25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਭਾਰਤ ਲਈ ਖ਼ਿਤਾਬ ਜਿੱਤਣ ਦਾ ਇਕ ਹੋਰ ਮੌਕਾ

ਏਸ਼ੀਅਨ ਚੈਂਪੀਅਨਜ਼ ਟਰਾਫ਼ੀ-2026 ਭਾਰਤ ਲਈ ਖ਼ਿਤਾਬ ਜਿੱਤਣ ਦਾ ਇਕ ਹੋਰ ਮੌਕਾ

Ad Position 21
No active advertisement
ਅਜੀਤ ਡੈਸਕ 25-10-2026

ਪੰਜਾਬ ਦੀ ਮਿੱਟੀ ਨੇ ਹਮੇਸ਼ਾ ਹਾਕੀ ਦੇ ਅਜਿਹੇ ਹੀਰੇ ਪੈਦਾ ਕੀਤੇ ਹਨ, ਜਿਨ੍ਹਾਂ ਨੇ ਆਪਣੀ ਮਿਹਨਤ, ਲਗਨ ਅਤੇ ਖੇਡ ਕੌਸ਼ਲ ਨਾਲ ਕੌਮਾਂਤਰੀ ਮੰਚ 'ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ | ਇਸੇ ਧਰਤੀ 'ਤੇ ਹੁਣ ਏਸ਼ੀਆ ਦੀਆਂ ਪ੍ਰਮੁੱਖ ਹਾਕੀ ਟੀਮਾਂ ਦਾ ਮਹਾਕੁੰਭ ਸਜਣ ਜਾ ਰਿਹਾ ਹੈ | 27 ਅਕਤੂਬਰ ਤੋਂ 5 ਨਵੰਬਰ ਤੱਕ ਹੋਣ ਵਾਲੀ ਹੀਰੋ ਪੁਰਸ਼ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਪੰਜਾਬ ਲਈ ਸਿਰਫ਼ ਇਕ ਅੰਤਰਰਾਸ਼ਟਰੀ ਖੇਡ ਮੁਕਾਬਲਾ ਨਹੀਂ, ਸਗੋਂ ਆਪਣੀ ਅਮੀਰ ਹਾਕੀ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਅਤੇ ਪੰਜਾਬ ਨੂੰ ਵਿਸ਼ਵ ਹਾਕੀ ਦੇ ਨਕਸ਼ੇ 'ਤੇ ਹੋਰ ਮਜ਼ਬੂਤੀ ਨਾਲ ਸਥਾਪਿਤ ਕਰਨ ਦਾ ਸੁਨਹਿਰੀ ਮੌਕਾ ਹੈ | ਹੁਣ ਜਲੰਧਰ ਅਤੇ ਮੋਹਾਲੀ ਵਿਚ ਹੋਣ ਵਾਲੇ ਮੁਕਾਬਲੇ ਉਸੇ ਵਿਰਾਸਤ ਨੂੰ ਇਕ ਵਾਰ ਫਿਰ ਕੌਮਾਂਤਰੀ ਪੱਧਰ 'ਤੇ ਉਭਾਰਨ ਦਾ ਮੌਕਾ ਦੇਣਗੇ |

 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਜਲੰਧਰ ਦੇ ਉਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਲਈ ਲਗਭਗ 14 ਕਰੋੜ ਅਤੇ ਮੋਹਾਲੀ ਦੇ ਉਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਲਈ 8.96 ਕਰੋੜ ਦੇ ਖ਼ਰਚੇ ਦੀ ਯੋਜਨਾ ਦੱਸੀ ਗਈ ਹੈ | ਕੌਮਾਂਤਰੀ ਮੁਕਾਬਲਿਆਂ ਲਈ ਸਟੇਡੀਅਮਾਂ ਨੂੰ ਤਿਆਰ ਕਰਨਾ ਸਿਰਫ਼ ਮੌਜੂਦਾ ਟੂਰਨਾਮੈਂਟ ਦੀ ਲੋੜ ਨਹੀਂ, ਸਗੋਂ ਭਵਿੱਖ ਦੇ ਖਿਡਾਰੀਆਂ ਲਈ ਬਿਹਤਰ ਖੇਡ ਮਾਹੌਲ ਤਿਆਰ ਕਰਨ ਦਾ ਮੌਕਾ ਵੀ ਹੈ | ਇਸ ਨਿਵੇਸ਼ ਦੀ ਅਸਲ ਕਾਮਯਾਬੀ ਉਦੋਂ ਸਾਹਮਣੇ ਆਵੇਗੀ, ਜਦੋਂ ਇਨ੍ਹਾਂ ਸਹੂਲਤਾਂ ਦੀ ਵਰਤੋਂ ਆਉਣ ਵਾਲੇ ਸਾਲਾਂ ਵਿਚ ਵੀ ਖਿਡਾਰੀਆਂ ਦੀ ਸਿਖਲਾਈ, ਘਰੇਲੂ ਮੁਕਾਬਲਿਆਂ ਅਤੇ ਨਵੀਂ ਪ੍ਰਤਿਭਾ ਨੂੰ ਨਿਖਾਰਨ ਲਈ ਕੀਤੀ ਜਾਵੇਗੀ | 
ਜਲੰਧਰ ਤੋਂ ਮੋਹਾਲੀ ਤੱਕ ਹਾਕੀ ਦਾ ਰੋਮਾਂਚ-ਟੂਰਨਾਮੈਂਟ ਦੇ ਲੀਗ ਮੁਕਾਬਲੇ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਵਿਚ ਹੋਣਗੇ, ਜਦਕਿ 4 ਨਵੰਬਰ ਨੂੰ ਸੈਮੀਫਾਈਨਲ ਅਤੇ 5 ਨਵੰਬਰ ਨੂੰ ਕਾਂਸੀ ਤੇ ਸੋਨੇ ਦੇ ਤਗ਼ਮੇ ਲਈ ਮੁਕਾਬਲੇ ਮੋਹਾਲੀ ਵਿਚ ਖੇਡੇ ਜਾਣਗੇ | ਭਾਰਤ, ਚੀਨ, ਜਾਪਾਨ, ਕੋਰੀਆ, ਮਲੇਸ਼ੀਆ ਅਤੇ ਬੰਗਲਾਦੇਸ਼ ਦੀਆਂ ਟੀਮਾਂ ਇਸ ਵੱਕਾਰੀ ਖ਼ਿਤਾਬ ਲਈ ਮੈਦਾਨ ਵਿਚ ਉਤਰਨਗੀਆਂ | 
ਜਲੰਧਰ ਦੀ ਹਾਕੀ ਨਾਲ ਸਾਂਝ ਦਹਾਕਿਆਂ ਪੁਰਾਣੀ ਹੈ | ਇਹ ਸ਼ਹਿਰ ਹਾਕੀ ਖਿਡਾਰੀਆਂ, ਖੇਡ ਸਮਾਨ ਦੇ ਉਦਯੋਗ ਅਤੇ ਹਾਕੀ ਪ੍ਰਤੀ ਲੋਕਾਂ ਦੇ ਜਨੂੰਨ ਕਰਕੇ ਵਿਸ਼ੇਸ਼ ਪਛਾਣ ਰੱਖਦਾ ਹੈ | ਮੋਹਾਲੀ ਵਿਚ ਹੋਣ ਵਾਲੇ ਆਖ਼ਰੀ ਮੁਕਾਬਲੇ ਇਸ ਖੇਡ ਮਹਾਕੁੰਭ ਨੂੰ ਰੋਮਾਂਚਕ ਅੰਜਾਮ ਤੱਕ ਲੈ ਕੇ ਜਾਣਗੇ | ਦੋਵਾਂ ਸ਼ਹਿਰਾਂ ਵਿਚ ਹੋਣ ਵਾਲੇ ਮੁਕਾਬਲੇ ਪੰਜਾਬ ਦੇ ਖੇਡ ਪ੍ਰੇਮੀਆਂ ਨੂੰ ਵਿਸ਼ਵ ਪੱਧਰ ਦੀ ਹਾਕੀ ਆਪਣੇ ਨੇੜੇ ਦੇਖਣ ਦਾ ਮੌਕਾ ਦੇਣਗੇ | ਇਹ ਵੀ ਉਮੀਦ ਹੈ ਕਿ ਸਟੇਡੀਅਮਾਂ ਵਿਚ ਗੂੰਜਦੇ ਨਾਅਰੇ ਅਤੇ ਖਿਡਾਰੀਆਂ ਦਾ ਜੋਸ਼ ਨੌਜਵਾਨਾਂ ਨੂੰ ਖੇਡ ਮੈਦਾਨਾਂ ਵੱਲ ਖਿੱਚਣ ਵਿਚ ਮਦਦਗਾਰ ਸਾਬਤ ਹੋਵੇਗਾ | 
ਪੰਜਾਬੀ ਖਿਡਾਰੀ….ਭਾਰਤੀ ਹਾਕੀ ਦੀ ਤਾਕਤ-ਭਾਰਤੀ ਹਾਕੀ ਦੀ ਸਫ਼ਲਤਾ ਵਿਚ ਪੰਜਾਬ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਰਿਹਾ ਹੈ | ਪੰਜਾਬ ਨੇ ਦੇਸ਼ ਨੂੰ ਅਨੇਕਾਂ ਉਲੰਪੀਅਨ, ਕਪਤਾਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ  | ਸੰਸਾਰਪੁਰ , ਮਿੱਠਾਪੁਰ, ਖੁਸਰੋਪੁਰ, ਵਰਗੇ ਪਿੰਡਾਂ ਤੋਂ ਲੈ ਕੇ ਜਲੰਧਰ, ਅੰਮਿ੍ਤਸਰ ਅਤੇ ਮਾਲਵੇ ਦੇ ਇਲਾਕਿਆਂ ਤੱਕ ਹਾਕੀ ਦੀ ਪਰੰਪਰਾ ਪੀੜ੍ਹੀ-ਦਰ-ਪੀੜ੍ਹੀ ਅੱਗੇ ਵਧਦੀ ਰਹੀ ਹੈ | ਭਾਰਤੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਪੈਨਲਟੀ ਕਾਰਨਰ ਵਿਚ ਮੁਹਾਰਤ ਅਤੇ ਮਨਪ੍ਰੀਤ ਸਿੰਘ ਵਰਗੇ ਤਜਰਬੇਕਾਰ ਖਿਡਾਰੀਆਂ ਦੀ ਖੇਡ ਭਾਰਤੀ ਹਾਕੀ ਦੀ ਤਾਕਤ ਨੂੰ ਦਰਸਾਉਂਦੀ ਹੈ | ਪੰਜਾਬ ਨਾਲ ਸਬੰਧਤ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਚੰਗੇ ਪ੍ਰਦਰਸ਼ਨ ਨਾਲ ਦੇਸ਼ ਦਾ ਮਾਣ ਵਧਾਇਆ ਹੈ | 
ਭਾਰਤੀ ਟੀਮ ਦੀਆਂ ਨਜ਼ਰਾਂ ਨਵੇਂ ਖ਼ਿਤਾਬ 'ਤੇ-ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ-2020 ਅਤੇ ਪੈਰਿਸ-2024 ਉਲੰਪਿਕ ਖੇਡਾਂ ਵਿਚ ਕਾਂਸੀ ਦੇ ਤਗ਼ਮੇ ਜਿੱਤ ਕੇ ਦੇਸ਼ ਨੂੰ ਮਾਣ ਦਿਵਾਇਆ | ਏਸ਼ੀਅਨ ਚੈਂਪੀਅਨਜ਼ ਟਰਾਫੀ ਵਿਚ ਵੀ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ | ਭਾਰਤ ਨੇ 2011, 2016, 2023 ਅਤੇ 2024 ਵਿਚ ਖ਼ਿਤਾਬ ਜਿੱਤੇ, ਜਦਕਿ 2018 ਵਿਚ ਪਾਕਿਸਤਾਨ ਨਾਲ ਸਾਂਝੇ ਤੌਰ 'ਤੇ ਜੇਤੂ ਰਿਹਾ | ਇਸ ਤਰ੍ਹਾਂ ਭਾਰਤ ਪੰਜ ਵਾਰ ਇਸ ਟਰਾਫੀ ਦਾ ਜੇਤੂ ਰਹਿ ਚੁੱਕਾ ਹੈ | ਹੁਣ ਆਪਣੇ ਦੇਸ਼ ਅਤੇ ਪੰਜਾਬ ਦੀ ਧਰਤੀ 'ਤੇ ਖੇਡਦਿਆਂ ਭਾਰਤੀ ਟੀਮ ਕੋਲ ਇਕ ਹੋਰ ਖ਼ਿਤਾਬ ਜਿੱਤਣ ਦਾ ਮੌਕਾ ਹੋਵੇਗਾ | ਹਾਲਾਂਕਿ, ਹਰ ਮੁਕਾਬਲੇ ਵਿਚ ਵਿਰੋਧੀ ਟੀਮਾਂ ਦੀ ਤਿਆਰੀ ਅਤੇ ਮੈਦਾਨ 'ਤੇ ਖਿਡਾਰੀਆਂ ਦਾ ਪ੍ਰਦਰਸ਼ਨ ਹੀ ਅੰਤਿਮ ਨਤੀਜਾ ਤੈਅ ਕਰੇਗਾ | ਭਾਰਤ ਦੀ ਸਫ਼ਲਤਾ ਲਈ ਮਜ਼ਬੂਤ ਰੱਖਿਆ, ਤੇਜ਼ ਹਮਲੇ, ਪੈਨਲਟੀ ਕਾਰਨਰਾਂ ਦੀ ਸਹੀ ਵਰਤੋਂ ਅਤੇ ਟੀਮ ਦੇ ਸਾਂਝੇ ਯਤਨ ਅਹਿਮ ਰਹਿਣਗੇ | ਪੰਜਾਬ ਦੇ ਦਰਸ਼ਕਾਂ ਦਾ ਉਤਸ਼ਾਹ ਖਿਡਾਰੀਆਂ ਦਾ ਹੌਸਲਾ ਵਧਾ ਸਕਦਾ ਹੈ, ਪਰ ਮੈਦਾਨ ਵਿਚ ਜਿੱਤ ਮਿਹਨਤ, ਅਨੁਸ਼ਾਸਨ ਅਤੇ ਰਣਨੀਤੀ ਨਾਲ ਹੀ ਹਾਸਲ ਹੋਵੇਗੀ | 
ਏਸ਼ੀਅਨ ਚੈਂਪੀਅਨਜ਼ ਟਰਾਫੀ ਦੌਰਾਨ ਜੇਕਰ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀ ਆਪਣੇ ਮਨਪਸੰਦ ਖਿਡਾਰੀਆਂ ਨੂੰ ਖੇਡਦਿਆਂ ਦੇਖਣਗੇ, ਤਾਂ ਉਨ੍ਹਾਂ ਵਿਚ ਵੀ ਹਾਕੀ ਪ੍ਰਤੀ ਨਵਾਂ ਉਤਸ਼ਾਹ ਪੈਦਾ ਹੋ ਸਕਦਾ ਹੈ | ਇਸ ਪ੍ਰੇਰਨਾ ਨੂੰ ਸਥਾਈ ਬਣਾਉਣ ਲਈ ਪਿੰਡਾਂ ਵਿਚ ਖੇਡ ਮੈਦਾਨਾਂ ਦੀ ਸੰਭਾਲ, ਸਿਖਲਾਈ ਪ੍ਰਾਪਤ ਕੋਚਾਂ ਦੀ ਉਪਲਬਧਤਾ ਅਤੇ ਨੌਜਵਾਨਾਂ ਲਈ ਨਿਯਮਤ ਮੁਕਾਬਲੇ ਕਰਵਾਉਣੇ ਜ਼ਰੂਰੀ ਹਨ | ਕਿਸੇ ਵੀ ਖੇਡ ਦੀ ਅਸਲ ਜਿੱਤ ਸਿਰਫ਼ ਤਗ਼ਮਿਆਂ ਦੀ ਗਿਣਤੀ ਨਹੀਂ ਹੁੰਦੀ.ਅਸਲ ਜਿੱਤ ਉਦੋਂ ਹੁੰਦੀ ਹੈ ਜਦੋਂ ਨਵੀਂ ਪੀੜ੍ਹੀ ਮੈਦਾਨਾਂ ਵੱਲ ਮੁੜਦੀ ਹੈ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੀ ਹੈ | ਜਦੋਂ 27 ਅਕਤੂਬਰ ਨੂੰ ਜਲੰਧਰ ਵਿਚ ਮੁਕਾਬਲਿਆਂ ਦਾ ਆਗਾਜ਼ ਹੋਵੇਗਾ, ਤਾਂ ਪੰਜਾਬ ਦੀ ਖੇਡ ਵਿਰਾਸਤ ਇਕ ਵਾਰ ਫਿਰ ਕੌਮਾਂਤਰੀ ਮੰਚ 'ਤੇ ਚਮਕੇਗੀ | 5 ਨਵੰਬਰ ਨੂੰ ਮੋਹਾਲੀ ਵਿਚ ਹੋਣ ਵਾਲਾ ਫਾਈਨਲ ਖ਼ਿਤਾਬ ਦੇ ਜੇਤੂ ਦਾ ਫ਼ੈਸਲਾ ਕਰੇਗਾ, ਪਰ ਇਸ ਟੂਰਨਾਮੈਂਟ ਦੀ ਅਸਲ ਵਿਰਾਸਤ ਉਹ ਨਵੇਂ ਸੁਪਨੇ ਹੋਣਗੇ ਜੋ ਪੰਜਾਬ ਦੇ ਨੌਜਵਾਨਾਂ ਦੀਆਂ ਅੱਖਾਂ ਵਿਚ ਜਨਮ ਲੈਣਗੇ | ਜਿਸ ਮਿੱਟੀ ਨੇ ਹਾਕੀ ਦੇ ਹੀਰੇ ਦਿੱਤੇ, ਉਸੇ ਮਿੱਟੀ ਤੋਂ ਹੁਣ ਨਵੇਂ ਸਿਤਾਰੇ ਉੱਭਰਨ-ਇਹੀ ਪੰਜਾਬ ਦੀ ਸਭ ਤੋਂ ਵੱਡੀ ਉਮੀਦ ਹੈ | 

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ 31 ਅਕਤੂਬਰ ਨੂੰ 100ਵੇਂ ਜਨਮ ਦਿਨ 'ਤੇ ਵਿਸ਼ੇਸ਼ ਫਾਈਬਰ ਆਪਟਿਕਸ ਦੇ ਪਿਤਾਮਾ : ਡਾ. ਨਰਿੰਦਰ ਸਿੰਘ ਕਪਾਨੀ ਅਗਲੀ ਖ਼ਬਰ ਸੋਲ੍ਹਵੀਂ ਸਦੀ ਦਾ ਪ੍ਰਸਿੱਧ ਵੀਣਾ ਵਾਦਕ : ਮਿਸਰੀ ਸਿੰਘ
Ad Position 24