19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਭਗਤ ਨਾਮਦੇਵ ਜੀ ਦਾ ਜੀਵਨ ਤੇ ਸੰਦੇਸ਼

ਭਗਤ ਨਾਮਦੇਵ ਜੀ ਦਾ ਜੀਵਨ ਤੇ ਸੰਦੇਸ਼

Ad Position 21
No active advertisement
ਅਜੀਤ ਡੈਸਕ 20-11-2026
ਜਨਮ ਦਿਹਾੜੇ  'ਤੇ ਵਿਸ਼ੇਸ਼
 
ਭਗਤ ਨਾਮਦੇਵ ਜੀ ਦਾ ਜਨਮ ਪਿੰਡ ਨਰਸੀ ਬਾਮਨੀ, ਜ਼ਿਲ੍ਹਾ ਸਤਾਰਾ (ਮਹਾਰਾਸ਼ਟਰ) ਵਿਖੇ ਪਿਤਾ ਦਾਮਸ਼ੇਟ ਤੇ ਮਾਤਾ ਗੋਨਾ ਬਾਈ ਦੇ ਘਰ 1270 ਈ. 'ਚ ਹੋਇਆ ਸੀ | ਉਨ੍ਹਾਂ ਦਾ ਸੁਭਾਅ ਪਹਿਲਾਂ ਤੋਂ ਹੀ ਸਾਦਗੀ ਤੇ ਪ੍ਰਭੂ ਭਗਤੀ ਵਾਲਾ ਸੀ | ਉਨ੍ਹਾਂ ਨੂੰ  ਵਿੱਦਿਆ ਪ੍ਰਾਪਤੀ ਲਈ ਪਾਂਧੇ ਕੋਲ ਭੇਜਿਆ ਗਿਆ | ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਕੋਈ ਵਣਜ-ਵਪਾਰ ਦਾ ਧੰਦਾ ਕਰਨ, ਪਰ ਉਨ੍ਹਾਂ ਕੱਪੜੇ 'ਤੇ ਛਪਾਈ ਦੀ ਕਿਰਤ ਨਾਲ ਆਪਣੇ ਪਰਿਵਾਰ ਦੀ ਪਾਲਣਾ ਕੀਤੀ | ਉਨ੍ਹਾਂ ਦਾ ਮਨ ਸਦਾ ਸੰਤਾਂ ਦੀ ਸੰਗਤ 'ਚ ਪ੍ਰਸੰਨ ਹੁੰਦਾ ਸੀ | ਉਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਅਧਿਆਤਮਿਕਤਾ ਦੇ ਪ੍ਰਭਾਵ ਹੇਠ ਗੁਜ਼ਾਰਿਆ, ਜਿਸ ਦੀ ਝਲਕ ਉਨ੍ਹਾਂ ਦੀਆਂ ਰਚਨਾਵਾਂ 'ਚੋਂ ਸਪੱਸ਼ਟ ਹੁੰਦੀ ਹੈ | ਉਨ੍ਹਾਂ ਦੀ ਬਾਣੀ ਤੇ ਵਿਚਾਰਧਾਰਾ 'ਚ ਪ੍ਰਮਾਤਮਾ ਦੀ ਸਰਬਵਿਆਪਕਤਾ ਉੱਭਰ ਕੇ ਸਾਹਮਣੇ ਆਉਂਦੀ ਹੈ | ਗੁਰੂ ਗ੍ਰੰਥ ਸਾਹਿਬ 'ਚ ਉਨ੍ਹਾਂ ਦੁਆਰਾ ਰਚੇ 18 ਰਾਗਾਂ 'ਚ 61 ਸ਼ਬਦ ਦਰਜ ਹਨ | ਉਨ੍ਹਾਂ ਦੁਆਰਾ ਰਚੀਆਂ ਮਰਾਠੀ ਭਾਸ਼ਾ 'ਚ ਮੁੱਖ ਰੂਪ 'ਚ ਤਿੰਨ ਰਚਨਾਵਾਂ 'ਨਾਮਦੇਵ ਦੀ ਸਾਖੀ', 'ਸੋਰਟ ਰਾਗ ਕਾ ਪਦ' ਅਤੇ 'ਨਾਮਦੇਵ ਜੀ ਕਾ ਪਦ' ਸੰਬੰਧੀ ਸੂਚਨਾ ਮਿਲਦੀ ਹੈ | ਉਨ੍ਹਾਂ ਦੀਆਂ ਕੁਝ ਹੋਰ ਰਚਨਾਵਾਂ ਦਾ ਵੀ ਜ਼ਿਕਰ ਮਿਲਦਾ ਹੈ | ਉਨ੍ਹਾਂ ਦੀ ਸਮੁੱਚੀ ਬਾਣੀ 'ਚ ਪ੍ਰਮਾਤਮਾ ਦੇ ਨਿਰਗੁਣ ਤੇ ਸਰਗੁਣ ਸਰੂਪ ਦਾ ਵਰਨਣ ਹੈ | ਧਨਾਸਰੀ ਰਾਗ 'ਚ ਉਹ ਫ਼ਰਮਾਉਂਦੇ ਹਨ ਕਿ ਸਭ ਤੋਂ ਪਹਿਲਾਂ ਜਗਤ ਇਵੇਂ ਸੀ, ਜਿਵੇਂ ਕਮਲ ਦੇ ਫੁੱਲਾਂ ਦਾ ਖੇਤ ਹੋਵੇ, ਸਾਰੇ ਜੀਅ-ਜੰਤ ਉਸ ਫੁੱਲਾਂ ਦੇ ਖੇਤ ਦੇ ਹੰਸ ਹਨ:-
ਪਹਿਲ ਪੁਰੀਏ ਪੁੰਡਰਕ ਵਨਾ¨
ਤਾ ਚੇ ਹੰਸਾ ਸਗਲੇ ਜਨਾਂ¨   (ਅੰਗ:694)
ਭਗਤ ਨਾਮਦੇਵ ਜੀ ਦਾ ਸਮਾਜ 'ਚ ਸਤਿਕਾਰ ਦਿਨੋ-ਦਿਨ ਵਧ ਰਿਹਾ ਸੀ, ਜਿਸ ਨੂੰ  ਈਰਖਾਲੂ ਲੋਕ ਬਰਦਾਸ਼ਤ ਨਾ ਕਰ ਸਕੇੇ | ਇਨ੍ਹਾਂ ਉੱਚ ਵਰਗ ਦੇ ਹੰਕਾਰੀ ਲੋਕਾਂ ਨੇ ਨਾਮਦੇਵ ਜੀ ਨੂੰ  ਉਨ੍ਹਾਂ ਦੇ ਉਦੇਸ਼ ਤੋਂ ਭਟਕਾਉਣ ਤੇ ਅਪਮਾਨਿਤ ਕਰਨ 'ਚ ਕੋਈ ਕਸਰ ਨਾ ਛੱਡੀ | ਪਰ ਉਹ ਪ੍ਰਭੂ-ਪ੍ਰੇਮ ਦੀ ਭਗਤੀ 'ਚ ਪ੍ਰਪੱਕ ਰਹੇ, ਜਿਸ ਦਾ ਜ਼ਿਕਰ ਉਹ ਭੈਰਉ ਰਾਗ ਵਿਚ ਕਰਦੇ ਹਨ:-
ਹਸਤ ਖੇਲਤ ਤੇਰੇ ਦੇਹੁਰੇ ਆਇਆ¨
ਭਗਤਿ ਕਰਤ ਨਾਮਾ ਪਕਰਿ ਉਠਾਇਆ¨1¨
ਜਿਉ ਜਿਉ ਨਾਮਾ ਹਰਿ ਗੁਣ ਉਚਰੈ¨
ਭਗਤ ਜਨਾਂ ਕਉ ਦੇਹੁਰਾ ਫਿਰੈ¨
(ਅੰਗ:1164)
ਭਗਤ ਨਾਮਦੇਵ ਜੀ ਦੀ ਸਾਧਨਾ ਦਾ ਪ੍ਰਮੁੱਖ ਵਿਸ਼ਾ ਅਜਿਹੀ ਪ੍ਰਭੂ ਭਗਤੀ ਹੈ, ਜਿਸ ਵਿਚ ਉੱਚਾ ਆਚਰਣ, ਸੁਕਿ੍ਤ ਕਰਮ ਤੇ ਨੇਕ ਕਮਾਈ ਨੂੰ  ਜੀਵਨ ਦਾ ਆਧਾਰ ਬਣਾਉਣਾ ਹੈ | ਉਨ੍ਹਾਂ ਦੀ ਸਮਕਾਲੀ ਭਗਤ ਤਿ੍ਲੋਚਨ ਜੀ ਨਾਲ ਡੂੰਘੀ ਮਿੱਤਰਤਾ ਸੀ ਤੇ ਦੋਵੇਂ ਇਕੱਠੇ ਬੈਠ ਕੇ ਸਤਿਸੰਗਤ ਕਰਿਆ ਕਰਦੇ ਸਨ | ਭਗਤ ਨਾਮਦੇਵ ਆਪਣੇ ਪਿਤਾ ਨਾਲ ਪੁੰਡਰਪੁਰ ਦੇ ਮੰਦਰ 'ਚ ਸਵੇਰੇ-ਸ਼ਾਮ ਠਾਕਰ ਦੀ ਪੂਜਾ ਲਈ ਜਾਂਦੇ ਤੇ ਠਾਕਰਾਂ ਨੂੰ  ਦੁੱਧ ਦਾ ਭੋਗ ਲਵਾਉਂਦੇ ਵੇਖਦੇ | ਉਨ੍ਹਾਂ ਨੂੰ  ਇਹ ਪਤਾ ਸੀ ਕਿ ਉਹ ਉਂਝ ਹੀ ਦੁੱਧ ਦੀ ਗੜਵੀ ਪਰਦੇ ਪਿੱਛੇ ਰੱਖ ਕੇ ਥੋੜ੍ਹੇ ਸਮੇਂ ਪਿੱਛੋਂ ਚੁੱਕ ਲੈਂਦੇ ਹਨ | ਇਕ ਦਿਨ ਉਨ੍ਹਾਂ ਦੇ ਪਿਤਾ ਨੇ ਭਗਤ ਨਾਮਦੇਵ ਜੀ ਨੂੰ  ਠਾਕਰਾਂ ਦੀ ਸੇਵਾ ਕਰਨ ਤੇ ਦੁੱਧ ਪਿਆਉਣ ਲਈ ਕਿਹਾ | ਭਗਤ ਜੀ ਬੜੇ ਚਾਅ ਨਾਲ ਇਸ਼ਨਾਨ ਕਰਕੇ ਤਿਆਰ ਹੋਏ ਤੇ ਗਾਂ ਦਾ ਦੁੱਧ ਲੈ ਕੇ ਬੀਠਲ ਮੰਦਰ ਪਹੁੰਚ ਗਏ | ਠਾਕਰ ਦਾ ਇਸ਼ਨਾਨ ਕਰਾਇਆ ਤੇ ਫਿਰ ਪ੍ਰਭੂ-ਪ੍ਰੇਮ 'ਚ ਭਿੱਜੇ ਠਾਕਰ ਅੱਗੇ ਖੜ੍ਹੇ ਹੋ ਕੇ ਬੇਨਤੀਆਂ ਕਰਨ ਲੱਗੇ ਕਿ ਠਾਕਰ ਜੀ ਦੁੱਧ ਪੀਓ | ਪੂਰਨ ਨਿਸ਼ਚੇ ਤੇ ਨਿਰਛਲਤਾ ਨਾਲ ਬੇਨਤੀਆਂ ਕਰਦੇ ਰਹੇ | ਭਾਈ ਗੁਰਦਾਸ ਜੀ ਨੇ ਇਸ ਘਟਨਾ ਦਾ ਵੇਰਵਾ ਆਪਣੀ 10ਵੀਂ ਵਾਰ ਦੀ 11ਵੀਂ ਪਉੜੀ ਵਿਚ ਦਿੱਤਾ ਹੈ |
ਇਕ ਦਿਨ ਆਪ ਜੀ ਪ੍ਰਭੂ-ਪ੍ਰੇਮ ਵਿਚ ਭਿੱਜੇ ਮੰਦਰ ਚਲੇ ਗਏ | ਉੱਥੇ ਪਹੁੰਚ ਕੇ ਕੀਰਤਨ ਕਰਨ ਲੱਗੇ, ਭਗਤ ਜੀ ਦੇ ਹੱਥ ਵਿਚ ਛੈਣੇ (ਖੜਤਾਲਾਂ) ਸਨ, ਜਾਤ ਅਭਿਮਾਨੀ ਪੁਰੋਹਿਤਾਂ ਨੇ ਭਗਤ ਜੀ ਦੇ ਹੱਥੋਂ ਛੈਣੇ ਖੋਹ ਲਏ ਤੇ ਧੱਕੇ ਮਾਰ ਕੇ ਮੰਦਰ 'ਚੋਂ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਠਾਕਰਾਂ ਦੀ ਭਗਤੀ ਕਰਨ ਦਾ ਅਧਿਕਾਰ ਕੇਵਲ ਬ੍ਰਾਹਮਣਾਂ ਨੂੰ  ਹੀ ਹੈ | ਉਹ ਬੜੀ ਬੇਵਸੀ ਤੇ ਮਾਯੂਸੀ ਨਾਲ ਆਪਣੀ ਕੰਬਲੀ ਮੋਢੇ 'ਤੇ ਰੱਖ ਕੇ ਮੰਦਰ ਦੇ ਪਿਛਲੇ ਪਾਸੇ ਬੈਠ ਕੇ ਪ੍ਰਭੂ ਭਜਨ ਕਰਨ ਲੱਗ ਪਏ |
ਉਨ੍ਹਾਂ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਪੂਰੀ ਸੁਹਿਦਰਤਾ ਨਾਲ ਨਿਭਾਉਂਦਿਆ ਹੱਥੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਿਆ | ਉਨ੍ਹਾਂ ਆਪਣੇ ਜੀਵਨ ਦੌਰਾਨ ਭਾਰਤ ਦੇ ਵੱਖ-ਵੱਖ ਸਥਾਨਾਂ ਦੀਆਂ ਯਾਤਰਾਵਾਂ ਵੀ ਕੀਤੀਆਂ | ਉਹ ਮਹਾਰਾਸ਼ਟਰ ਤੋਂ ਚੱਲ ਕੇ ਉੱਤਰ ਭਾਰਤ ਵੱਲ ਆਏ ਤਾਂ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸੱਖੋਵਾਲ, ਭੱਟੀਵਾਲ ਤੋਂ ਹੁੰਦੇ ਹੋਏ ਘੁਮਾਣ ਨਗਰ ਵਿਚ ਪਹੁੰਚੇ | ਇਨ੍ਹਾਂ ਸਭ ਨਗਰਾਂ ਵਿਚ ਭਗਤ ਨਾਮਦੇਵ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ | ਘੁਮਾਣ ਨਗਰ ਵਿਚ ਉਨ੍ਹਾਂ ਨੇ ਲੰਮਾ ਸਮਾਂ ਭਗਤੀ ਕੀਤੀ | ਇੱਥੋਂ ਦੇ ਲੋਕਾਂ ਦੇ ਮਨਾਂ, ਕਾਰ-ਵਿਹਾਰ ਤੇ ਸੁਭਾਅ 'ਤੇ ਭਗਤ ਜੀ ਦੀ ਸ਼ਖ਼ਸੀਅਤ ਨੇ ਬਹੁਤ ਡੂੰਘਾ ਪ੍ਰਭਾਵ ਪਾਇਆ | ਇਸ ਪਾਵਨ ਅਸਥਾਨ ਦੇ ਦਰਸ਼ਨ-ਦੀਦਾਰੇ ਕਰਨ ਲਈ ਸੰਗਤਾਂ ਨਿਰੰਤਰ ਹੀ ਦੂਰੋਂ-ਦੂਰੋਂ ਆਉਂਦੀਆਂ ਰਹਿੰਦੀਆਂ ਹਨ | ਆਓ, ਅਸੀਂ ਵੀ ਭਗਤ ਨਾਮਦੇਵ ਜੀ ਦੇ ਦਰਸਾਏ ਮਾਰਗ 'ਤੇ ਚੱਲੀਏ ਤੇ ਆਪਣਾ ਜੀਵਨ ਸਫ਼ਲ ਕਰੀਏ |
 
-ਸਾਬਕਾ ਸਕੱਤਰ, 
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮਿ੍ਤਸਰ |
ਮੋਬਾਈਲ : 98143-5613
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਭਖਦੇ ਮਸਲਿਆਂ ਤੋਂ ਟਾਲਾ ਵੱਟ ਰਹੇ ਹਨ ਸਿਆਸੀ ਦਲ ਅਗਲੀ ਖ਼ਬਰ ਲੋਕਤੰਤਰ ਵਿਚ ਜ਼ਰੂਰੀ ਹੈ ਜਵਾਬਦੇਹੀ
Ad Position 24