮੁਸ਼ਕਿਲ ਜਾਪਦਾ ਹੈ | ਦੋਵਾਂ ਦੇਸ਼ਾਂ ਵਿਚ ਤਣਾਅ ਹੋਰ ਵੀ ਵਧ ਗਿਆ, ਜਦੋਂ 5 ਅਗਸਤ ਨੂੰ  ਸ਼ੇਖ ਹਸੀਨਾ ਅਤੇ ਉਸ ਦੇ ਪੁੱਤਰ ਸਾਜੀਬ ਵਾਜਿਦ ਵਲੋਂ ਦਿੱਲੀ ਵਿਚ ਵਿਦੇਸ਼ੀ ਪੱਤਰਕਾਰਾਂ ਦੇ ਕਲੱਬ ਵਿਚ ਵਰਚੁਅਲ ਸ਼ਿਰਕਤ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਬੰਗਲਾਦੇਸ਼ ਦੇ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕੀਤੀ ਤੇ ਸ਼ੇਖ ਹਸੀਨਾ ਨੇ ਸਖ਼ਤ ਲਹਿਜ਼ੇ ਵਿਚ ਦਸੰਬਰ ਦੇ ਮਹੀਨੇ ਵਿਚ ਢਾਕਾ (ਬੰਗਲਾਦੇਸ਼ ਦੀ ਰਾਜਧਾਨੀ) ਪਰਤਣ ਦਾ ਦਿ੍ੜ੍ਹ ਇਰਾਦਾ ਪ੍ਰਗਟਾਇਆ, ਜਿਸ ਕਾਰਨ ਤਾਰਿਕ ਰਹਿਮਾਨ ਦੀ ਭਾਰਤ ਦੀ ਯਾਤਰਾ ਬੇਯਕੀਨੀ ਵਿਚ ਬਦਲਦੀ ਜਾਪਦੀ ਹੈ | ਅਜਿਹਾ ਸੁਨੇਹਾ ਉਥੋਂ ਦੀ ਸਰਕਾਰ ਨੇ ਭਾਰਤ ਨੂੰ  ਦੇ ਵੀ ਦਿੱਤਾ ਹੈ |
ਭਾਰਤ ਲਈ ਆਉਂਦੇ ਸਮੇਂ ਵਿਚ ਇਸ ਸੰਬੰਧੀ ਇਸ ਲਈ ਵੀ ਵੱਡੀਆਂ ਮੁਸ਼ਕਿਲਾਂ ਖੜ੍ਹੀਆਂ ਹੋ ਸਕਦੀਆਂ ਹਨ, ਕਿਉਂਕਿ ਬੰਗਲਾਦੇਸ਼ ਨੇ ਇਸੇ ਹੀ ਸਮੇਂ ਦੌਰਾਨ ਪਾਕਿਸਤਾਨ ਅਤੇ ਚੀਨ ਨਾਲ ਆਪਣੀ ਨੇੜਤਾ ਹੋਰ ਵੀ ਵਧਾ ਲਈ ਹੈ, ਜਿੱਥੋਂ ਉਸ ਨੂੰ  ਹਰ ਤਰ੍ਹਾਂ ਦਾ ਵੱਡਾ ਆਸਰਾ ਮਿਲਣ ਦੀ ਆਸ ਹੈ | ਪੈਦਾ ਹੋਏ ਅਜਿਹੇ ਹਾਲਾਤ ਭਾਰਤ ਲਈ ਭਾਵੀ ਮੁਸ਼ਕਿਲਾਂ ਦਾ ਸੰਦੇਸ਼ ਮੰਨੇ ਜਾ ਸਕਦੇ ਹਨ | ਦੋਵਾਂ ਦੇਸ਼ਾਂ ਵਿਚ ਬਣੀਆਂ ਇਹ ਦੂਰੀਆਂ ਕਦਾਚਿਤ ਵੀ ਚੰਗੇ ਲੱਛਣਾਂ ਵਾਲੀਆਂ ਸਾਬਿਤ ਨਹੀਂ ਹੋਣਗੀਆਂ, ਜਿਸ ਨਾਲ ਭਾਰਤ ਲਈ ਹੋਰ ਨਵੀਆਂ ਚੁਣੌਤੀਆਂ ਪੈਦਾ ਹੋਣ ਦੀ ਸੰਭਾਵਨਾ ਬਣ ਗਈ ਹੈ |

-ਬਰਜਿੰਦਰ ਸਿੰਘ ਹਮਦਰਦ

Ad Position 22
No active advertisement
ਪਿਛਲੀ ਖ਼ਬਰ ਨੀਤੀਆਂ ਅਤੇ ਯੋਜਨਾਵਾਂ ਉਦੋਂ ਠੁੱਸ ਹੋ ਜਾਂਦੀਆਂ ਹਨ, ਜਦੋਂ ਉਨ੍ਹਾਂ 'ਤੇ ਅਮਲ ਕਰਵਾਉਣ ਵਾਲਿਆਂ ਦਾ ਆਪਣਾ ਵਿਵਹਾਰ ਨੀਤੀਆਂ... ਅਗਲੀ ਖ਼ਬਰ ਸਰਕਾਰ ਸਿੱਖਿਆ ਦੇ ਖੇਤਰ ਵਿਚ ਸੁਧਾਰਾਂ ਦੀ ਲੋੜ ਨੂੰ ਸਮਝੇ
Ad Position 24