ਪੰਜ ਦਹਾਕਿਆਂ ਤੋਂ ਵੱਧ ਸਮੇਂ ਤੋਂ ਪੰਜਾਬ ਦੇ ਕਿਸਾਨ ਭਾਰਤ ਦੀ ਖੁਰਾਕ ਸੁਰੱਖਿਆ ਦੀ ਰੀੜ੍ਹ ਦੀ ਹੱਡੀ ਬਣੇ ਰਹੇ ਹਨ | ਝੋਨਾ-ਕਣਕ ਫ਼ਸਲੀ ਪ੍ਰਣਾਲੀ ਰਾਹੀਂ ਪੰਜਾਬ ਨੇ ਦੇਸ਼ ਦੇ ਅਨਾਜ ਭੰਡਾਰ ਵਿਚ ਆਪਣੀ ਸਮਰੱਥਾ ਤੋਂ ਕਿਤੇ ਵੱਧ ਯੋਗਦਾਨ ਪਾਇਆ ਹੈ | ਪਰ ਇਸ ਪ੍ਰਾਪਤੀ ਦੀ ਵਾਤਾਵਰਨ ਪੱਖੋਂ ਕੀਮਤ ਵੀ ਬਹੁਤ ਵੱਡੀ ਚੁਕਾਉਣੀ ਪੈ ਰਹੀ ਹੈ | ਇਕੱਲੇ ਝੋਨੇ ਦੀ ਫ਼ਸਲ ਹੀ ਰਾਜ ਵਿਚ ਸਾਉਣੀ ਮੌਸਮ ਦੌਰਾਨ ਕਾਸ਼ਤ ਹੇਠਲੇ ਰਕਬੇ ਦੇ ਲਗਭਗ 87 ਫ਼ੀਸਦੀ ਹਿੱਸੇ 'ਤੇ ਬੀਜੀ ਜਾਂਦੀ ਹੈ ਤੇ ਇਸ ਦੀ ਸਾਲਾਨਾ ਪੈਦਾਵਾਰ 14 ਮਿਲੀਅਨ ਟਨ ਤੋਂ ਵੱਧ ਹੈ | ਇਸ ਪੈਦਾਵਾਰ ਨੂੰ ਕਾਇਮ ਰੱਖਣ ਲਈ ਧਰਤੀ ਹੇਠਲੇ ਪਾਣੀ 'ਤੇ ਬਹੁਤ ਜ਼ਿਆਦਾ ਨਿਰਭਰਤਾ ਰਹੀ ਹੈ | ਰਾਜ ਦੀ ਲਗਭਗ 73 ਫ਼ੀਸਦੀ ਸਿੰਚਾਈ ਧਰਤੀ ਹੇਠਲੇ ਪਾਣੀ (ਟਿਊਬਵੈੱਲਾਂ) ਤੋਂ ਹੁੰਦੀ ਹੈ, ਜੋ ਤੇਜ਼ੀ ਨਾਲ ਘਟ ਰਿਹਾ ਹੈ | ਘਟਦੀ ਫ਼ਸਲ ਪੈਦਾਵਾਰ, ਵਧਦੀਆਂ ਖੇਤੀ ਲਾਗਤਾਂ, ਛੋਟੇ ਕਿਸਾਨ, ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਨਾਲ ਪੈਦਾ ਹੋਣ ਵਾਲਾ ਪ੍ਰਦੂਸ਼ਣ ਅਤੇ ਲਗਾਤਾਰ ਅਨਿਸਚਿਤ ਹੁੰਦਾ ਮੌਸਮ, ਇਹ ਸਾਰੇ ਤੱਥ ਸਪੱਸ਼ਟ ਕਰਦੇ ਹਨ ਕਿ ਝੋਨਾ-ਕਣਕ ਫ਼ਸਲੀ ਪ੍ਰਣਾਲੀ ਭਾਵੇਂ ਪੈਦਾਵਾਰ ਪੱਖੋਂ ਕਾਰਗਰ ਹੋਵੇ, ਪਰ ਹੁਣ ਹਵਾ-ਪਾਣੀ ਸੰਭਾਲਣ ਦੇ ਮਾਮਲੇ 'ਚ ਆਖਰੀ ਲੀਹਾਂ ਤੱਕ ਪਹੁੰਚ ਰਹੀ ਹੈ | ਇੱਥੇ ਹੀ ਸੰਯੁਕਤ ਖੇਤੀ ਪ੍ਰਣਾਲੀ ਕਿਸਾਨਾਂ ਲਈ ਇਕ ਵਿਆਪਕ ਤੇ ਵਿਗਿਆਨਕ ਤੌਰ 'ਤੇ ਸਹੀ ਰਾਹ ਪੇਸ਼ ਕਰਦੀ ਹੈ |

ਸੰਯੁਕਤ ਖੇਤੀ ਪ੍ਰਣਾਲੀ ਕੀ ਹੈ?
ਸੰਯੁਕਤ ਖੇਤੀ ਪ੍ਰਣਾਲੀ ਕੋਈ ਇਕ ਤਕਨੀਕ ਨਹੀਂ, ਸਗੋਂ ਪੂਰੇ ਖੇਤ ਨੂੰ ਸੰਗਠਿਤ ਕਰਨ ਦਾ ਇਕ ਤਰੀਕਾ ਹੈ | ਇਸ ਵਿਚ ਇਕੋ ਖੇਤ ਵਿਚ ਫ਼ਸਲਾਂ ਦੇ ਨਾਲ ਪਸ਼ੂ ਪਾਲਣ, ਬਾਗ਼ਬਾਨੀ, ਮੱਛੀ ਪਾਲਣ, ਪੋਲਟਰੀ, ਮਧੂਮੱਖੀ ਪਾਲਣ, ਖੁੰਬ ਉਤਪਾਦਨ, ਖੇਤੀ-ਵਣ ਪ੍ਰਣਾਲੀ ਅਤੇ ਹੋਰ ਸਹਾਇਕ ਧੰਦੇ ਸ਼ਾਮਿਲ ਕੀਤੇ ਜਾਂਦੇ ਹਨ | ਇਸ ਤਰ੍ਹਾਂ ਇਕ ਹਿੱਸੇ ਤੋਂ ਨਿਕਲਣ ਵਾਲਾ ਉਪ-ਉਤਪਾਦ ਜਾਂ ਰਹਿੰਦ-ਖੂੰਹਦ ਦੂਜੇ ਹਿੱਸੇ ਲਈ ਸਰੋਤ ਬਣ ਜਾਂਦਾ ਹੈ | ਫ਼ਸਲਾਂ ਦੀ ਰਹਿੰਦ-ਖੂੰਹਦ ਪਸ਼ੂਆਂ ਲਈ ਚਾਰੇ ਵਜੋਂ ਵਰਤੀ ਜਾ ਸਕਦੀ ਹੈ, ਪਸ਼ੂਆਂ ਦਾ ਗੋਬਰ ਬਾਇਓਗੈਸ ਪਲਾਂਟ 'ਚ ਵਰਤਣ ਦੇ ਨਾਲ ਕੰਪੋਸਟ ਨੂੰ ਪੌਸ਼ਟਿਕ ਬਣਾਉਂਦੇ ਹਨ ਤੇ ਇਹ ਕੰਪੋਸਟ ਅਗਲੀ ਫ਼ਸਲ ਲਈ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦੀ ਹੈ | ਖੇਤ ਦੇ ਤਲਾਬਾਂ 'ਚ ਮੀਂਹ ਦਾ ਪਾਣੀ ਇਕੱਠਾ ਕਰਕੇ ਮੱਛੀ ਪਾਲਣ ਅਤੇ ਲੋੜ ਅਨੁਸਾਰ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ | ਖੇਤ ਦੀਆਂ ਵੱਟਾਂ 'ਤੇ ਲਾਏ ਦਰੱਖਤ ਚਾਰਾ, ਬਾਲਣ, ਇਮਾਰਤੀ ਲੱਕੜ ਤੇ ਵਾਧੂ ਆਮਦਨ ਪ੍ਰਦਾਨ ਕਰਦੇ ਹਨ | ਕਿਸਾਨ ਨੂੰ ਇਕੋ ਵਾਰ ਸਾਰੇ ਹਿੱਸੇ ਅਪਣਾਉਣ ਦੀ ਲੋੜ ਨਹੀਂ ਹੈ | ਮੁੱਖ ਸਿਧਾਂਤ ਇਹ ਹੈ ਕਿ ਸਥਾਨਕ ਮਿੱਟੀ, ਪਾਣੀ ਤੇ ਮੰਡੀ ਦੀਆਂ ਸਥਿਤੀਆਂ ਅਨੁਸਾਰ ਢੁਕਵੇਂ ਹਿੱਸਿਆਂ ਦੀ ਚੋਣ ਕੀਤੀ ਜਾਵੇ ਤਾਂ ਜੋ ਸਰੋਤ ਖੇਤ ਦੇ ਅੰਦਰ ਹੀ ਚੱਕਰ ਵਿਚ ਵਰਤੇ ਜਾਣ ਤੇ ਕੋਈ ਵੀ ਧੰਦਾ ਪੂਰੀ ਤਰ੍ਹਾਂ ਇਕੱਲਾ ਨਾ ਰਹੇ |
ਪੀ. ਏ. ਯੂ. 'ਚ ਵਿਕਸਤ ਸੰਯੁਕਤ ਖੇਤੀ ਪ੍ਰਣਾਲੀ ਮਾਡਲ: 2018 ਤੋਂ 2024 ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਵਿਕਸਤ ਕੀਤੇ ਗਏ 2.5 ਏਕੜ ਦੇ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਤੋਂ ਇਕੱਠੇ ਕੀਤੇ ਖੇਤ-ਪੱਧਰੀ ਅੰਕੜੇ ਇਨ੍ਹਾਂ ਦਾਅਵਿਆਂ ਦੀ ਆਰਥਿਕ ਪੱਖੋਂ ਪੁਸ਼ਟੀ ਕਰਦੇ ਹਨ | ਔਸਤਨ ਇਕ ਸੰਯੁਕਤ ਖੇਤੀ ਪ੍ਰਣਾਲੀ ਮਾਡਲ ਖੇਤ ਨੇ ਲਗਭਗ 10.53 ਲੱਖ ਰੁਪਏ ਦੀ ਸਾਲਾਨਾ ਕੁੱਲ ਆਮਦਨ ਪੈਦਾ ਕੀਤੀ, ਜਦਕਿ ਉਤਪਾਦਨ ਲਾਗਤ ਲਗਭਗ 4.30 ਲੱਖ ਰੁਪਏ ਰਹੀ | ਇਸ ਤਰ੍ਹਾਂ ਲਗਭਗ 6.23 ਲੱਖ ਰੁਪਏ ਦੀ ਸਾਲਾਨਾ ਸ਼ੁੱਧ ਆਮਦਨ ਪ੍ਰਾਪਤ ਹੋਈ, ਜੋ ਇਸੇ ਆਕਾਰ ਦੇ ਕਿਸੇ ਇਕਲੇ ਅਨਾਜ-ਆਧਾਰਿਤ ਧੰਦੇ ਨਾਲੋਂ ਕਾਫ਼ੀ ਬਿਹਤਰ ਆਰਥਿਕ ਸੰਭਾਵਨਾ ਦਰਸਾਉਂਦੀ ਹੈ |
ਡੇਅਰੀ ਖੇਤੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਬਣ ਕੇ ਸਾਹਮਣੇ ਆਉਂਦੀ ਹੈ ਅਤੇ ਇਕੱਲੀ ਹੀ ਕੁੱਲ ਸ਼ੁੱਧ ਆਮਦਨ ਦੇ ਅੱਧੇ ਤੋਂ ਵੱਧ ਹਿੱਸੇ 'ਚ ਯੋਗਦਾਨ ਪਾਉਂਦੀ ਹੈ | ਖੇਤੀ ਫ਼ਸਲਾਂ ਮਹੱਤਵਪੂਰਨ ਰਹਿੰਦੀਆਂ ਹਨ, ਪਰ ਹੁਣ ਆਮਦਨ ਦਾ ਮੁੱਖ ਸਰੋਤ ਨਹੀਂ ਰਹਿੰਦੀਆਂ, ਇਹ ਸ਼ੁੱਧ ਆਮਦਨ 'ਚ ਲਗਭਗ ਪੰਜਵਾਂ ਹਿੱਸਾ ਪਾਉਂਦੀਆਂ ਹਨ | ਬਾਕੀ ਆਮਦਨ ਬਾਗ਼ਬਾਨੀ, ਬੱਕਰੀ ਪਾਲਣ, ਮੱਛੀ ਪਾਲਣ, ਖੇਤੀ-ਵਣ ਪ੍ਰਣਾਲੀ, ਵੱਟਾਂ 'ਤੇ ਹਰੇ ਚਾਰੇ ਦੀਆਂ ਫ਼ਸਲਾਂ, ਰੁੱਖ ਲਾਉਣ ਅਤੇ ਘਰ ਦੀ ਬਗ਼ੀਚੀ ਵਿਚ ਸਬਜ਼ੀਆਂ ਦੀ ਕਾਸ਼ਤ ਤੋਂ ਮਿਲਦੀ ਹੈ | ਖ਼ਾਸ ਤੌਰ 'ਤੇ ਖੇਤੀ-ਵਣ ਪ੍ਰਣਾਲੀ, ਵੱਟਾਂ 'ਤੇ ਰੁੱਖ ਲਗਾਉਣ ਅਤੇ ਸਬਜ਼ੀਆਂ ਦੀ ਕਾਸ਼ਤ ਵਰਗੇ ਕੁਝ ਛੋਟੇ ਧੰਦੇ ਤੁਲਨਾਤਮਿਕ ਤੌਰ 'ਤੇ ਘੱਟ ਨਿਵੇਸ਼ ਦੀ ਮੰਗ ਕਰਦੇ ਹਨ, ਪਰ ਮੁਨਾਫ਼ੇ ਵਿਚ ਚੰਗਾ ਯੋਗਦਾਨ ਪਾਉਂਦੇ ਹਨ | ਇਹ ਦਰਸਾਉਂਦਾ ਹੈ ਕਿ ਜਦੋਂ ਖੇਤ ਦੀਆਂ ਵੱਟਾਂ, ਘਰ ਦੇ ਆਲੇ-ਦੁਆਲੇ ਦੀ ਜਗ੍ਹਾ ਅਤੇ ਸੀਮਾਂਤ ਜ਼ਮੀਨ ਨੂੰ ਵੀ ਖੇਤੀ ਪ੍ਰਣਾਲੀ ਦਾ ਹਿੱਸਾ ਬਣਾਇਆ ਜਾਵੇ ਤਾਂ ਉਨ੍ਹਾਂ ਨੂੰ ਘੱਟ ਜ਼ੋਖ਼ਮ ਵਾਲੇ ਉਤਪਾਦਕ ਆਮਦਨ ਸਰੋਤਾਂ 'ਚ ਬਦਲਿਆ ਜਾ ਸਕਦਾ ਹੈ |
ਪੰਜਾਬ ਦੇ ਕਿਸਾਨਾਂ ਲਈ ਅਗਾਂਹਵਧੂ ਸੋਚ
ਝੋਨਾ-ਕਣਕ ਦੀ ਇਕ ਫ਼ਸਲੀ ਚੱਕਰ ਤੋਂ ਸੰਯੁਕਤ ਖੇਤੀ ਪ੍ਰਣਾਲੀ ਵੱਲ ਬਦਲਾਅ ਰਾਤੋ-ਰਾਤ ਨਹੀਂ ਹੋ ਸਕਦਾ ਅਤੇ ਇਸ ਦਾ ਮਤਲਬ ਇਹ ਵੀ ਨਹੀਂ ਕਿ ਅਨਾਜ ਦੀ ਕਾਸ਼ਤ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਜਾਵੇ | ਇਸ ਦਾ ਅਰਥ ਹੈ ਕਿ ਹੌਲੀ-ਹੌਲੀ ਖੇਤ ਨੂੰ ਇਸ ਤਰ੍ਹਾਂ ਪੁਨਰ-ਸੰਗਠਿਤ ਕੀਤਾ ਜਾਵੇ ਕਿ ਪਸ਼ੂ ਪਾਲਣ, ਬਾਗ਼ਬਾਨੀ, ਖੇਤੀ-ਵਣ ਪ੍ਰਣਾਲੀ ਅਤੇ ਪਾਣੀ ਸੰਭਾਲ ਦੇ ਢਾਂਚੇ ਖੇਤ ਫ਼ਸਲਾਂ ਦੇ ਨਾਲ ਮਿਲ ਕੇ ਕੰਮ ਕਰਨ, ਨਾ ਕਿ ਇਨ੍ਹਾਂ ਨੂੰ ਵੱਖ-ਵੱਖ ਅਤੇ ਇਕ-ਦੂਜੇ ਤੋਂ ਅਲੱਗ ਗਤੀਵਿਧੀਆਂ ਵਜੋਂ ਦੇਖਿਆ ਜਾਵੇ | ਜਿਹੜੇ ਕਿਸਾਨ ਆਪਣੇ ਖੇਤਾਂ 'ਤੇ ਸੰਯੁਕਤ ਖੇਤੀ ਪ੍ਰਣਾਲੀ ਅਪਣਾਉਣ ਵਿਚ ਦਿਲਚਸਪੀ ਰੱਖਦੇ ਹਨ, ਉਹ ਆਪਣੇ ਨੇੜਲੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹਨ |
-ਸਕੂਲ ਆਫ਼ ਆਰਗੈਨਿਕ ਐਂਡ ਨੈਚੁਰਲ ਫਾਰਮਿੰਗ, ਪੀ.ਏ.ਯੂ. ਲੁਧਿਆਣਾ |