17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਪ੍ਰਧਾਨ ਮੰਤਰੀ ਦਾ ਸੰਬੋਧਨ

ਪ੍ਰਧਾਨ ਮੰਤਰੀ ਦਾ ਸੰਬੋਧਨ

Ad Position 21
No active advertisement
ਅਜੀਤ ਡੈਸਕ 17-08-2026

ਦੇਸ਼ ਭਰ ਵਿਚ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਹੈ | ਹਰ ਸਾਲ ਦੀ ਤਰ੍ਹਾਂ ਇਤਿਹਾਸਕ ਲਾਲ ਕਿਲ੍ਹੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 13ਵੀਂ ਵਾਰ ਦੇਸ਼ ਦੇ ਲੋਕਾਂ ਨੂੰ  ਸੰਬੋਧਨ ਕੀਤਾ ਹੈ | ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਜਿਥੇ 2014 ਤੋਂ ਬਾਅਦ ਪ੍ਰਧਾਨ ਮੰਤਰੀ ਵਜੋਂ ਆਪਣੇ ਦੋ ਪਿਛਲੇ ਕਾਰਜਕਾਲਾਂ ਅਤੇ ਵਰਤਮਾਨ ਚੱਲ ਰਹੇ ਕਾਰਜਕਾਲ ਦੀਆਂ ਵੱਡੀਆਂ ਪ੍ਰਾਪਤੀਆਂ ਗਿਣਾਈਆਂ ਹਨ, ਉਥੇ ਉਨ੍ਹਾਂ ਨੇ 2047 ਤੱਕ ਦੇਸ਼ ਨੂੰ  ਇਕ ਵਿਕਸਿਤ ਰਾਸ਼ਟਰ ਬਣਾਉਣ ਦੀ ਆਪਣੀ ਕਾਰਜ ਯੋਜਨਾ ਦੀ ਵੀ ਇਕ ਵਾਰ ਫਿਰ ਤੋਂ ਰੂਪਰੇਖਾ ਪੇਸ਼ ਕੀਤੀ ਹੈ | 
ਉਨ੍ਹਾਂ ਨੇ ਇਹ ਦਾਅਵਾ ਵੀ ਕੀਤਾ ਕਿ 2014 ਤੋਂ ਪਹਿਲਾਂ ਦੇਸ਼ ਧੀਮੀ ਰਫ਼ਤਾਰ ਨਾਲ ਤਰੱਕੀ ਕਰ ਰਿਹਾ ਸੀ, ਪਰ 2014 ਤੋਂ ਬਾਅਦ ਦੇਸ਼ ਦੇ ਵਿਕਾਸ ਦੀ ਰਫ਼ਤਾਰ ਪਹਿਲਾਂ ਨਾਲੋਂ ਕਿਤੇ ਵੱਧ ਤੇਜ਼ ਹੋਈ ਹੈ | ਮਿਸਾਲ ਦੇ ਤੌਰ 'ਤੇ ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ 70 ਸ਼ਹਿਰਾਂ ਨੂੰ  ਹੀ ਪਾਈਪ ਰਾਹੀਂ ਗੈਸ ਸਪਲਾਈ ਕੀਤੀ ਜਾਂਦੀ ਸੀ, ਹੁਣ 700 ਸ਼ਹਿਰਾਂ ਨੂੰ  ਗੈਸ ਪਾਈਪ ਲਾਈਨ ਰਾਹੀਂ ਸਪਲਾਈ ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਲਰ ਊਰਜਾ ਦਾ ਉਤਪਾਦਨ 106 ਗੀਗਾ ਵਾਟ ਤੱਕ ਵਧ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 90 ਸਾਲਾਂ ਵਿਚ ਰੇਲਵੇ ਨੈੱਟਵਰਕ ਦਾ ਸਿਰਫ਼ 30 ਫ਼ੀਸਦੀ ਬਿਜਲੀਕਰਨ ਹੋਇਆ ਸੀ, ਜਦੋਂ ਕਿ ਹੁਣ ਇਹ 100 ਫ਼ੀਸਦੀ ਹੋ ਚੁੱਕਾ ਹੈ | ਉਨ੍ਹਾਂ ਨੇ ਅੰਤਰ-ਰਾਸ਼ਟਰੀ ਪੱਧਰ 'ਤੇ ਭਾਰਤ ਦੇ ਵਧ ਰਹੇ ਵਪਾਰਕ ਰਿਸ਼ਤਿਆਂ ਦੀ ਚਰਚਾ ਕਰਦਿਆਂ ਕਿਹਾ ਕਿ ਹੁਣ ਤੱਕ 40 ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਹੋ ਚੁੱਕੇ ਹਨ | ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਇੰਸ ਤਕਨਾਲੋਜੀ ਤੇ ਹੋਰ ਤਕਨੀਕੀ ਖੇਤਰਾਂ ਵਿਚ ਵੀ ਭਾਰਤ ਨੇ ਚੋਖਾ ਵਿਕਾਸ ਕੀਤਾ ਹੈ | 2047 ਤੱਕ ਭਾਰਤ ਨੂੰ  ਵਿਕਸਿਤ ਰਾਸ਼ਟਰ ਬਣਾਉਣ ਲਈ ਉਨ੍ਹਾਂ ਨੇ 7 ਮਹੱਤਵਪੂਰਨ ਖੇਤਰਾਂ ਦੇ ਵਿਕਾਸ 'ਤੇ ਜ਼ੋਰ ਦਿੰਦਿਆਂ (ਸਪਤਧਾਰਾ) ਦੇ ਨਾਂਅ ਦਾ ਸੱਤ ਨੁਕਤਿਆਂ 'ਤੇ ਆਧਾਰਿਤ ਸੂਤਰ ਪੇਸ਼ ਕੀਤਾ ਹੈ | ਉਨ੍ਹਾਂ ਨੇ ਕਿਹਾ ਕਿ ਨਿਰਮਾਣ, ਬਿਜਲੀ ਉਤਪਾਦਨ, ਡਿਜ਼ਾਈਨਿੰਗ, ਸਪਲਾਈ ਲੜੀ, ਆਦਿ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ਅਤੇ ਭਾਰਤ ਨੂੰ  ਦੁਨੀਆ ਦੀ ਸਪਲਾਈ ਲੜੀ ਦਾ ਕੇਂਦਰ ਬਣਾਉਣ ਦੀ ਜ਼ਰੂਰਤ ਹੈ | ਇਸ ਲਈ ਸਾਨੂੰ ਆਪਣੇ ਨਿਰਮਾਣਾਂ ਦੀ ਲਾਗਤ ਘਟਾਉਣ, ਉਨ੍ਹਾਂ ਵਿਚ ਗੁਣਾਤਮਿਕ ਤੌਰ 'ਤੇ ਵਾਧਾ ਕਰਨ, ਖਪਤਕਾਰ ਪੱਖੀ ਅਤੇ ਮੁਕਾਬਲੇ ਯੋਗ ਉਤਪਾਦ ਤਿਆਰ ਕਰਨ 'ਤੇ ਜ਼ੋਰ ਦੇਣ ਦੀ ਲੋੜ ਹੈ | ਖੁਰਾਕ ਉਤਪਾਦਨ ਤੇ ਪ੍ਰੋਸੈਸਿੰਗ, ਤਕਨਾਲੋਜੀ ਅਤੇ ਨਵੀਨੀਕਰਨ, ਨਵੇਂ ਜ਼ਮੀਨੀ ਸ਼ਾਹਮਾਰਗ ਅਤੇ ਸਮੁੰਦਰੀ ਮਾਰਗ, ਮਜ਼ਬੂਤ ਸੁਰੱਖਿਆ, ਵਾਤਾਵਰਨ ਪੱਖੀ ਨਵੀਂ ਊਰਜਾ ਆਦਿ ਦੇ ਖੇਤਰਾਂ ਨੂੰ  ਵੀ ਵਿਸ਼ੇਸ਼ ਤਰਜੀਹ ਦੇਣ ਦੀ ਜ਼ਰੂਰਤ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਭਾਰਤ ਦੇ ਵਿਕਾਸ ਵਿਚ ਸੈਮੀਕੰਡਕਟਰ ਚਿੱਪਾਂ, ਦੁਰਲਭ ਖਣਿਜਾਂ,  ਡਾਟਾ ਸੈਂਟਰ 'ਤੇ ਡਿਜੀਟਲ ਤਕਨੀਕ ਦਾ ਵਿਸ਼ੇਸ਼ ਯੋਗਦਾਨ ਰਹੇਗਾ | ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤ ਨੂੰ  ਦੇਸ਼ ਵਿਦੇਸ਼ ਵਿਚ ਮਾਣ ਦਿਵਾਉਣ ਵਾਲੇ ਖੇਤਰਾਂ (ਸਾਫਟ ਪਾਵਰ) ਜਿਵੇਂ ਕਿ ਯੋਗਾ, ਰੂਹਾਨੀ ਕੇਂਦਰਾਂ, ਸਿਹਤ ਸੇਵਾਵਾਂ ਦੇ ਸਿਸਟਮ, ਮਨੋਰੰਜਨ, ਸੈਰ ਸਪਾਟਾ ਆਦਿ ਦੇ ਖੇਤਰਾਂ ਨੂੰ  ਵੀ ਅਹਿਮੀਅਤ ਦੇਣੀ ਪਵੇਗੀ | ਪ੍ਰਧਾਨ ਮੰਤਰੀ ਨੇ ਆਪਣੇ 76 ਮਿੰਟ ਦੇ ਭਾਸ਼ਨ ਵਿਚ 27 ਮਿੰਟ ਤੱਕ 2047 ਤੱਕ ਦੇਸ਼ ਨੂੰ  ਵਿਕਸਿਤ ਰਾਸ਼ਟਰ ਬਣਾਉਣ ਸੰਬੰਧੀ ਆਪਣੀ ਪ੍ਰਤੀਬੱਧਤਾ ਸੰਬੰਧੀ ਵਿਚਾਰ ਪੇਸ਼ ਕੀਤੇ | ਪ੍ਰਧਾਨ ਮੰਤਰੀ ਦੇ ਇਸ ਭਾਸ਼ਨ 'ਤੇ ਪਿਛਲੇ ਦਿਨੀਂ ਜੰਤਰ-ਮੰਤਰ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿਚ ਨੌਜਵਾਨਾਂ (ਜੈੱਨ-ਜ਼ੀ) ਵਲੋਂ ਆਪਣੇ ਮਸਲਿਆਂ ਨੂੰ  ਲੈ ਕੇ  ਵਲੋਂ ਕੀਤੇ ਗਏ ਅੰਦੋਲਨਾਂ ਦਾ ਪ੍ਰਭਾਵ ਵੀ ਸਪੱਸ਼ਟ ਨਜ਼ਰ ਆ ਰਿਹਾ ਸੀ | ਉਨ੍ਹਾਂ ਨੇ ਵਾਰ-ਵਾਰ ਭਾਸ਼ਨ ਵਿਚ ਨੌਜਵਾਨਾਂ ਦਾ ਜ਼ਿਕਰ ਕੀਤਾ | ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਵਿਕਾਸ ਨੂੰ  ਨੌਜਵਾਨਾਂ ਦੇ ਵਿਕਾਸ ਨਾਲ ਜੋੜਨ ਦੀ ਲੋੜ ਹੈ | ਨੌਜਵਾਨਾਂ ਲਈ ਵਿਸ਼ੇਸ਼ ਯੋਜਨਾ ਦਾ ਐਲਾਨ ਕਰਦਿਆਂ ਕਿਹਾ ਕਿ ਇਕ ਕਰੋੜ ਨੌਜਵਾਨਾਂ ਨੂੰ  ਏ.ਆਈ. ਦੀ ਤਕਨੀਕ ਸੰਬੰਧੀ ਸਿੱਖਿਆ ਦੇਣ ਅਤੇ ਵੱਖ-ਵੱਖ ਦਾਖ਼ਲਾ ਪ੍ਰੀਖਿਆਵਾਂ ਦੀ ਆਨਲਾਈਨ ਕੋਚਿੰਗ ਮੁਹੱਈਆ ਕਰਨ ਲਈ ਕਦਮ ਚੁੱਕੇ ਜਾਣਗੇ, ਤਾਂ ਜੋ ਨੌਜਵਾਨ ਆਪਣੇ ਪਿੰਡਾਂ ਤੇ ਸ਼ਹਿਰਾਂ ਵਿਚ ਰਹਿ ਕੇ ਆਨਲਾਈਨ ਕੋਚਿੰਗ ਹਾਸਿਲ ਕਰ ਕੇ ਮੁਕਾਬਲੇ ਦੇ ਦਾਖ਼ਲਾ ਇਮਤਿਹਾਨਾਂ ਦੀ ਤਿਆਰੀ ਕਰ ਸਕਣ |
ਦੇਸ਼ ਦੀ ਅੰਦਰੂਨੀ ਸੁਰੱਖਿਆ ਸਥਿਤੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਨਕਸਲਵਾਦ ਅਤੇ ਮਾਓਵਾਦ ਨੂੰ  ਖ਼ਤਮ ਕਰ ਦਿੱਤਾ ਗਿਆ ਹੈ ਅਤੇ ਉਹ ਆਖ਼ਰੀ ਸਾਹਾਂ 'ਤੇ ਹੈ | ਇਸ ਦੇ ਨਾਲ ਹੀ ਉਨ੍ਹਾਂ ਨੇ 'ਦਿਮਾਗ਼ੀ ਨਕਸਲਵਾਦ' ਤੋਂ ਚੌਕਸ ਰਹਿਣ ਦੀ ਵੀ ਚਿਤਾਵਨੀ ਦਿੱਤੀ | ਕਈ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨ ਮੰਤਰੀ ਵਲੋਂ ਵਰਤੇ ਗਏ ਇਸ ਦਿਮਾਗ਼ੀ ਨਕਸਲਵਾਦ ਦੇ ਸ਼ਬਦ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ ਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ ਇਸ ਸ਼ਬਦ ਦੀ ਵਰਤੋਂ ਆਪਣੇ ਵਿਚਾਰਧਾਰਕ ਅਤੇ ਰਾਜਨੀਤਕ ਵਿਰੋਧੀਆਂ ਲਈ ਕੀਤੀ ਹੈ | ਉਹ ਦੇਸ਼ ਦੀਆਂ ਸਮੱਸਿਆਵਾਂ ਨੂੰ  ਸਮਝ ਕੇ ਉਨ੍ਹਾਂ ਨੂੰ  ਹੱਲ ਕਰਨ ਦੀ ਥਾਂ 'ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਵਾਰ ਲਾਲ ਕਿਲ੍ਹੇ 'ਤੇ ਹੋਏ ਸਮਾਰੋਹ ਦੀ ਇਕ ਵਿਸ਼ੇਸ਼ ਗੱਲ ਇਹ ਵੀ ਰਹੀ ਕਿ ਪਹਿਲੀ ਵਾਰ ਰਾਸ਼ਟਰੀ ਗੀਤ ਵੰਦੇ ਮਾਤਰਮ ਗਾਇਆ ਗਿਆ | ਪਿਛਲੀ ਵਾਰ ਦੀ ਤਰ੍ਹਾਂ ਹੀ ਕਾਂਗਰਸ ਦੇ ਪ੍ਰਧਾਨ ਮਲਿਕਅਰਜਨ ਖੜਗੇ ਤੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਇਸ ਵਾਰ ਵੀ ਇਸ ਸਮਾਗਮ ਵਿਚੋਂ ਗੈਰ ਹਾਜ਼ਰ ਰਹੇ |
ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਨੂੰ  ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਵੀ ਰਾਸ਼ਟਰ ਨੂੰ  ਸੰਬੋਧਨ ਕੀਤਾ | ਉਨ੍ਹਾਂ ਨੇ ਵੀ ਆਪਣੇ ਸੰਬੋਧਨ ਵਿਚ 2047 ਤੱਕ ਭਾਰਤ ਨੂੰ  ਵਿਕਸਿਤ ਰਾਸ਼ਟਰ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੇ ਇਹ ਵੀ ਆਸ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਵਰਿ੍ਹਆਂ ਵਿਚ ਦੇਸ਼ ਦੀ ਵਿਕਾਸ ਦਰ ਵਿਸ਼ਵ ਦੀ ਔਸਤਨ ਵਿਕਾਸ ਦਰ ਨਾਲੋਂ ਦੋ ਗੁਣਾ ਵਧ ਰਹੇਗੀ | ਸਮੁੱਚੇ ਤੌਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਦੇਸ਼ ਨੇ ਪਿਛਲੇ 80 ਸਾਲਾਂ ਵਿਚ ਵੱਖ-ਵੱਖ ਪੱਖਾਂ ਤੋਂ ਚੋਖਾ ਵਿਕਾਸ ਕੀਤਾ ਹੈ | ਪਰ ਇਸ ਦੇ ਬਾਵਜੂਦ ਦੇਸ਼ ਦੀ ਆਬਾਦੀ ਵੀ ਤੇਜ਼ੀ ਨਾਲ ਵਧੀ ਹੈ ਅਤੇ ਲੋਕਾਂ ਦੀਆਂ ਲੋੜਾਂ ਵੀ ਕਈ ਗੁਣਾ ਵਧੀਆਂ ਹਨ | ਦੇਸ਼ ਦੇ ਨੌਜਵਾਨਾਂ ਨੂੰ  ਚੰਗੀ ਸਿੱਖਿਆ, ਚੰਗੀਆਂ ਸਿਹਤ ਸੇਵਾਵਾਂ ਅਤੇ ਰੁਜ਼ਗਾਰ ਦੇ ਵਧੇਰੇ ਅਵਸਰਾਂ ਦੀ ਲੋੜ ਹੈ | ਜੇਕਰ ਕੇਂਦਰ ਅਤੇ ਹੋਰ ਸੂਬਾਈ ਸਰਕਾਰਾਂ ਲੋਕਾਂ ਦੀਆਂ ਇਨ੍ਹਾਂ ਲੋੜਾਂ ਨੂੰ  ਪੂਰੀਆਂ ਕਰਨ ਵਿਚ ਸਫ਼ਲ ਹੁੰਦੀਆਂ ਹਨ, ਤਾਂ ਹੀ ਭਾਰਤ ਸਹੀ ਅਰਥਾਂ ਵਿਚ ਇਕ ਵਿਕਸਿਤ ਰਾਸ਼ਟਰ ਬਣ ਸਕੇਗਾ | ਖ਼ਾਸ ਕਰਕੇ ਸਰਕਾਰਾਂ ਨੂੰ  ,ਨੌਜਵਾਨਾਂ ਵਿਚ ਬੇਰੁਜ਼ਗਾਰੀ ਕਾਰਨ ਪੈਦਾ ਹੋ ਰਹੀ ਬੇਚੈਨੀ ਵੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਆਓ ਵਿਰਾਸਤ ਸੰਭਾਲੀਏ ਅਗਲੀ ਖ਼ਬਰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨੇ ਪੇਸ਼ ਕੀਤੀ ਵਿਕਸਿਤ ਰਾਸ਼ਟਰ ਦੀ ਰੂਪਰੇਖਾ
Ad Position 24