25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਆਤਿਸ਼ਬਾਜ਼ੀ : ਇਤਿਹਾਸ, ਸਮਾਜ ਤੇ ਬਾਜ਼ਾਰ

ਆਤਿਸ਼ਬਾਜ਼ੀ : ਇਤਿਹਾਸ, ਸਮਾਜ ਤੇ ਬਾਜ਼ਾਰ

Ad Position 21
No active advertisement
ਅਜੀਤ ਡੈਸਕ 25-10-2026

ਭਾਰਤ ਵਿਚ ਸ਼ੁੱਭ ਮੌਕੇ 'ਤੇ ਦੀਵੇ ਜਗਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ, ਜਦਕਿ ਬਾਰੂਦ ਵਾਲੇ ਪਟਾਕਿਆਂ ਦੀ ਵਰਤੋਂ ਬਾਅਦ ਵਿਚ ਪ੍ਰਚੱਲਿਤ ਹੋਈ |

ਆਤਿਸ਼ਬਾਜ਼ੀ ਦਾ ਮੁੱਢਲਾ ਵਿਕਾਸ ਚੀਨ ਵਿਚ ਹੋਇਆ ਮੰਨਿਆ ਜਾਂਦਾ ਹੈ | ਬਾਅਦ ਵਿਚ ਇਹ ਤਕਨੀਕ ਏਸ਼ੀਆ ਦੇ ਹੋਰ ਇਲਾਕਿਆਂ ਅਤੇ ਭਾਰਤ ਤੱਕ ਪਹੁੰਚੀ | ਜੇਕਰ ਇਤਿਹਾਸਕ ਤੌਰ 'ਤੇ ਵਾਚਿਆ ਜਾਵੇ ਤਾਂ ਬਾਬਰ ਦੇ ਸਮੇਂ ਤੋਂ ਭਾਰਤ ਵਿਚ ਮੁਗਲਾਂ ਵੱਲੋਂ ਬਾਰੂਦ ਦੀ ਵਰਤੋਂ ਦੇ ਸਪੱਸ਼ਟ ਸਬੂਤ ਮਿਲਦੇ ਹਨ | ਪਰ ਬਾਬਰ ਨੇ ਹੀ ਭਾਰਤ ਵਿਚ ਆਤਿਸ਼ਬਾਜ਼ੀ ਸ਼ੁਰੂ ਕੀਤੀ ਸੀ, ਇਹ ਕਹਿਣਾ ਇਤਿਹਾਸਕ ਤੌਰ 'ਤੇ ਠੀਕ ਨਹੀਂ ਕਿਉਂਕਿ ਭਾਰਤ ਵਿਚ ਆਤਿਸ਼ਬਾਜ਼ੀ ਮੁਗਲਾਂ ਤੋਂ ਪਹਿਲਾਂ ਵੀ ਹੁੰਦੀ ਸੀ | ਸੰਨ 1443 ਵਿਚ ਵਿਜੇਨਗਰ ਸਾਮਰਾਜ ਦੇ ਮਹਾ-ਨਵਮੀ ਤਿਉਹਾਰ ਦੌਰਾਨ ਆਤਿਸ਼ਬਾਜ਼ੀ ਹੋਣ ਦਾ ਜ਼ਿਕਰ ਮਿਲਦਾ ਹੈ | ਇਸ ਤੋਂ ਇਲਾਵਾ ਗੁਜਰਾਤ ਵਿਚ ਆਤਿਸ਼ਬਾਜ਼ੀ ਬਣਨ ਦਾ ਪੁਰਾਣਾ ਸਬੂਤ ਮਿਲਦਾ ਹੈ | ਪੁਰਤਗਾਲੀ ਯਾਤਰੀ ਦੁਆਰਤੇ ਬਾਰਬੋਸਾ ਨੇ ਲਗਭਗ 1518 ਵਿਚ ਗੁਜਰਾਤ ਦੇ ਵਿਆਹਾਂ ਦੌਰਾਨ ਆਤਿਸ਼ਬਾਜ਼ੀ ਦਾ ਜ਼ਿਕਰ ਕੀਤਾ ਸੀ | ਇਹ ਮੁਗਲ ਸਾਮਰਾਜ ਦੀ ਸਥਾਪਨਾ ਤੋਂ ਵੀ ਪਹਿਲਾਂ ਦੀ ਗੱਲ ਹੈ | ਇਸ ਕਰਕੇ ਆਤਿਸ਼ਬਾਜ਼ੀ ਦੀ ਸ਼ੁਰੂਆਤ ਨੂੰ  ਕਿਸੇ ਇਕ ਮੁਗਲ ਬਾਦਸ਼ਾਹ ਨਾਲ ਜੋੜਨਾ ਸਹੀ ਨਹੀਂ | ਵਕਤ ਗੁਜਰਨ ਦੇ ਨਾਲ ਆਤਿਸ਼ਬਾਜ਼ੀ ਅਕਬਰ ਦੇ ਸ਼ਾਸਨ ਦੌਰਾਨ ਸ਼ਾਹੀ ਸਮਾਗਮਾਂ ਅਤੇ ਮਨੋਰੰਜਨ ਦਾ ਇਕ ਵਿਕਸਿਤ ਰੂਪ ਧਾਰਨ ਕਰ ਗਈ ਗਈ | ਅਕਬਰ ਦੇ ਦਰਬਾਰ ਵਿਚ ਆਤਿਸ਼ਬਾਜੀ ਨਾਲ ਸਬੰਧਿਤ ਕਾਰੀਗਰਾਂ ਅਤੇ ਬਾਰੂਦ ਦੀ ਵੱਖ-ਵੱਖ ਵਰਤੋਂ ਦਾ ਜ਼ਿਕਰ ਮਿਲਦਾ ਹੈ ਪਰ ਉਸ ਸਮੇਂ ਅੱਜ ਵਾਂਗ ਵੱਡੀਆਂ ਆਧੁਨਿਕ ਪਟਾਕਾ ਫੈਕਟਰੀਆਂ ਨਹੀਂ ਸਨ ਅਤੇ ਆਤਿਸ਼ਬਾਜ਼ੀ ਦਾ ਕੰਮ ਹੁਨਰਮੰਦ ਕਾਰੀਗਰ ਕਰਦੇ ਸਨ | ਉਸ ਸਮੇਂ ਮੁਗਲਾਂ ਦੇ ਸ਼ਾਹੀ ਕਾਰਖਾਨਿਆਂ ਨੂੰ  ਕਾਰਖਾਨਾ-ਏ-ਸ਼ਾਹੀ ਕਿਹਾ ਜਾਂਦਾ ਸੀ ਅਤੇ ਇਹ ਕਾਰਖਾਨੇ ਆਗਰਾ, ਫਤਹਿਪੁਰ ਸੀਕਰੀ, ਲਾਹੌਰ, ਦਿੱਲੀ ਅਤੇ ਅਹਿਮਦਾਬਾਦ ਵਿਚ ਸਥਿਤ ਸਨ | ਇੱਥੇ ਇਹ ਵਰਨਣਯੋਗ ਹੈ ਕਿ ਆਗਰਾ ਮੁਗਲ ਸਾਮਰਾਜ ਦਾ ਮਹੱਤਵਪੂਰਨ ਸ਼ਾਹੀ ਕੇਂਦਰ ਰਿਹਾ ਹੈ | ਫਤਹਿਪੁਰ ਸੀਕਰੀ ਅਕਬਰ ਦੇ ਸਮੇਂ ਸ਼ਾਹੀ ਕੇਂਦਰ ਸੀ | ਇਸੇ ਤਰ੍ਹਾਂ ਦਿੱਲੀ ਖ਼ਾਸ ਕਰਕੇ ਸ਼ਾਹਜਹਾਂ ਦੇ ਸਮੇਂ ਸ਼ਾਹੀ ਕਾਰਖਾਨਿਆਂ ਦਾ ਵੱਡਾ ਕੇਂਦਰ ਰਿਹਾ ਹੈ | ਅਹਿਮਦਾਬਾਦ ਮੁਗਲ ਕਾਲ ਦਾ ਇਕ ਹੋਰ ਮਹੱਤਵਪੂਰਨ ਕਾਰੀਗਰੀ ਕੇਂਦਰ ਸੀ ਅਤੇ ਲਾਹੌਰ ਪੰਜਾਬ ਦਾ ਪ੍ਰਮੁੱਖ ਸ਼ਾਹੀ ਅਤੇ ਕਾਰੀਗਰੀ ਕੇਂਦਰ ਰਿਹਾ ਹੈ | ਇਹ ਸ਼ਾਹੀ ਕਾਰਖਾਨਿਆਂ ਦੇ ਪ੍ਰਮਾਣਿਤ ਕੇਂਦਰ ਸਨ, ਪਰ ਇਨ੍ਹਾਂ ਸਾਰਿਆਂ ਵਿਚ ਖ਼ਾਸ ਤੌਰ 'ਤੇ ਆਤਿਸ਼ਬਾਜ਼ੀ ਬਣਦੀ ਸੀ | ਆਤਿਸ਼ਬਾਜ਼ੀ ਖੁਸ਼ੀ ਦਾ ਮੁਜ਼ਾਹਰਾ ਹੁੰਦੀ ਸੀ ਜਿਹੜੀ ਕਿ ਖਾਸ ਮੌਕਿਆਂ ਉੱਤੇ ਕੀਤੀ ਜਾਂਦੀ ਸੀ ਜਿਵੇਂ ਦੀਵਾਲੀ, ਸ਼ਾਹੀ ਵਿਆਹ, ਨੌਰੋਜ਼, ਬਾਦਸ਼ਾਹ ਦੇ ਜਨਮ, ਜੰਗੀ ਜਿੱਤਾਂ, ਸ਼ਾਹੀ ਮਹਿਫ਼ਲਾਂ ਆਦਿ | ਭਾਵੇਂ ਇਹ ਰਿਵਾਜ ਇਕੋ ਜਿਹੇ ਤਰੀਕੇ ਨਾਲ ਨਹੀਂ ਚਲਦਾ ਰਿਹਾ ਪਰ ਇਹ ਇਕ ਜਸ਼ਨ ਦਾ ਰੂਪ ਸੀ |

ਪੰਜਾਬ ਵਿਚ ਆਤਿਸ਼ਬਾਜ਼ੀ ਦੀ ਸ਼ੁਰੂਆਤ ਮਹਾਰਾਜਾ ਰਣਜੀਤ ਸਿੰਘ ਨੇ ਨਹੀਂ ਕੀਤੀ | ਇਹ ਰਿਵਾਜ ਤਾਂ ਉਸ ਦੇ ਸਮੇਂ ਤੋਂ ਕਈ ਸਦੀਆਂ ਪਹਿਲਾਂ ਭਾਰਤੀ ਉਪਮਹਾਂਦੀਪ ਵਿਚ ਪਹੁੰਚ ਚੁੱਕਾ ਸੀ | ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਰਾਜ ਸਮੇਂ ਪੰਜਾਬ ਵਿਚ ਆਤਿਸ਼ਬਾਜ਼ੀ ਤਿਉਹਾਰਾਂ, ਸ਼ਾਹੀ ਜਸ਼ਨਾਂ ਅਤੇ ਖ਼ਾਸ ਸਮਾਗਮਾਂ ਦਾ ਇਕ ਹਿੱਸਾ ਸੀ ਕਿਉਂਕਿ ਮੁਗ਼ਲ ਕਾਲ ਦੌਰਾਨ ਬਾਜ਼ੀ ਦੀ ਵਰਤੋਂ ਸ਼ਾਹੀ ਵਿਆਹਾਂ, ਜਿੱਤ ਦੇ ਜਸ਼ਨਾਂ, ਤਿਉਹਾਰਾਂ ਅਤੇ ਦਰਬਾਰੀ ਮਨੋਰੰਜਨ ਲਈ ਹੁੰਦੀ ਰਹੀ ਹੈ ਜਿਸ ਦੇ ਪ੍ਰਭਾਵ ਨੂੰ  ਅਣਗੌਲਿਆਂ ਨਹੀਂ ਕੀਤਾ ਜਾ ਸਕਦਾ | ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਵਿਚ ਵੀ ਆਤਿਸ਼ਬਾਜ਼ੀ ਦਾ ਸਬੰਧ ਖ਼ਾਸ ਤੌਰ 'ਤੇ ਇਨ੍ਹਾਂ ਮੌਕਿਆਂ ਨਾਲ ਹੀ ਸੀ | ਇਸ ਤਰ੍ਹਾਂ ਇਹ ਇਕ ਸ਼ਾਹੀ ਰੁਝਾਨ ਸੀ ਜਿਸ ਦਾ ਕਿਸੇ ਧਰਮ, ਜਾਤ ਜਾਂ ਫਿਰਕੇ ਨਾਲ ਕੋਈ ਵਿਸ਼ੇਸ਼ ਸੰਬੰਧ ਨਹੀਂ ਸੀ | 
ਇਹ ਆਤਿਸ਼ਬਾਜ਼ੀ ਲਾਹੌਰ, ਸਿਆਲਕੋਟ ਅਤੇ ਅੰਮਿ੍ਤਸਰ ਵਿਚ ਬਣਦੀ ਸੀ ਪਰ ਉਸ ਸਮੇਂ ਅੱਜ ਵਾਂਗ ਇਹ ਵੱਡੀਆਂ ਆਧੁਨਿਕ ਫੈਕਟਰੀਆਂ ਵਿਚ ਨਹੀਂ ਬਣਦੀ ਸੀ | ਇਹ ਰਵਾਇਤੀ ਕਾਰੀਗਰਾਂ ਦੀ ਹੱਥੀਂ ਤਿਆਰ ਕੀਤੀ ਜਾਣ ਵਾਲੀ ਕਲਾ ਸੀ | ਉਸ ਸਮੇਂ ਫੁੱਲਝੜੀਆਂ, ਅਨਾਰ ਵਰਗੇ ਰੌਸ਼ਨੀ ਵਾਲੇ ਨਜ਼ਾਰੇ, ਹਵਾਈ ਆਤਿਸ਼ਬਾਜ਼ੀ ਅਤੇ ਰੰਗੀਨ ਚੰਗਿਆੜੀਆਂ ਵਾਲੇ ਪ੍ਰਦਰਸ਼ਨ ਜਾਣੇ ਜਾਂਦੇ ਸਨ | 
 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਸੰਨ 1849 ਵਿਚ ਪੰਜਾਬ ਉੱਤੇ ਕਬਜ਼ਾ ਕਰ ਲਿਆ | ਇਸ ਤੋਂ ਬਾਅਦ ਵੀ ਪੰਜਾਬ ਵਿਚ ਆਤਿਸ਼ਬਾਜ਼ੀ ਦਾ ਰਿਵਾਜ ਜਾਰੀ ਰਿਹਾ ਪਰ ਇਸ ਦੇ ਰੂਪ ਅਤੇ ਵਰਤੋਂ ਵਿਚ ਤਬਦੀਲੀ ਜ਼ਰੂਰ ਆਈ | ਪੰਜਾਬ ਵਿਚ ਅੰਗਰੇਜ਼ਾਂ ਦੇ ਰਾਜ ਵਿਚ (1849-1947) ਧਾਰਮਿਕ ਤਿਉਹਾਰ ਜਿਵੇਂ ਦੀਵਾਲੀ ਅਤੇ ਬੰਦੀ ਛੋੜ ਦਿਵਸ ਵਰਗੇ ਮੌਕਿਆਂ ਉੱਤੇ ਦੀਵੇ, ਰੌਸ਼ਨੀਆਂ ਅਤੇ ਆਤਿਸ਼ਬਾਜ਼ੀ ਦੀ ਵਰਤੋਂ ਜਾਰੀ ਰਹੀ | ਰਿਆਸਤੀ ਸਮਾਗਮ ਤਕਰੀਬਨ ਓਵੇਂ ਹੀ ਬਰਕਰਾਰ ਰਹੇ | ਪਟਿਆਲਾ, ਨਾਭਾ, ਕਪੂਰਥਲਾ ਅਤੇ ਫ਼ਰੀਦਕੋਟ ਵਰਗੀਆਂ ਰਿਆਸਤਾਂ ਵਿਚ ਸ਼ਾਹੀ ਵਿਆਹਾਂ, ਰਾਜਸੀ ਜਸ਼ਨਾਂ ਅਤੇ ਖ਼ਾਸ ਮਹਿਮਾਨਾਂ ਦੇ ਸਵਾਗਤ ਲਈ ਆਤਿਸ਼ਬਾਜ਼ੀ ਹੁੰਦੀ ਸੀ | ਇਸ ਤੋਂ ਇਲਾਵਾ ਬਰਤਾਨਵੀ ਬਾਦਸ਼ਾਹਾਂ ਦੀ ਤਾਜਪੋਸ਼ੀ, ਜੁਬਲੀਆਂ ਅਤੇ ਹੋਰ ਸਰਕਾਰੀ ਸਮਾਗਮਾਂ ਮੌਕੇ ਰੌਸ਼ਨੀ ਦੇ ਪ੍ਰਬੰਧ ਹੁੰਦੇ ਸਨ | ਕੁਝ ਥਾਵਾਂ ਉੱਤੇ ਆਤਿਸ਼ਬਾਜ਼ੀ ਵੀ ਇਨ੍ਹਾਂ ਜਸ਼ਨਾਂ ਦਾ ਹਿੱਸਾ ਹੁੰਦੀ ਸੀ | ਸ਼ਹਿਰੀ ਮੇਲਿਆਂ ਵਿਚ ਇਸ ਦਾ ਚਲਨ ਜਾਰੀ ਰਿਹਾ | ਲਾਹੌਰ, ਅੰਮਿ੍ਤਸਰ ਅਤੇ ਹੋਰ ਸ਼ਹਿਰਾਂ ਵਿਚ ਆਤਿਸ਼ਬਾਜ਼ੀ ਧਾਰਮਿਕ ਅਤੇ ਮਨੋਰੰਜਨ ਵਾਲੇ ਸਮਾਗਮਾਂ ਨਾਲ ਜੁੜੀ ਰਹੀ | 
ਵਕਤ ਗੁਜ਼ਰਨ ਨਾਲ ਆਤਿਸ਼ਬਾਜ਼ੀ ਦੇ ਸਮਾਨ ਵਿਚ ਤਬਦੀਲੀ ਜ਼ਰੂਰ ਆਈ | ਉੱਨ੍ਹੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿਚ ਵਪਾਰ ਅਤੇ ਉਦਯੋਗ ਦੇ ਵਿਕਾਸ ਨਾਲ ਆਤਿਸ਼ਬਾਜ਼ੀ ਦੇ ਬਣੇ-ਬਣਾਏ ਸਾਮਾਨ ਦੀ ਉਪਲਬੱਧਤਾ ਵਧੀ | ਫੁਲਝੜੀਆਂ, ਅਨਾਰ, ਚੱਕਰੀਆਂ ਅਤੇ ਹਵਾਈ ਆਤਿਸ਼ਬਾਜ਼ੀ ਵਰਗੇ ਰੂਪ ਪ੍ਰਚੱਲਿਤ ਰਹੇ | ਹਾਲਾਂਕਿ ਪੰਜਾਬ ਵਿਚ ਇਸ ਕਿਸਮ ਦੀ ਆਤਿਸ਼ਬਾਜ਼ੀ ਕਦੋਂ ਆਮ ਹੋਈ, ਇਸ ਸਬੰਧੀ ਕੋਈ ਸਹੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਅਜਿਹੀਆਂ ਕਾਰਗੁਜ਼ਾਰੀਆਂ ਦਾ ਸਮਾਜ ਉੱਤੇ ਪ੍ਰਭਾਵ ਪੈਣਾ ਕੁਦਰਤੀ ਸੀ | ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਆਤਿਸ਼ਬਾਜ਼ੀ ਸ਼ਾਹੀ ਸ਼ਾਨੋ-ਸ਼ੌਕਤ ਅਤੇ ਤਿਉਹਾਰਾਂ ਨਾਲ ਜੁੜੀ ਹੋਈ ਸੀ | ਅੰਗਰੇਜ਼ੀ ਦੌਰ ਵਿਚ ਇਹ ਰਿਆਸਤਾਂ ਦੇ ਨਾਲ-ਨਾਲ ਸ਼ਹਿਰੀ ਜਨਤਕ ਜਸ਼ਨਾਂ ਅਤੇ ਬਾਜ਼ਾਰੀ ਸੱਭਿਆਚਾਰ ਦਾ ਵੀ ਹਿੱਸਾ ਬਣੀ ਰਹੀ | ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਆਤਿਸ਼ਬਾਜ਼ੀ ਦੀ ਪਰੰਪਰਾ ਅੰਗਰੇਜ਼ਾਂ ਤੋਂ ਪਹਿਲਾਂ ਹੀ ਇਥੇ ਪ੍ਰਚੱਲਤ ਸੀ | 
 ਸੰਨ 1947 ਤੋਂ ਬਾਅਦ ਆਤਿਸ਼ਬਾਜ਼ੀ ਦਾ ਪ੍ਰਚਲਣ ਹੌਲੀ-ਹੌਲੀ ਵਧਦਾ ਗਿਆ | ਪਹਿਲਾਂ ਆਤਿਸ਼ਬਾਜ਼ੀ ਮੁੱਖ ਤੌਰ 'ਤੇ ਦੀਵਾਲੀ, ਵਿਆਹਾਂ, ਧਾਰਮਿਕ ਤਿਉਹਾਰਾਂ ਅਤੇ ਖ਼ਾਸ ਖ਼ੁਸ਼ੀ ਦੇ ਮੌਕਿਆਂ 'ਤੇ ਕੀਤੀ ਜਾਂਦੀ ਸੀ ਅਤੇ ਉਸ ਸਮੇਂ ਆਤਿਸ਼ਬਾਜ਼ੀ ਸੀਮਤ ਪੱਧਰ 'ਤੇ ਹੁੰਦੀ ਸੀ ਅਤੇ ਸਾਧਾਰਨ ਪਟਾਕੇ, ਫੁਲਝੜੀਆਂ ਤੇ ਅਨਾਰ ਆਦਿ ਵਧੇਰੇ ਪ੍ਰਚਲਿਤ ਸਨ | ਪਰ ਇਸ ਵਿਚ ਮੁੱਖ ਸਿਫ਼ਤੀ ਤਬਦੀਲੀ 1980 ਦੇ ਦਹਾਕੇ ਤੋਂ ਸ਼ੁਰੂ ਹੋਈ ਅਤੇ 1990 ਦੇ ਦਹਾਕੇ ਵਿਚ ਹੋਰ ਤੇਜ਼ ਹੋ ਗਈ | ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿਚ ਇਸ ਦਾ ਇਕ ਉਦਯੋਗ ਵਜੋਂ ਉਭਾਰਨਾ ਸ਼ਾਮਿਲ ਹੈ | ਤਾਮਿਲਨਾਡੂ ਦੇ ਸ਼ਿਵਾਕਾਸ਼ੀ ਵਿਚ ਆਤਿਸ਼ਬਾਜ਼ੀ ਬਣਾਉਣ ਵਾਲੇ ਕਾਰਖ਼ਾਨਿਆਂ ਦਾ ਤੇਜ਼ੀ ਨਾਲ ਵਿਕਾਸ ਹੋਇਆ | ਇਸ ਤੋਂ ਇਲਾਵਾ ਨਵੀਂ ਤਕਨੀਕ ਦੀ ਵਰਤੋਂ ਵਿਚ ਤੇਜ਼ੀ ਆਈ ਅਤੇ ਸਾਧਾਰਨ ਪਟਾਕਿਆਂ ਦੀ ਥਾਂ ਰੰਗ-ਬਿਰੰਗੀ ਰੌਸ਼ਨੀ ਅਤੇ ਵੱਖ-ਵੱਖ ਪ੍ਰਭਾਵ ਪੈਦਾ ਕਰਨ ਵਾਲੀ ਆਤਿਸ਼ਬਾਜ਼ੀ ਪ੍ਰਚੱਲਿਤ ਹੋਈ | ਮੱਧ ਵਰਗ ਨੂੰ  ਖਪਤੀ ਅਤੇ ਦਿਖਾਵੇ ਵਾਲਾ ਸਭਿਆਚਾਰ ਪਰੋਸਿਆ ਗਿਆ | ਵਪਾਰੀਕਰਨ ਵਧਣ ਕਾਰਨ ਇਹ ਧਾਰਮਿਕ ਤਿਉਹਾਰਾਂ ਤੋਂ ਇਲਾਵਾ ਵਿਆਹਾਂ, ਖੇਡਾਂ ਦੀਆਂ ਜਿੱਤਾਂ ਅਤੇ ਹੋਰ ਸਮਾਗਮਾਂ ਦਾ ਵੀ ਹਿੱਸਾ ਬਣ ਗਈ | 
 ਭਾਰਤ ਦੀ ਸ਼ਿਵਾਕਾਸੀ ਵਿਚ ਭਾਰਤ ਦੀ ਲਗਭਗ 90 ਫ਼ੀਸਦੀ ਆਤਿਸ਼ਬਾਜ਼ੀ ਬਣਦੀ ਹੈ | ਇਸ ਉਦਯੋਗ ਦਾ ਅਨੁਮਾਨਿਤ ਸਾਲਾਨਾ ਕਾਰੋਬਾਰ ਲਗਭਗ 7,000 ਕਰੋੜ ਰੁਪਏ ਹੈ | ਇਸ ਕਾਰੋਬਾਰ ਨੂੰ  ਦੋ ਹਿੱਸਿਆਂ ਵਿਚ ਸਮਝਣਾ ਜ਼ਰੂਰੀ ਹੈ | (1) ਨਿਰਮਾਣ : ਜਿੱਥੇ ਪਟਾਕੇ ਬਣਾਏ ਜਾਂਦੇ ਹਨ ਅਤੇ (2) ਥੋਕ ਵਪਾਰ: ਜਿੱਥੇ ਵੱਖ-ਵੱਖ ਨਿਰਮਾਤਾਵਾਂ ਤੋਂ ਆਏ ਪਟਾਕਿਆਂ ਦੀ ਵੱਡੇ ਪੱਧਰ 'ਤੇ ਖਰੀਦ-ਵਿਕਰੀ ਹੁੰਦੀ ਹੈ | ਸ਼ਿਵਾਕਾਸ਼ੀ ਤੋਂ ਇਲਾਵਾ ਪੱਛਮੀ ਬੰਗਾਲ ਵਿਚ ਚੰਪਾਹਾਟੀ, ਨੁੰਗੀ, ਬਾਰੂਈਪੁਰ, ਮਹੇਸ਼ਤਲਾ, ਹੁਗਲੀ, ਹਾਵੜਾ, ਏਗਰਾ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਸ਼ਾਮਲੀ ਵਿਚ ਵੀ ਆਤਿਸ਼ਬਾਜ਼ੀ ਬਣਦੀ ਹੈ | ਮਹਾਰਾਸ਼ਟਰ ਵਿਚ ਮੁੰਬਈ ਅਤੇ ਹੋਰ ਸ਼ਹਿਰਾਂ ਵਿਚ ਇਸ ਦਾ ਵੱਡਾ ਵਿਕਰੀ ਬਜ਼ਾਰ ਹੈ | ਅਹਿਮਦਾਬਾਦ, ਸੂਰਤ,  ਜੈਪੁਰ, ਹੈਦਰਾਬਾਦ ਵਰਗੇ ਸ਼ਹਿਰਾਂ ਵਿਚ ਇਸ ਦਾ ਵਪਾਰ ਅਤੇ ਵੰਡ ਹੁੰਦੀ ਹੈ | ਪੰਜਾਬ ਦੇ ਲੁਧਿਆਣਾ, ਜਲੰਧਰ, ਅੰਮਿ੍ਤਸਰ ਸ਼ਹਿਰਾਂ ਵਿਚ ਇਸ ਦਾ ਮੁੱਖ ਤੌਰ 'ਤੇ ਮੌਸਮੀ ਵਪਾਰ ਹੁੰਦਾ ਹੈ | ਕੁੱਲ ਮਿਲਾ ਕੇ ਇਹ ਉਦਯੋਗ ਹੁਣ ਵਿਰਾਟ ਰੂਪ ਧਾਰਨ ਕਰ ਚੁੱਕਾ ਹੈ | 

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਵਿਲੱਖਣ ਪੌਦਾ ਪੱਥਰ ਚੱਟ ਅਗਲੀ ਖ਼ਬਰ 31 ਅਕਤੂਬਰ ਨੂੰ 100ਵੇਂ ਜਨਮ ਦਿਨ 'ਤੇ ਵਿਸ਼ੇਸ਼ ਫਾਈਬਰ ਆਪਟਿਕਸ ਦੇ ਪਿਤਾਮਾ : ਡਾ. ਨਰਿੰਦਰ ਸਿੰਘ ਕਪਾਨੀ
Ad Position 24